ਕਰੂਰਤਾ ਭਰੇ ਕਤਲਾਂ ਦੀਆਂ ਘਟਨਾਵਾਂ ਵੱਡੀ ਚਿੰਤਾ ਦਾ ਵਿਸ਼ਾ

ਬਲਵਿੰਦਰ ਸਿੰਘ ਭੁੱਲਰ ਮੋਬਾ: 098882 75913
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913

ਬਲਵਿੰਦਰ ਸਿੰਘ ਭੁੱਲਰ
ਦੇਸ਼ ਵਿੱਚ ਵਾਪਰ ਰਹੀਆਂ ਸ਼ਰਮਨਾਕ ਤੇ ਦਿਲਹਿਲਾਊ ਘਟਨਾਵਾਂ ਵਿੱਚ ਹੋ ਰਿਹਾ ਵਾਧਾ ਨਵੀਂ ਵੱਡੀ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਆਪਣੇ ਕਿਸੇ ਵਿਰੋਧੀ ਨੂੰ ਖਤਮ ਕਰਨ ਲਈ ਕਤਲ ਕਰ ਦੇਣ ਦੀਆਂ ਕਾਰਵਾਈਆਂ ਤਾਂ ਸਦੀਆਂ ਤੋਂ ਹੀ ਹੁੰਦੀਆਂ ਆਈਆਂ ਹਨ। ਪਰ ਹੁਣ ਕੁੱਝ ਬੇਰਹਿਮੀ ਤੇ ਕਰੂਰਤਾ ਭਰੀਆਂ ਘਟਨਾਵਾਂ ਵਾਪਰੀਆਂ ਹਨ, ਜਿਹਨਾਂ ਦੇਸ ਵਾਸੀਆਂ ਦਾ ਦਿਲ ਦਹਿਲਾ ਕੇ ਰੱਖ ਦਿੱਤਾ ਹੈ। ਇਹ ਘਟਨਾਵਾਂ ਦੁਸਮਣ ਜਾਂ ਵਿਰੋਧੀ ਨਾਲ ਨਹੀਂ, ਸਗੋਂ ਆਪਣਿਆਂ ਨਾਲ ਹੀ ਵਾਪਰੀਆਂ। ਅੱਜ ਹਰ ਬੁੱਧੀਜੀਵੀ ਤੇ ਸਾਂਤ ਸੁਭਾਅ ਇਨਸਾਨ ਇਹ ਸੋਚਣ ਲਈ ਮਜਬੂਰ ਹੈ ਕਿ ਦੇਸ ਵਿੱਚ ਅਜਿਹਾ ਕਿਉਂ ਵਾਪਰ ਰਿਹਾ ਹੈ? ਇਸਨੂੰ ਠੱਲ੍ਹ ਕਿਵੇਂ ਪਾਈ ਜਾ ਸਕਦੀ ਹੈ?
ਪਹਿਲਾਂ ਮੈ ਅਜਿਹੀਆਂ ਘਟਨਾਵਾਂ ਨੂੰ ਧਿਆਨ ਵਿੱਚ ਲਿਆਉਣਾ ਚਾਹਾਂਗਾ। ਪਹਿਲੀ ਘਟਨਾ ਦਿੱਲੀ ਵਿਖੇ ਕੁੱਝ ਮਹੀਨੇ ਪਹਿਲਾਂ ਵਾਪਰੀ। ਇੱਕ ਪੜ੍ਹੀ ਲਿਖ ਮੁਟਿਆਰ ਸਰਧਾ ਵਾਕਰ ਦੀ ਨੌਜਵਾਨ ਆਫ਼ਤਾਬ ਨਾਲ ਜਾਣ ਪਹਿਚਾਣ ਹੋਈ, ਜੋ ਪ੍ਰੇਮ ਵਿੱਚ ਬਦਲ ਗਈ। ਉਹ ਦੋਵੇਂ ਇੱਕਠੇ ਰਹਿਣ ਲੱਗੇ, ਉਹਨਾਂ ਪਹਾੜਾਂ ਦੀ ਸੈਰ ਵੀ ਕੀਤੀ, ਇਕੱਠਿਆਂ ਕਈ ਮਹੀਨੇ ਬਿਤਾਏ ਤੇ ਫੇਰ ਉਹਨਾਂ ਦੇ ਸਬੰਧਾਂ ਵਿੱਚ ਕੁੱਝ ਖਟਾਸ ਪੈਦਾ ਹੋ ਗਈ। ਇਸ ਉਪਰੰਤ ਉਹ ਦਿੱਲੀ ਆ ਗਏ ਤੇ ਫੇਰ ਛਤਰਪੁਰ ਵਿਖੇ ਫਲੈਟ ਲੈ ਕੇ ਰਹਿਣ ਲੱਗੇ। ਇਸ ਵਰ੍ਹੇ ਦੇ ਮਈ ਮਹੀਨੇ ਦੀ ਇੱਕ ਰਾਤ ਆਫ਼ਤਾਬ ਨੇ ਆਪਣੀ ਪ੍ਰੇਮਿਕਾ ਸਰਧਾ ਵਾਕਰ ਦਾ ਗਲ ਘੁੱਟ ਕੇ ਕਤਲ ਕਰ ਦਿੱਤਾ, ਇਸ ਉਪਰੰਤ ਉਸਦਾ ਗਲਾ ਕੱਟ ਕੇ ਸਿਰ ਨੂੰ ਫਰਿੱਜ ਦੇ ਵੱਡੇ ਖਾਨੇ ਵਿੱਚ ਰੱਖ ਦਿੱਤਾ। ਫੇਰ ਬਾਕੀ ਸਰੀਰ ਦੇ 35 ਟੁਕੜੇ ਕਰਕੇ ਫਰਿੱਜ ਵਿੱਚ ਰੱਖ ਦਿੱਤੇ। ਕਈ ਦਿਨਾਂ ਬਾਅਦ ਉਹਨਾਂ ਟੁਕੜਿਆਂ ਨੂੰ ਲਿਜਾ ਕੇ ਵੱਖ ਵੱਖ ਬੇਅਬਾਦ ਥਾਵਾਂ ਤੇ ਸੁੱਟ ਦਿੱਤਾ ਤਾਂ ਜੋ ਲਾਸ਼ ਦਾ ਨਾਮੋਨਿਸ਼ਾਨ ਮਿਟਾ ਦਿੱਤਾ ਜਾਵੇ।
ਦੂਜੀ ਘਟਨਾ ਸੂਬਾ ਝਾਰਖੰਡ ਦੇ ਜਿਲ੍ਹਾ ਸਾਹਿਬਗੰਜ ਦੇ ਇਲਾਕੇ ਥੋਰੀਆ ਦੀ ਹੈ। ਇੱਥੋਂ ਦੇ ਦਿਲਦਾਰ ਅੰਸਾਰੀ ਨੇ ਆਪਣੀ ਦੂਜੀ ਪਤਨੀ ਨੂੰ ਮਾਰ ਕੇ ਉਸਦੇ ਦਰਜਨ ਤੋਂ ਵੱਧ ਟੁਕੜੇ ਕੀਤੇ ਅਤੇ ਵੱਖ ਵੱਖ ਥਾਵਾਂ ਤੇ ਸੁੱਟ ਦਿੱਤੇ। ਜਦ ਔਰਤ ਦੇ ਸਰੀਰ ਦੇ ਟੁਕੜਿਆਂ ਨੂੰ ਕੁੱਤੇ ਘਸੀਟ ਰਹੇ ਸਨ ਤਾਂ ਲੋਕਾਂ ਨੇ ਸਬੰਧਤ ਥਾਨਾ ਵਿਖੇ ਇਤਲਾਹ ਦਿੱਤੀ। ਪੁਲਿਸ ਨੇ ਪੜਤਾਲ ਕਰਦਿਆਂ 13 ਟੁਕੜੇ ਬਰਾਮਦ ਕੀਤੇ ਅਤੇ ਦਿਲਦਾਰ ਅੰਸਾਰੀ ਨੂੰ ਗਿਰਫਤਾਰ ਕਰ ਲਿਆ। ਤੀਜੀ ਘਟਨਾ ਰਾਜਸਥਾਨ ਦੇ ਜਿਲ੍ਹਾ ਜੈਪੁਰ ਦੀ ਹੈ, ਜਿੱਥੇ ਇੱਕ ਨੌਜਵਾਨ ਅਨੁਜ ਸਰਮਾ ਉਰਫ ਅਚਿੰਤਿਆ ਗੋਵਿੰਦ ਦਾਸ ਨੇ ਆਪਣੀ ਤਾਈ ਸਰੋਜ ਦਾ ਸਿਰ ’ਚ ਹਥੌੜਾ ਮਾਰ ਕੇ ਕਤਲ ਕਰਨ ਉਪਰੰਤ ਉਸਦੇ 10 ਟੁਕੜੇ ਕੀਤੇ। ਦੋਸੀ ਬੀ ਟੈ¤ਕ ਗਰੈਜੂਏਟ ਹੈ, ਇੱਕ ਕੰਪਨੀ ’ਚ ਨੌਕਰੀ ਵੀ ਕਰਦਾ ਰਿਹਾ ਹੈ ਅਤੇ ਇੱਕ ਧਾਰਮਿਕ ਸੰਸਥਾ ਦਾ ਸਰਧਾਲੂ ਹੈ। ਉਹ ਆਪਣੀ ਤਾਈ ਤੇ ਹੀ ਨਿਰਭਰ ਸੀ, ਜਿਸਨੂੰ ਬੇਰਹਿਮੀ ਨਾਲ ਕਤਲ ਕੀਤਾ।
ਗੁੱਸੇ ਵਿੱਚ ਕਤਲ ਹੋ ਜਾਣਾ ਇੱਕ ਅਚਨਚੇਤ ਵਾਪਰੀ ਘਟਨਾ ਹੋ ਸਕਦੀ ਹੈ ਜਾਂ ਦੁਸਮਣ ਨੂੰ ਖਤਮ ਕਰਨਾ ਜਾਣਬੁੱਝ ਕੇ ਕੀਤੀ ਕਾਰਵਾਈ ਹੋ ਸਕਦੀ ਹੈ। ਪਰ ਉਕਤ ਘਟਨਾਵਾਂ ਕਰੂਰਤਾ ਦਾ ਸਿਖ਼ਰ ਹਨ, ਜੋ ਆਪਣਿਆਂ ਨਾਲ ਹੀ ਵਾਪਰੀਆਂ। ਆਪਣੇ ਕਿਸੇ ਪ੍ਰੇਮੀ, ਸਕੇ ਸਬੰਧੀ ਜਾਂ ਰਿਸਤੇਦਾਰ ਨਜਦੀਕੀ ਨੂੰ ਕਤਲ ਕਰਨ ਤੋਂ ਬਾਅਦ ਬੇਰਹਿਮੀ ਨਾਲ ਉਸਦੇ ਟੁਕੜੇ ਕਰਨੇ ਤੇ ਫੇਰ ਬੇਅਬਾਦ ਥਾਵਾਂ ਤੇ ਕੁੱਤਿਆਂ ਜਾਨਵਰਾਂ ਦੇ ਖਾਣ ਲਈ ਸੁੱਟ ਦੇਣੇ। ਇਹ ਵਰਤਾਰਾ ਕੋਈ ਆਮ ਵਿਅਕਤੀ ਨਹੀਂ ਕਰ ਸਕਦਾ, ਅਜਿਹਾ ਕਰਨ ਵਾਲੇ ਦਾ ਦਿਲ ਕਿੱਡਾ ਅਪਰਾਧੀ ਤੇ ਬੇਰਹਿਮ ਹੋਵੇਗਾ ਇਸਦਾ ਤਾਂ ਅੰਦਾਜ਼ਾ ਲਾਉਣਾ ਵੀ ਵੱਸ ਤੋਂ ਬਾਹਰ ਹੈ। ਜਦੋਂ ਇਨਸਾਨ ਸਦੀਆਂ ਪਹਿਲਾਂ ਜੰਗਲਾਂ ਵਿੱਚ ਪਸੂਆਂ ਵਾਂਗ ਹੀ ਰਹਿੰਦਾ ਸੀ, ਉਦੋਂ ਵੀ ਉਸਨੇ ਐਡਾ ਭੈੜਾ ਅਪਰਾਧ ਨਹੀਂ ਕੀਤਾ ਹੋਣਾ। ਇਤਿਹਸ ਵਿੱਚ ਵੀ ਅਜਿਹੀ ਕੋਈ ਮਿਸਾਲ ਨਹੀਂ ਮਿਲਦੀ।
