ਪੰਜਾਬ ਤੋਂ ਫਲਾਈਟਾਂ ਦੇ ਮੁੱਦੇ ਭਾਰਤੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਸੰਸਦ ‘ਚ ਕੀ ਕਿਹਾ


ਰੂਟਾਂ ਦੇ ਵਿਸਥਾਰ ’ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ ਇਹ ਏਅਰਲਾਈਨਜ਼ ’ਤੇ ਨਿਰਭਰ -ਸਿੰਧੀਆ

ਭਾਰਤੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਰਾਜ ਸਭਾ ’ਚ ਕਿਹਾ ਕਿ ਦੇਸ਼ ’ਚ ਹਵਾਈ ਉਡਾਣਾਂ ਦੇ ਵਿਸਥਾਰ ’ਚ ਪੰਜਾਬ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ (33) ਅਤੇ ਚੰਡੀਗੜ੍ਹ (9) ਤੋਂ ਹਰ ਹਫ਼ਤੇ 42 ਕੌਮਾਂਤਰੀ ਉਡਾਣਾਂ ਜਾਂਦੀਆਂ ਹਨ। ਪ੍ਰਸ਼ਨਕਾਲ ਦੌਰਾਨ ਪੂਰਕ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਸਿੰਧੀਆ ਨੇ ਕਿਹਾ ਕਿ ਸ਼ਹਿਰੀ ਹਵਾਬਾਜ਼ੀ ਅਸੰਗਠਤ ਖੇਤਰ ਹੈ ਅਤੇ ਰੂਟਾਂ ਦੇ ਵਿਸਥਾਰ ’ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ ਕਿਉਂਕਿ ਇਹ ਏਅਰਲਾਈਨਜ਼ ’ਤੇ ਨਿਰਭਰ ਹੈ। ਉਨ੍ਹਾਂ ਪਿਛਲੀ ਯੂਪੀਏ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਮੁਲਕ ਨੂੰ ਆਪਣੇ ਹਿੱਤ ਪਹਿਲਾਂ ਦੇਖਣੇ ਪੈਣਗੇ। ਉਨ੍ਹਾਂ ਕੁਝ ਮੈਂਬਰਾਂ ਵੱਲੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਕੋਈ ਕੌਮਾਂਤਰੀ ਹਵਾਈ ਸੰਪਰਕ ਨਾ ਹੋਣ ਦੇ ਲਾਏ ਗਏ ਦੋਸ਼ਾਂ ਨੂੰ ਨਕਾਰ ਦਿੱਤਾ। ਸਿੰਧੀਆ ਨੇ ਕਿਹਾ ਕਿ ਅੰਮ੍ਰਿਤਸਰ ਅਤੇ ਚੰਡੀਗੜ੍ਹ ਸੱਤ ਮੁਲਕਾਂ ਯੂਕੇ, ਕਤਰ, ਦੁਬਈ, ਮਲੇਸ਼ੀਆ, ਸ਼ਾਰਜਾਹ, ਸਿੰਗਾਪੁਰ ਅਤੇ ਇਟਲੀ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਤੋਂ ਹਰ ਹਫ਼ਤੇ ਸਿੰਗਾਪੁਰ, ਦੋਹਾ, ਕੁਆਲਾਲੰਪੁਰ, ਤਿਬਿਲਸੀ ਅਤੇ ਮਿਲਾਨ ਲਈ ਉਡਾਣਾਂ ਜਾਂਦੀਆਂ ਹਨ।

‘ਕੇਂਦਰੀ ਨੀਤੀ ’ਚ ਪੰਜਾਬ ਸ਼ਾਮਲ ਨਾ ਹੋਣ ਕਾਰਨ ਕੌਮਾਂਤਰੀ ਉਡਾਣਾਂ ਨਹੀਂ’
ਪੰਜਾਬ ਸਰਕਾਰ ਦੇ ਪ੍ਰਧਾਨ ਸਕੱਤਰ (ਸ਼ਹਿਰੀ ਹਵਾਬਾਜ਼ੀ) ਰਾਹੁਲ ਭੰਡਾਰੀ ਨੇ ਕਿਹਾ ਕਿ ਸੂਬੇ ਵੱਲੋਂ ਕੇਂਦਰ ਸਰਕਾਰ ਨਾਲ ਚੰਡੀਗੜ੍ਹ ਅਤੇ ਅੰਮ੍ਰਿਤਸਰ ਤੋਂ ਹੋਰ ਵਧੇਰੇ ਕੌਮਾਂਤਰੀ ਉਡਾਣਾਂ ਸ਼ੁਰੂ ਕਰਨ ਦਾ ਨਿਯਮਤ ਆਧਾਰ ’ਤੇ ਮੁੱਦਾ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੋਵੇਂ ਸ਼ਹਿਰ ‘ਓਪਨ ਸਕਾਈ ਪਾਲਿਸੀ’ ’ਚ ਸ਼ਾਮਲ ਨਹੀਂ ਹਨ ਜਿਸ ਕਾਰਨ ਕੌਮਾਂਤਰੀ ਉਡਾਣਾਂ ਸ਼ੁਰੂ ਕਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਹਵਾਈ ਸੇਵਾ ਆਵਾਜਾਈ ਸਮਝੌਤਿਆਂ ਤਹਿਤ ਸਿਰਫ਼ ਛੇ ਮਹਾਨਗਰਾਂ ਨੂੰ ਉਡਾਣਾਂ ਲਈ ਜੋੜਿਆ ਜਾ ਸਕਦਾ ਹੈ। ਇਸ ਆਧਾਰ ’ਤੇ ਅੰਿਮ੍ਰਤਸਰ ਤੇ ਚੰਡੀਗੜ੍ਹ ਦਾ ਨੰਬਰ ਨਹੀਂ ਆਉਂਦਾ। ਉਨ੍ਹਾਂ ਕੈਨੇਡਾ ਅਤੇ ਹੋਰ ਯੂਰੋਪੀਅਨ ਮੁਲਕਾਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਵੀ ਕੀਤੀ।

Total Views: 337 ,
Real Estate