ਜੇ ਕਿਤੇ ਪਹਿਲਾਂ ਗਾਹਕ ਯਕੀਨ ਕਰਦਾ ਤਾਂ ਫਿਰ

Sukhnaib Sidhuਸੁਖਨੈਬ_ਸਿੰਘ_ਸਿੱਧੂ
ਉਦੋਂ ਢਾਈ ਸੌ ਦੀ ਤੋਲਾ ਫੀਮ ਆਉਂਦੀ ਹੁੰਦੀ ਸੀ, ਜਮਾਂ ਕੱਚ ਵਰਗੀ, ਪਟਿਆਲੇ ਵਾਲੇ ਅੰਗਰੇਜ ਦੇ ਜਾਣਕਾਰ ਨੂੰ ਖੁਆ ਦਿੱਤੀ , ਕਹਿੰਦਾ ‘ਇਹ ਤਾਂ ਜਮਾਂ ਈ ਸਿਰਾ ਬਾਈ , ਕਿੱਥੋ ਲਿਆਂਦੀ ?’
ਬੀਕਾਨੇਰ ਤੋ , ਆਪਣਾ ਇੱਕ ਦੋਸਤ ਹੈ ,ਉਹਦੇ ਭਰਾ ਨੇ ਲਿਆਂਦੀ , ਮੈਂ ਜਵਾਬ ਦਿੱਤਾ
‘ਹੋਰ ਮਿਲਜੂ, ਉਹ ਲਿਆਦੂ ?’
ਨਈਂ, ਉਹਦਾ ਕੇੜਾ ਕਾਰੋਬਾਰ, ਬੱਸ ਉਈਂ ਲੈ ਆਂਦੀ ।
ਉਹ ਤਾਂ ਖਹਿੜੇ ਪੈ ਗਿਆ ਕਹਿੰਦਾ , ‘ਮੈਨੂੰ ਤਾਂ ਲਿਆ ਕੇ ਦੇਹ ’, ਮੈਂ ਕਿਹਾ ਟਰਾਈ ਕਰ ਲੈਣੇ ਆਂ । ਫੋਨ ਤੇ ਬਠਿੰਡੇ ਆਲ੍ਹੇ ਦੋਸਤ ਦੇ ਭਰਾ ਨਾਲ ਗੱਲ ਕੀਤੀ, ਉਹ ਕਹਿੰਦਾ ‘ਜੇ ਇੱਕ ਗੇੜਾ ਲਾਉਣਾ ਤਾਂ ਲਾ ਆਉਂਦੇ , 100 ਰੁਪਈਆ ਤੋੇਲੇ ਦਾ ਬਚਜੂ , ਫਿਰ ਗੇਅਰ ਲਾ ਕੇ ( ਮਿਲਾਵਟ ਕਰਕੇ ) 2000 ਸੌਖਾ ਬਣ ਜਾਣਾ, ਇੱਥੋਂ ਨਾਲੋਂ ਮਾਲ ਪਿਊਰ ਮਿਲੂ।’
ਗਿਆ ਤਾਂ ਮਿਊਜਿਕ ਬਾਰੇ ਵੈੱਬਸਾਈਟ ਬਣਾਉਣ ਸੀ , ਪਰ ਉੱਥੋਂ ਹੋਰ ਈ ਕਾਰੋਬਾਰ ਛਿੜ ਪਿਆ। ਮਿਊਜਿਕ ਟਾਈਮਜ ਵਿੱਚ ‘ਪੱਤਰਕਾਰ’ ਹੋਣ ਕਰਕੇ ਮੈਨੂੰ ਵੱਡਾ ਵਹਿਮ ਸੀ ਕਿ ਮੈਂ ਗਾਇਕਾਂ , ਗੀਤਕਾਰਾਂ ਅਤੇ ਸੰਗੀਤਕਾਰਾਂ ਦਾ ਮਿਊਜਿਕ ਆਨ ਲਾਈਨ ਅਪਲੋਡ ਕਰੂਗਾ ‘ਤੇ ਲੋਕ ਪੈਸੇ ਦੇ ਕੇ ਇਹਨੂੰ ਡਾਊਨਲੋਡ ਕਰਨਗੇ। ਇਹ ਅਪਲੋਡ / ਡਾਊਨਲੋਡ ਤਾਂ ਮੈਨੂੰ ਬਾਅਦ ਵਿੱਚ ਪਤਾ ਲੱਗਾ । ਉਦੋਂ ਤਾਂ ਡਬਲਿਊ ਡਬਲਿਊ ਡਬਲਿਊ ਡਾਟਕਾਮ ਦਾ ਪਤਾ ਸੀ । ਈਮੇਲ ਕਰਨੀ ਤਾਂ ਕੀ ਆਉਣੀ ਸੀ, ਇਹਦੇ ਬਾਰੇ ਪਤਾ ਨਈ ਸੀ , ਪਰ 1999 ਦੇ ਇਸ ਆਇਡੀਏ ਬਾਰੇ ਜਦੋਂ ਵਿਚਾਰ ਕਰਦਾਂ ਤਾਂ ਸੋਚਦਾ ਕਿ ਯਾਰ ਲੋਕਾਂ ਤੋਂ ਹੱਟਵੀ ਗੱਲ ਤਾਂ ਕਰਨੀ ਆਉਂਦੀ ਸੀ ਉਦੋਂ ਵੀ । ਮੇਰੇ ਨਾਲੋ ਜਿ਼ਆਦਾ ਵੱਧ ਦਿਲਚਸਪੀ ਪਟਿਆਲੇ ਆਲ੍ਹੇ ਅੰਗਰੇਜ ਨੂੰ ਹੁੰਦੀ ਸੀ । ਸਾਡੇ ਦਿਮਾਗ ਵਿੱਚ ਜੋ ਗੱਲ ਆਉਂਦੀ ਪਹਿਲਾਂ ਇੱਕ-ਦੂਜੇ ਨਾਲ ਸਾਂਝੀ ਕਰਨੀ । ਉਹ ਬਹੁਤ ਕਮਾਲ ਦੀ ਸਮਝ ਰੱਖਦਾ ਸੀ , ਪਰ ਦੁਨੀਆਂਦਾਰੀ ਜਿਹੜੀ ਮੈਂ ਬਾਅਦ ਵਿੱਚ ਸਮਝੀ , ਉਹ ਨਹੀਂ ਸਮਝਦਾ ਸੀ ।
ਖੈਰ ਅਸੀਂ ‘ਦ ਮਿਊਜਿਕ ਮੈਕਸ’ ਆਪ ਹੀ ਨਾਂਮ ਰੱਖ ਕੇ ਪੋਸਟਰ ਬਣਾ ਲਏ , ਟੈਰਿਫ ਕਾਰਡ ਤੇ ਹੋਰ ਨਿੱਕ-ਸੁੱਕ ਕੱਠਾ ਕਰ ਲਿਆ। ਪਹਿਲਾਂ ਕੰਮ ਸੀ , ਥੋੜ੍ਹੇ ਪੈਸੇ ਕੋਲ ਹੋਣ ਤਾਂ ਸਾਈਟ ਬਣਾਈਏ। ਬਠਿੰਡੇ ਉਦੋਂ 60 ਰੁਪਏ/ ਘੰਟਾ ਦੇ ਹਿਸਾਬ ਨਾਲ ਨੈੱਟ ਵਰਤਣ ਦੇ ਹੁੰਦੇ ਸੀ । ਪਰ ਘੰਟੇ ਵਿੱਚ ਸੰਗੀਤ /ਮਿਊਜਿਕ ਇੰਡਸਟਰੀ ਦੀਆਂ ਸਾਈਟਾਂ ਦਾ ਹੋਮ ਪੇਜ ਵੀ ਖੁੱਲ੍ਹਦਾ ਨਹੀਂ ਸੀ , ਸਪੀਡ ਬਹੁਤ ਥੋੜੀ ਹੁੰਦੀ ।
