
ਵਿਜੀਲੈਂਸ ਬਿਊਰੋ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤਇੰਦਰ ਸਿੰਘ ਚਹਿਲ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤਹਿਤ ਡੀਐੱਸਪੀ ਸੱਤਪਾਲ ਸ਼ਰਮਾ ਦੀ ਅਗਵਾਈ ਹੇਠਾਂ ਮੁਹਾਲੀ ਤੋਂ ਵਿਜੀਲੈਂਸ ਦੀ ਇੱਕ ਵਿਸ਼ੇਸ਼ ਟੀਮ ਅੱਜ ਪਟਿਆਲਾ ਪੁੱਜੀ ਜਿਸ ਨੇ ਚਹਿਲ ਦੇ ਜੇਲ੍ਹ ਰੋਡ ’ਤੇ ਮਿਨੀ ਸਕੱਤਰੇਤ ਨੇੜੇ ਸਥਿਤ ‘ਮਾਲ ਗ੍ਰੈਂਡ ਰੀਗਲ’ ਨਾਂ ਦੇ ਸ਼ਾਪਿੰਗ ਕੰਪਲੈਕਸ ਦੀ ਪੈਮਾਇਸ਼ ਕੀਤੀ। ਟੀਮ ਨੇ ਇਸ ਸ਼ਾਪਿੰਗ ਕੰਪਲੈਕਸ ਦੀ ਛੱਤ ’ਤੇ ਪਹੁੰਚ ਕੇ ਬਾਕਾਇਦਾ ਫੀਤੇ ਨਾਲ ਇਮਾਰਤ ਦੀ ਲੰਬਾਈ-ਚੌੜਾਈ ਨਾਪੀ। ਭਾਵੇਂ ਇਸ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲ ਕਰਨ ਤੋਂ ਗੁਰੇਜ਼ ਹੀ ਕੀਤਾ। ਉਂਜ ਚਰਚਾ ਹੈ ਕਿ ਪਿਛਲੇ ਸਮੇਂ ਦੌਰਾਨ ਹੀ ਸ੍ਰੀ ਚਹਿਲ ਖ਼ਿਲਾਫ਼ ਕਿਸੇ ਵੱਲੋਂ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ’ਤੇ ਆਧਾਰਿਤ ਇੱਕ ਸ਼ਿਕਾਇਤ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਸ਼ਿਕਾਇਤ ਨੂੰ ਲੈ ਕੇ ਹੀ ਹੁਣ ਵਿਜੀਲੈਂਸ ਵੱਲੋਂ ਅਜਿਹੀ ਜਾਂਚ ਸ਼ੁਰੂ ਕੀਤੀ ਗਈ ਹੈ। ਉਂਜ ਵਿਜੀਲੈਂਸ ਦੇ ਇੱਕ ਉੱਚ ਅਧਿਕਾਰੀ ਦਾ ਕਹਿਣਾ ਸੀ ਕਿ ਇਸ ਸਬੰਧੀ ਅਜੇ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਨਹੀਂ ਦਰਜ ਹੋਇਆ। ਇੱਕ ਹੋਰ ਜਾਣਕਾਰੀ ਮੁਤਾਬਕ ਵਿਜੀਲੈਂਸ ਦੀ ਟੀਮ ਨੇ ਚਹਿਲ ਪਰਿਵਾਰ ਦੇ ਸਰਹਿੰਦ ਰੋਡ ਸਥਿਤ ‘ਅਲਕਾਜ਼ਾਰ’ ਨਾਂ ਮੈਰਿਜ ਪੈਲੇਸ ਦੀ ਵੀ ਫੇਰੀ ਪਾਈ ਪਰ ਉਥੇ ਤਾਲਾ ਲੱਗਾ ਹੋਣ ਕਰਕੇ ਇੱਕ ਵਾਰ ਟੀਮ ਖਾਲੀ ਹੱਥ ਮੁੜ ਆਈ। ਵਿਜੀਲੈਂਸ ਨੇ ਪਿਛਲੇ ਦਿਨੀਂ ਚਹਿਲ ਦੇ ਸਥਾਨਕ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ‘ਤਵੱਕਲੀ ਮੋੜ’ ਖੇਤਰ ਵਿਚ ਸਥਿਤ ਨਿੱਜੀ ਰਿਹਾਇਸ਼ ’ਤੇ ਵੀ ਫੇਰਾ ਪਾਇਆ ਸੀ।
ਸਾਲ 2007 ’ਚ ਬਣੀ ਬਾਦਲ ਸਰਕਾਰ ਦੌਰਾਨ ਚਹਿਲ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਤਹਿਤ ਕੇਸ ਦਰਜ ਹੋਇਆ ਸੀ। ਉਹ ਕਈ ਦਿਨ ਪੁਲੀਸ ਰਿਮਾਂਡ ’ਤੇ ਵੀ ਰਹੇ ਅਤੇ ਫੇਰ ਜੇਲ੍ਹ ਵੀ ਜਾਣਾ ਪਿਆ। ਪਰ ਅਜਿਹੇ ਦੋਸ਼ ਸਾਬਤ ਨਾ ਹੋਣ ’ਤੇ ਉਹ ਅਦਾਲਤ ਵਿਚੋਂ ਬਰੀ ਹੋ ਗਏ ਸਨ।
ਇਸੇ ਦੌਰਾਨ ਭਰਤਇੰਦਰ ਚਹਿਲ ਕਈ ਦਿਨਾਂ ਤੋਂ ਰੂਪੋਸ਼ ਹਨ। ਉਨ੍ਹਾਂ ਦੇ ਫੋਨ ਵੀ ਬੰਦ ਆ ਰਹੇ ਹਨ। ਉੱਧਰ ਵਿਜੀਲੈਂਸ ਨੂੰ ਖਦਸ਼ਾ ਹੈ ਕਿ ਚਹਿਲ ਆਪਣੇ ਪਰਿਵਾਰ ਸਮੇਤ ਵਿਦੇਸ਼ ਜਾ ਸਕਦੇ ਹਨ। ਉਨ੍ਹਾਂ ਖ਼ਿਲਾਫ਼ ਲੁੱਕ ਆਊਟ ਸਰਕੁਲਰ ਜਾਰੀ ਕੀਤੇ ਜਾਣ ਦੀ ਵੀ ਚਰਚਾ ਹੈ ਪਰ ਇਸ ਸਬੰਧੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ।


