ਇਹਨਾਂ ਮਾਮਲਿਆਂ ਵਿੱਚ ਇਹ ਵੀ ਵੱਡਾ ਸੁਆਲ ਖੜਾ ਹੁੰਦਾ ਹੈ ਕਿ ਅਜਿਹਾ ਸਮੁੱਚੇ ਦੇਸ ਵਿੱਚ ਵਾਪਰ ਰਿਹਾ ਹੈ। ਇੱਕ ਘਟਨਾ ਦਿੱਲੀ ਦੀ ਹੈ, ਦੂਜੀ ਝਾਰਖੰਡ ਦੀ ਤੇ ਤੀਜੀ ਰਾਜਸਥਾਨ ਦੀ। ਇੱਕ ਖਿੱਤੇ ਵਿੱਚ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਤਾਂ ਕਿਹਾ ਜਾ ਸਕਦਾ ਸੀ ਕਿ ਉਸ ਇਲਾਕੇ ਦੇ ਲੋਕਾਂ ਦੀ ਮਾਨਸਿਕਤਾ ਕਿਸੇ ਖਾਸ ਕਾਰਨ ਸਦਕਾ ਪ੍ਰਭਾਵਿਤ ਹੋ ਗਈ ਹੋਵੇਗੀ। ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਵਾਪਰੀਆਂ ਘਟਨਾਵਾਂ ਇੱਕ ਵੱਡੀ ਚਿੰਤਾ ਦਾ ਮੁੱਦਾ ਹਨ। ਅਜਿਹੇ ਅਪਰਾਧਾਂ ਨੂੰ ਰੋਕਣ ਲਈ ਸਰਕਾਰਾਂ, ਧਾਰਮਿਕ ਸੰਸਥਾਵਾਂ, ਬੁੱਧੀਜੀਵੀਆਂ, ਲੇਖਕਾਂ ਨੂੰ ਸਾਂਝੇ ਤੌਰ ਤੇ ਵਿਚਾਰ ਵਟਾਂਦਰਾ ਕਰਕੇ ਕੋਈ ਠੋਸ ਨੀਤੀ ਤੈਅ ਕਰਨੀ ਚਾਹੀਦੀ ਹੈ, ਜਿਸ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਅਜਿਹੇ ਘਿਨਾਉਣੇ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ, ਉਹਨਾਂ ਨੂੰ ਲੋਕਾਂ ਨਾਲੋਂ ਵੱਖ ਕੀਤਾ ਜਾਵੇ, ਉਹਨਾਂ ਨਾਲ ਕਿਸੇ ਕਿਸਮ ਦਾ ਸਬੰਧ ਨਾ ਰੱਖਿਆ ਜਾਵੇ। ਆਮ ਲੋਕਾਂ ਦੀ ਮਾਨਸਿਕਤਾ ਨੂੰ ਅਪਰਾਧਾਂ ਤੋ ਦੂਰ ਰੱਖਣ ਲਈ ਚੰਗਾ ਸਾਹਿਤ ਰਚਿਆ ਜਾਵੇ ਤੇ ਲੋਕਾਂ ਵਿੱਚ ਵੰਡਿਆ ਜਾਵੇ। ਧਾਰਮਿਕ ਸੰਸਥਾਵਾਂ ਫਿਰਕਾਪ੍ਰਸਤੀ ਤੋਂ ਉਪਰ ਉਠ ਕੇ ਚੰਗੀ ਸੇਧ ਦੇਣ।
ਮੋਬਾ: 098882 75913

 

Total Views: 338 ,
Real Estate