ਵੈੱਬਸਾਈਟ ਕਿਮੇਂ ਬਣਦੀ ਇਹ ਤਾਂ ਉਦੋਂ ਬਠਿੰਡੇ ਕਿਸੇ ਨੂੰ ਪਤਾ ਨਹੀਂ ਸੀ ਸਾਡਾ ਵਾਹ ਤਾਂ ਸਾਈਬਰ ਕੈਫੇ ਵਾਲਿਆਂ ਨਾਲ ਸੀ , ਉਹਨਾਂ ਂਨੂੰ ਵੀ ਜਿ਼ਆਦਾ ਪਤਾ ਨਹੀਂ , ਉਦੋਂ ਗੂਗਲ ਬਾਬਾ ਤੋਂ ‘ਪੁੱਛ ਲੈਣ’ ਦਾ ਰਿਵਾਜ਼ ਨਹੀਂ ਸੀ ।
ਮੈਂ ਢਾਈ ਆਲ੍ਹੀ ਪਸੰਜਰ ਗੱਡੀ ‘ਤੇ ਚੜ੍ਹ ਕੇ ਪਟਿਆਲੇ ਗਿਆ , 25 ਰੁਪਏ ਕਿਰਾਇਆ ਹੁੰਦਾ ਸੀ , ਵੱਡਾ ਮਨੋਰਥ ਤਾਂ ਪੈਸੇ ਬਚਾਉਣਾ ਹੁੰਦਾ ਸੀ , ਉਦੋਂ ਅੰਗਰੇਜ ਦੇ ਸੰਪਰਕ ਵਾਲੇ ਬੰਦੇ ਮਿਲੇ , ਅੱਗੇ ਦੀ ਅੱਗੇ ਦੱਸ ਪਈ , ਯੂਨੀਵਰਸਿਟੀ ਵਿੱਚ ਇੱਕ ਪ੍ਰੋਫੈਸਰ ਦੀ , ਉਨ੍ਹਾਂ ਨੇ ਕਿਹਾ ਮੈਂ ਡਿਜ਼ਾਈਨ ਕਰਾਂਗਾ ਸਾਈਟ , ਸਾਨੂੰ ਕੁਝ ਪਤਾ ਸੀ ਕਿੰਨੇ ਐਮ ਬੀ ਥਾਂ ਚਾਹੀਦੀ , ਕੀ ਸਰਵਰ ਹੁੰਦਾ, ਪਰ ਸਖੀ ਸਰਵਰ ਬਾਰੇ ਜਰੂਰ ਪਤਾ , ਵੈਸੇ ਮੰਨਦੇ ਇਸ ਵੀਰਵਾਰ ਆਲ੍ਹੇ ਬਾਬੇ ਨੂੰ ਵੀ ਨਹੀਂ । ਵੈੱਬ ਸਪੇਸ , ਡੋਮੇਨ ਨੇਮ ਕਿਹੜੀ ਬਲਾ ਹਨ ਤਾਂ ਪਤਾ ਨਹੀਂ ਸੀ। 1999 ਵਿੱਚ ਉਹਨਾਂ ਨੇ 18000 ਮੰਗਿਆ ਸਾਡੇ ਕੋਲ 4-5 ਹਜ਼ਾਰ ਦਾ ਜੁਗਾੜ ਸੀ । ਫਿਰ ਚੱਲ ਪਿਆ , ਪੈਸੇ ਕੱਠੇ ਕਰਨ ਦਾ ਸਿਲਸਿਲਾ । ਅੰਗਰੇਜ ਦਾ ਇੱਕ ਦੋਸਤ ਸੀ, ਉਹਦੀ ਮਿਊਜਿਕ ਕੰਪਨੀਆਂ ਵਿੱਚ ਕਾਫੀ ਗੱਲ ਬਾਤ ਸੀ , ਅਸੀਂ ਉਹਦੀਆਂ ‘ਗੱਲਾਂ’ ‘ਚ ਆ ਗੇ , ਮੈਂ ਰਾਤ ਨੂੰ ਵਾਪਸ ਬਠਿੰਡਾ ਆ ਕੇ ਪੋਸਟਰ ਹੋਰ ਛਪਾਏ ‘ਤੇ ਹੋਰ ਸਮਾਨ ਉਹਨੂੰ ਦਿੱਤਾ ਕਿ ਬਿਜਨਸ ਵਿੱਚ ਪਾਰਟਨਰ ਹੋਊਗਾ ‘ਤੇ ਕੰਮ ਸੁਰੂ ਕਰੀਏ। ਂ
