ਬਿਲਕੀਸ ਬਾਨੋ ਘੱਟ ਗਿਣਤੀਆਂ ਤੇ ਔਰਤਾ ਲਈ ਪ੍ਰੇਰਨਾ ਸਰੋਤ ਬਣੇਗੀ- ਕਾ: ਸੇਖੋਂ


ਸੁਪਰੀਮ ਕੋਰਟ ਪਹੁੰਚਣਾ ਬਾਨੋ ਦਾ ਫਿ੍ਕਾਪ੍ਰਸਤ ਗੁੰਡਿਆਂ ਵਿਰੁੱਧ ਦਲੇਰਾਨਾ ਕਦਮ
ਬਠਿੰਡਾ, 2 ਦਸੰਬਰ, ਬਲਵਿੰਦਰ ਸਿੰਘ ਭੁੱਲਰ
ਬਿਲਕੀਸ ਬਾਨੋ ਜਬਰ ਜਨਾਹ ਤੇ ਕਤਲ ਕੇਸ ਦੇ ਦੋਸ਼ੀਆਂ ਨੂੰ ਗੁਜਰਾਤ ਸਰਕਾਰ ਵੱਲੋਂ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਜਾਣ ਨਾਲ ਜਿੱਥੇ ਪੀੜ੍ਹਤ ਬਾਨੋ ਦਾ ਹਿਰਦਾ ਵਲੰੂਧਰਿਆ ਗਿਆ ਉੱਥੇ ਭਾਰਤ ਦੀ ਹਰ ਔਰਤ ਨਿਰਾਸ਼ ਤੇ ਉਦਾਸ ਹੋਈ ਸੀ | ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਹੁਣ ਸ੍ਰੀਮਤੀ ਬਾਨੋ ਨੇ ਅਗੇਤੀ ਰਿਹਾਈ ਵਿਰੁੱਧ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਦਲੇਰਾਨਾ ਕਦਮ ਚੁੱਕਿਆ ਹੈ, ਜਿਸਤੋਂ ਨਿਆਂ ਮਿਲਣ ਦੀ ਆਸ ਜਾਗੀ ਹੈ |
ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਫਿਰਕਾਪ੍ਰਸਤ ਗੁੰਡਿਆਂ ਨੇ 1 ਮਾਰਚ 2002 ਨੂੰ ਬਿਲਕੀਸ ਬਾਨੋ ਦੀ ਤਿੰਨ ਸਾਲ ਦੀ ਪੁੱਤਰੀ ਸਮੇਤ ਸੱਤ ਪਰਿਵਾਰਕ ਮੈਂਬਰ ਮਾਰ ਦਿੱਤੇ ਸਨ, ਛੇ ਲਾਪਤਾ ਹੋ ਗਏ ਸਨ | ਪੰਜ ਮਹੀਨੇ ਦੀ ਗਰਭਵਤੀ ਬਾਨੋ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ | ਉਸਦੀ ਨੰਨ੍ਹੀ ਬੱਚੀ ਨੂੰ ਪੈਰਾਂ ਤੋਂ ਫੜ ਕੇ ਪਟਕਾ ਕੇ ਫ਼ਰਸ ਤੇ ਮਾਰ ਕੇ ਉਸਦਾ ਕਤਲ ਕੀਤਾ ਗਿਆ | ਪਰਿਵਾਰ ਵਿੱਚੋਂ ਸਿਰਫ਼ ਬਾਨੋ, ਇੱਕ ਪੁਰਸ਼ ਤੇ ਇੱਕ 3 ਸਾਲ ਦਾ ਬੱਚਾ ਹੀ ਬਚੇ ਸਨ | ਏਡੇ ਘਿਨਾਉਣੇ ਜੁਲਮਾਂ ਦੀ ਜਾਂਚ ਕਰਦਿਆਂ ਸੀ ਬੀ ਆਈ ਨੇ 19 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ | ਅਦਾਲਤ ਵੱਲੋਂ 11 ਦੋਸੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ | ਗੁਜਰਾਤ ਸਰਕਾਰ ਵੱਲੋਂ 15 ਅਗਸਤ 2022 ਦੇ ਆਜ਼ਾਦੀ ਦਿਵਸ ਮੌਕੇ ਇਹਨਾਂ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਅਗੇਤੀ ਰਿਹਾਈ ਤੇ ਛੱਡ ਦਿੱਤਾ ਸੀ |
ਕਾ: ਸੇਖੋਂ ਨੇ ਕਿਹਾ ਕਿ ਹੁਣ ਸ੍ਰੀਮਤੀ ਬਿਲਕੀਸ ਬਾਨੋ ਨੇ ਦੇਸ ਦੀ ਸਰਵਉੱਚ ਅਦਾਲਤ ਦੇ ਦਰਵਾਜੇ ਤੇ ਪਹੁੰਚ ਕਰਕੇ ਫਿਰਕਾਪ੍ਰਸਤ ਗੁੰਡਿਆਂ ਦੀ ਕੀਤੀ ਅਗੇਤੀ ਰਿਹਾਈ ਵਿਰੁੱਧ ਦਰਖਾਸਤ ਦੇ ਕੇ ਨਿਆਂ ਦੀ ਮੰਗ ਕੀਤੀ ਹੈ | ਉਹਨਾਂ ਕਿਹਾ ਕਿ ਬੀਬੀ ਬਾਨੋ ਦਾ ਇਹ ਕਦਮ ਭਿ੍ਸ਼ਟ ਸਿਸਟਮ ਵਿਰੁੱਧ ਇੱਕ ਦਲੇਰਾਨਾ ਕਦਮ ਹੈ | ਉਹਨਾਂ ਕਿਹਾ ਕਿ ਅਦਾਲਤ ਵੱਲੋਂ ਮੁੜ ਵਿਚਾਰ ਪਟੀਸ਼ਨ ਤੇ ਸੁਣਵਾਨੀ ਕਰਨ ਤੋਂ ਨਿਆਂ ਮਿਲਣ ਦੀ ਵੱਡੀ ਉਮੀਦ ਹੈ |
ਸੂਬਾ ਸਕੱਤਰ ਨੇ ਕਿਹਾ ਕਿ ਅਜਿਹੇ ਘਿਨਾਉਣੇ ਤੇ ਮਨੁੱਖੀ ਅਧਿਕਾਰਾਂ ਨੂੰ ਮਲੀਆਮੇਟ ਕਰਨ ਵਾਲੇ ਮਾਮਲੇ ਤੇ ਪੀੜ੍ਹਤ ਨੂੰ ਨਿਆਂ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਰਿਆਇਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ | ਉਹਨਾਂ ਕਿਹਾ ਕਿ ਅਪਰਾਧਾਂ ਨੂੰ ਠੱਲ੍ਹ ਪਾਉਣ ਲਈ ਅਦਾਲਤਾਂ ਵੱਲੋਂ ਸਖ਼ਤ ਰਵੱਈਆ ਅਖ਼ਤਿਆਰ ਕਰਨਾ ਚਾਹੀਦਾ ਹੈ | ਉਹਨਾਂ ਉਮੀਦ ਕੀਤੀ ਕਿ ਬੀਬੀ ਬਾਨੋ ਨੂੰ ਨਿਆਂ ਮਿਲੇਗਾ ਅਤੇ ਉਹ ਘੱਟ ਗਿਣਤੀਆਂ ਅਤੇ ਔਰਤਾਂ ਲਈ ਇੱਕ ਪ੍ਰੇਰਨਾ ਸਰੋਤ ਬਣ ਕੇ ਉੱਭਰੇਗੀ |

Total Views: 79 ,
Real Estate