
ਚੀਨ ਵਿੱਚ ਕੋਵਿਡ ਕਾਰਨ ਮੌਤਾਂ ਦੀ ਵਧੀ ਗਿਣਤੀ ਤੋਂ ਬਾਅਦ ਲੋਕ ਆਪਣਿਆ ਨੂੰ ਦਫ਼ਨਾਉਣ ਲਈ ਜੱਦੋਜਹਿਦ ਕਰ ਰਹੇ ਹਨ। ਸ਼ਮਸ਼ਾਨਘਾਟਾਂ ਵਿੱਚ ਲੰਬੀਆਂ ਕਤਾਰਾਂ ਹਨ ਤੇ ਉਥੇ ਕੰਮ ਕਰਨ ਵਾਲੇ ਲੋਕ ਅੱਕ ਥੱਕ ਚੁੱਕੇ ਹਨ। ਹਾਲ ਹੀ ਵਿੱਚ ਵੱਡੇ ਪੱਧਰ ’ਤੇ ਵਿਰੋਧ ਹੋਣ ਤੋਂ ਬਾਅਦ ਚੀਨ ਦੀ ਸਰਕਾਰ ਨੇ ‘ਜ਼ੀਰੋ ਕੋਵਿਡ’ ਨੀਤੀ ਦੌਰਾਨ ਲਗਾਈਆਂ ਪਾਬੰਦੀਆਂ ਵਿੱਚ ਕੁਝ ਢਿੱਲ ਦਿੱਤੀ ਸੀ। ਖ਼ਬਰ ਏਜੰਸੀ ਐਸੋਸੀਏਟਿਡ ਪ੍ਰੈਸ ਦੇ ਪੱਤਰਕਾਰ ਡੇਕ ਕੈਂਗ ਚੀਨ ਦੀ ਰਾਜਧਾਨੀ ਦੇ ਡੋਨਗਜੀਓ ਸ਼ਮਸ਼ਾਨ ਘਾਟ ਪਹੁੰਚੇ।
ਇਸ ਸ਼ਮਸ਼ਾਨ ਘਾਟ ਨੂੰ ਕੋਵਿਡ ਕਾਰਨ ਹੋਈਆਂ ਮੌਤਾਂ ਕਾਰਨ ਲੋਕਾਂ ਦੀਆਂ ਲਾਸ਼ਾਂ ਦਫ਼ਨਾਉਣ ਲਈ ਨਿਰਧਾਰਿਤ ਕੀਤਾ ਗਿਆ। ਪਰ ਹੁਣ ਨਿਰਧਾਰਿਤ ਕੀਤੇ ਗਏ ਸ਼ਮਸ਼ਾਨ ਘਾਟਾਂ ਵਿੱਚ ਵੱਡੀ ਗਿਣਤੀ ਵਿੱਚ ਹੋ ਰਹੀਆਂ ਮੌਤਾਂ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧਾਂ ਦੀ ਘਾਟ ਸਾਹਮਣੇ ਆਉਣ ਲੱਗੀ ਹੈ।
ਕੈਂਗ ਅਨੁਸਾਰ “ਕਰੀਬ ਇੱਕ ਦੋ ਦਰਜਨ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਤਾਬੂਤਾਂ ’ਚ ਪਾਈ ਸ਼ਮਸ਼ਾਨ ਘਾਟ ਦੇ ਬਾਹਰ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।” “ਸ਼ਮਸ਼ਾਨ ਘਾਟ ਵਿੱਚ ਨਾਮ ਲਿਖਾ ਦਿੱਤਾ ਜਾਂਦਾ ਹੈ ਤੇ ਫ਼ਿਰ ਵਾਰੀ ਸਿਰ ਆਵਾਜ਼ ਮਾਰੀ ਜਾਂਦੀ ਹੈ।” ਉਹ ਹਾਲਾਤ ਪਤਾ ਕਰਨ ਸ਼ਮਸ਼ਾਨ ਘਾਟ ਨੇੜਲੀਆਂ ਕੁਝ ਦੁਕਾਨਾਂ ’ਤੇ ਗਏ। ਜਿੱਥੇ ਦੁਕਾਨਦਾਰਾਂ ਨੇ ਮਰਨ ਵਾਲੀਆਂ ਦੀ ਵੱਧ ਰਹੀ ਗਿਣਤੀ ਬਾਰੇ ਦਾਅਵਾ ਕਰਦਿਆਂ ਦੱਸਿਆ ਕਿ ਸ਼ਮਸ਼ਾਨ ਘਾਟ ਨੇੜੇ ਟ੍ਰੈਫ਼ਿਕ ਵਿੱਚ ਵਾਧਾ ਹੋ ਰਿਹਾ ਹੈ,ਅੰਦਾਜ਼ਨ ਹਰ ਰੋਜ਼ 50 ਤੋਂ 100 ਲੋਕ ਅੰਤਿਮ ਸੰਸਕਾਰ ਲਈ ਆਉਂਦੇ ਹਨ। ” ਅਜਿਹਾ ਮਹਿਜ਼ ਬੀਜਿੰਗ ਵਿੱਚ ਹੀ ਨਹੀਂ ਜਿੱਥੇ ਵੱਧ ਆਬਾਦੀ ਕਾਰਨ ਸ਼ਮਸ਼ਾਨ ਘਾਟਾਂ ਵਿੱਚ ਕਤਾਰਾਂ ਨਜ਼ਰ ਆ ਰਹੀਆਂ ਹਨ। ਖ਼ਬਰ ਏਜੰਸੀ ਏਐੱਫ਼ਪੀ ਨੇ ਦੇਸ ਦੇ ਉੱਤਰ-ਪੱਛਮੀ ਇਲਾਕਿਆਂ ਤੋਂ ਲੈ ਕੇ ਦੱਖਣ-ਪੂਰਬੀ ਇਲਾਕਿਆਂ ਤੱਕ ਸ਼ਮਸ਼ਾਨ ਘਾਟਾਂ ਵਿੱਚ ਕੰਮ ਕਰਦੇ ਲੋਕਾਂ ਦੇ ਸੰਘਰਸ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਬੀਜਿੰਗ ਤੋਂ ਕਰੀਬ 700 ਕਿਲੋਮੀਟਰ ਉੱਤਰ-ਪੂਰਬ ਵਿੱਚ, ਸ਼ੇਨਯਾਂਗ ਸ਼ਹਿਰ ਵਿੱਚ ਇੱਕ ਕਬਰਿਸਤਾਨ ਦੇ ਇੱਕ ਕਰਮਚਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੰਜ ਪੰਜ ਦਿਨਾਂ ਤੱਕ ਦਫ਼ਨਾਇਆ ਨਹੀਂ ਜਾ ਰਿਹਾ ਸੀ। BBC



