ਮੈਂ ਆਪਣੇ ਤੌਰ ‘ਤੇ ਕੁਝ ਕਲਾਕਾਰਾਂ , ਜਿੰਨਾਂ ਦੇ ਮਿਊਜਿ਼ਕ ਟਾਈਮਜ਼ ਵਿੱਚ ਇੰਟਰਵਿਊ ਕੀਤੇ ਸੀ ਅਤੇ ਦੋਸਤ ਸਮਝਦਾ ਸੀ , ਉਹਨਾਂ ਤੱਕ ਪਹੁੰਚ ਕਰਨੀ ਸੁਰੂ ਕੀਤੀ , ਕੁਝ ਕਲਾਕਾਰ ਜਲੰਧਰ ਇਲਾਕੇ ਦੇ ਅਜਿਹੇ ਸਨ ਜਿੰਨ੍ਹਾਂ ਨੂੰ ਬਠਿੰਡੇ ਸਾਡੇ ਕਰਵਾਏ ਜਾਂਦੇ ਸਭਿਆਚਾਰਕ ਮੇਲਿਆਂ ( ਉਦੋਂ ‘ਸਭਿਆਚਾਰ’ ਗਾਉਣ ਵਜਾਉਣ ਆਲ੍ਹਿਆਂ ਦੇ ਖਾੜ੍ਹੇ ਸਮਝਦਾ ਸੀ ) ਉਹਨਾ ਨੂੰ ਬੁਲਾਉਂਦੇ ਤਾਂ ਇੱਥੋਂ ਦੇ ਈਰਖਾ ਕਰਨ ਵਾਲੇ ਕੁਝ ਪੱਤਰਕਾਰ, ਇੱਕ ਗੀਤਕਾਰ ਅਤੇ ਕੁਝ ਗਾਇਕਾਂ ਨਾਲ ਸਾਡੇ ਸਿੰਗ ਫਸੇ ਰਹਿੰਦੇ । ਪਰ ਜਦੋਂ ਮੈਂ ਬਿਜਨਸ ਦੇ ਨਜ਼ਰੀਏ ਤੋਂ ‘ਕਲਾਕਾਰ ਦੋਸਤਾਂ’ ਤੱਕ ਪਹੁੰਚ ਕੀਤੀ ਤਾਂ ਬਹੁਤੇ ਗੰਢਿਆਂ ਦੇ ਭਾਅ ਵਾਂਗੂੰ ਪਹੁੰਚ ਤੋਂ ਬਾਹਰ ਹੁੰਦੇ ਗਏ। ਫਿਰ ਮੈਂ ਪੜਚੋਲਣਾ ਕਿ ਦੋਸਤ ‘ਤੇ ‘ਕਲਾਕਾਰ’ ਵਿੱਚ ਫਰਕ ਕੀ ਹੁੰਦਾ । ਜਿੰਨ੍ਹਾਂ ਨੂੰ ਇੰਟਰਨੈੱਟ ਬਾਰੇ ਸਮਝ ਸੀ ,ਉਹਨਾਂ ਨੂੰ ਇਹ ਵੀ ਪਤਾ ਸੀ ਇਸ ਤਰ੍ਹਾਂ ਦੀਆਂ ਕੋਈ ਹੋਰ ਸਾਈਟ ਵੀ ਹੁੰਦੀਆਂ । ਦੂਜੀ ਗੱਲ ਸੀ ਮਿਊਜਿਕ ਟਾਈਮਜ ਵਿੱਚ ਪੱਤਰਕਾਰਿਤਾਂ ਕਰਦੇ ਨੇ ਮੈਂ ਕਿਸੇ ਦੀ ਗਾਇਕ / ਕੰਪਨੀ ਦੇ ਸੋਹਲੇ ਨਹੀਂ ਗਾਏ ,ਉਲਟਾ ਚੂੰਡੀ ਜਰੂਰ ਵੱਢੀ ਸੀ ਫਿਰ ਉਹ ਕਿਉਂ ਸਾਥ ਦਿੰਦੇ ?
