ਜੁਝਾਰੂ ਕਵੀ ਪਾਸ਼ ਦਾ 1977 ਵਿੱਚ “ਸਿਆੜ ” ਵਿੱਚ ਛਪਿਆ ਇਹ ਲੇਖ 46 ਸਾਲਾਂ ਬਾਦ ਵੀ ਉਨਾ ਹੀ ਸਾਰਥਕ ਹੈ ਜਿੰਨਾਂ ਉਦੋ ਸੀ

ਜੁਝਾਰੂ ਕਵੀ ਪਾਸ਼ ਦਾ 1977 ਵਿੱਚ “ਸਿਆੜ ” ਵਿੱਚ ਛਪਿਆ ਇਹ ਲੇਖ 33 ਸਾਲਾਂ ਬਾਦ ਵੀ ਉਨਾ ਹੀ ਸਾਰਥਕ ਹੈ ਜਿੰਨਾਂ ਉਦੋ ਸੀ

ਰਾਮਰਾਜ ਵੱਲ ਵਾਪਸੀ

ਜਿਸ ਨੂੰ ਤੁਸੀਂ ਭਾਰਤ ਦੀ ਪੁਰਾਣੀ ਸੰਸਕ੍ਰਿਤੀ ਕਹਿੰਦੇ ਹੋ ਉਸਤੋ ਜਿੰਨਾ ਛੇਤੀ ਪਿੱਛਾ ਛੁਡਾ ਲਈਏ ਖਰਾ ਹੈ। ਸਿਰਫ ਆਪਣੀ ਹੋਣ ਨਾਲ ਕੋਈ ਬਿਮਾਰੀ ਚੰਗੀ ਨਹੀ ਹੋ ਜਾਂਦੀ। ਪਰ ਜਿਸ ਜਾਲ ਵਿੱਚ ਤੁਸੀਂ ਜਕੜੇ ਹੋਏ ਹੋਵੋਂ ਹਜ਼ਾਰਾਂ ਸਾਲਾਂ ਤੋਂ,ਉਹ ਚੰਗਾ ਲੱਗਣ ਲੱਗ ਪੈਂਦਾ ਹੈ। ਲੋਕ ਆਖਦੇ ਹਨ ਸਭ ਚੰਗੀਆਂ ਚੀਜਾਂ ਭਾਰਤ ਵਿੱਚ ਸਨ, ਰਾਮਰਾਜ,ਸਮਾਜਵਾਦ, ਸਚਾਈ ਸੀ ਖੁਸ਼ਹਾਲੀ ਸੀ।ਉਹ ਬਕਦੇ ਹਨ। ਪਿੱਛੇ ਵੱਲ ਮੁੜਨਾ ਮੂਰਖਤਾ ਹੈ। ਸਨਕ ਹੈ।ਕੋੲੀ ਚੰਗੀ ਚੀਜ਼ ਨਹੀ ਸੀ ਜਿਸ ਵੱਲ ਮੁੜਨ ਦੀ ਲੋੜ ਹੋਵੇ। ਚੰਗੀਆਂ ਚੀਜਾਂ ਛੱਡ ਕੇ ਤੁਰ ਆਉਣ ਵਾਲੀ ਕਰਤੂਤ ਦੇ ਮਾਲਕ ਭਲਾਂ ਅਸੀਂ ਕਿੱਥੋ? ਜੇ ਕੋਈ ਚੰਗੀ ਚੀਜ਼ ਹੁੰਦੀ ਤਾਂ ਅਸੀ ਛੱਡ ਕੇ ਹੀ ਨਾ ਆਏ ਹੁੰਦੇ। ਚੰਗੀ ਚੀਜ ਨੂੰ ਛੱਡ ਕੇ ਕੋਈ ਨਹੀ ਜਾਂਦਾ। ਅਤੇ ਜੇ ਜਾਂਦਾ ਵੀ ਹੈ ਨਾ ਤਾਂ ਹੋਰ ਚੰਗੀ ਚੀਜ਼ ਦੀ ਖੋਜ਼ ਵਿੱਚ ਜਾਂਦਾ ਹੈ ਪਰ ਅਸੀਂ ਬੜੇ ਭੁਲੇਖੇ ਵਿੱਚ ਹਾਂ।