ਗਿੱਲ ਹਰਦੀਪ ਨੂੰ ਪਹਿਲੀ ਵਾਰ ਮਿਲਿਆ ਇਹਨਾ ਨੇ ਵੋਹਣੀ ਕਰਾਤੀ 1000 ਕੁ ਰੁਪਏ ਵਾਲੀ ਐਡ ਬੁੱਕ ਕਰਲੀ , ਫਿਰ ਜਲੰਧਰ ਦੇ ਨਕੋਦਰ ਚੌਂਕ ਵਿੱਚ ਸੁਰਿੰਦਰ ਲਾਡੀ ਹੋਰਾਂ ਨੇ 1500 ਦੀ ਐਂਡ ਬੁੱਕ ਕਰਾਲੀ , ਬਠਿੰਡਿਓ ਬਲਵੀਰ ਚੋਟੀਆਂ ਅਤੇ ਸੁਖਪਾਲ ਪਾਲੀ ਤੋਂ ਧੱਕੇ ਨਾਲ ਆਪਾਂ ਜੋ ਮਰਜ਼ੀ ਲੈ ਸਕਦੇ ਸੀ । ਜਿਹੜੇ ਪੈਸੇ ਸੀ ਉਹ ਆਣ –ਜਾਣ ਵਿੱਚ ਖਰਚ ਹੋਗੇ, ਥੋੜੇ ਬਹੁਤ ਪ੍ਰੋਫੈਸਰ ਸਾਹਿਬ ਨੂੰ ਦਿੱਤੇ ਜਿਹੜੇ ਬਾਕੀ ਵਿੱਚੇ ਰਹਿਗੇ, ਹਾਲੇ ਵੀ ਰਹਿੰਦੇ ਨੇ।
ਉਦੋਂ ਸੋਚਿਆ ਛਟਾਕ ਫੀਮ ਇਹਨੂੰ ਲਿਆ ਦਿਆਂਗੇ ਕੰਮ ਚੱਲਦਾ ਹੋਜੂ । ਜਿਹੜੇ ਬੰਦੇ ਨੇ ਮੰਗੀ ਸੀ ਉਹਦੇ ਕੋਲ ਪੈਸੇ ਨਹੀਂ ਸੀ , ਫਿਰ ਇੱਕ ਦਿਨ ਉਹ ਬਠਿੰਡੇ ਆਇਆ ਕਿ ਲਿਆਓ ਫੀਮ ਤੇ ਫੜੋ ਪੈਸੇ , ਮੇਰੇ ਕੋਲ ਪੈਸੇ ਹੁੰਦੇ ਤਾਂ ਫਿਰ ਅਸੀਂ ਫੀਮ ਦਾ ਗੇੜਾ ਲਾਉਣ ਦੀ ਕਿਉਂ ਸੋਚਦੇ ?
ਗੱਲ ਮੁੱਕਦੀ ਕਿ ਪਹਿਲੇ ਗਾਹਕ ਨੇ ਮੇਰੇ ‘ਤੇ ਯਕੀਨ ਨਾ ਕਰਿਆ ਤੇ ਐਡਵਾਸ ਪੈਸੇ ਨਾ ਦਿੱਤੇ ਤੇ ਆਪਣਾ ‘ਫੀਮ’ ਆਲ੍ਹਾ ਸਾਈਡ ਬਿਜ਼ਨਸ ਤੁਰ ਨਾ ਸਕਿਆ। ਨਹੀਂ ਤੇ ਹੁਣ ਤੱਕ ਆਪਾਂ ਵੀ ਭੋਲੇ ਪਹਿਲਵਾਨ ਵਾਂਗੂੰ ਬਹੁ ਕਰੋੜੀ ਨਸ਼ਾ ਤਸਕਰੀ ਦੇ ਮਾਮਲੇ ‘ਚ ਜੇਲ੍ਹ ‘ਚ ਹੋਣਾ ਸੀ । ਉਹਦੀ ਬੇਵਿਸ਼ਵਾਸ਼ੀ ਬਚਾ ਲਿਆ।

Total Views: 271 ,
Real Estate