ਸਾਡਾ ਖਿਆਲ ਹੈ ਕਿ ਭਾਰਤ ਸੋਨੇ ਦੀ ਚਿੜੀ ਸੀ।ਭਾਰਤ ਕਦੇ ਸੋਨੇ ਦੀ ਚਿੜੀ ਨਹੀ ਸੀ। ਹਾਂ ਕੁੱਝ ਲੋਕਾਂ ਵਾਸਤੇ ਸੀ ।ਅਤੇ ਕੁੱਝ ਕੁ ਲੋਕਾਂ ਵਾਸਤੇ ਤਾਂ ਅੱਜ ਵੀ ਹੈ। ਸਾਰੇ ਲੋਕਾਂ ਲਈ ਤਾਂ ਕਦੇ ਵੀ ਨਹੀ ਸੀ। ਅਸੀਂ ਸੋਚਦੇ ਹਾਂ ਕਿ ਪਿਛਲੇ ਸਮੇ ਵਿੱਚ ਘਰਾਂ ਨੂੰ ਜਿੰਦਰੇ ਨਹੀ ਲਗਾਏ ਜਾਂਦੇ ਸਨ। ਪਰਮਤਮਾ ਰਾਜ ਸਨ।ਭਲੇ ਵੇਲੇ ਸਨ।ਮੈ ਨਹੀਂ ਸਮਝਦਾ ਇਹ ਸੱਚ ਹੋ ਸਕਦਾ ਹੈ। ਸੱਚ ਹੋਊ ਤਾਂ ਕਾਰਨ ਕੁੱਝ ਹੋਰ ਹੋਣਗੇ। ਜੋ ਆਮ ਸਮਝਿਆ ਜਾਂਦਾ ਹੈ ਉਹ ਕਾਰਨ ਨਹੀ ਹੋ ਸਕਦਾ।
ਕਿਉਕਿ ਮਹਾਤਮਾ ਬੁੱਧ ਲੋਕਾਂ ਨੂੰ ਸਮਝਾ ਰਹੇ ਹਨ ਕਿ ਚੋਰੀ ਨਾ ਕਰੋ। ਮਹਾਂਵੀਰ ਸਿਖਿਆ ਦਿੰਦੇ ਹਨ ਕਿ ਚੋਰੀ ਨਾ ਕਰੋ। ਜੇ ਲੋਕ ਏਨੇ ਚੰਗੇ ਸਨ ਕਿ ਘਰਾਂ ਨੂੰ ਤਾਲੇ ਦੀ ਲੋੜ ਨਹੀ ਸੀ ਤਾਂ ਮਹਾਂਵੀਰ ਤੇ ਬੁੱਧ ਦਾ ਦਿਮਾਗ ਖਰਾਬ ਰਿਹਾ ਹੋਵੇਗਾ। ਉਹ ਕਿਸਨੂੰ ਸਮਝਾ ਰਹੇ ਸਨ ਕਿ ਚੋਰੀ ਨਾ ਕਰੋ? ਨਹੀਂ, ਚੋਰੀ ਏਸੇ ਤਰਾਂ ਹੀ ਸੀ ਪੁਰਾਣੇ ਵਕਤਾਂ ਵਿੱਚ ਵੀ। ਤਾਂ ਇਸਦਾ ਮਤਲਬ ਇਹ ਨਿਕਲਦਾ ਹੈ ਕਿ ਜੰਦਰੇ ਉਹਨਾਂ ਘਰਾਂ ਵਿੱਚ ਨਹੀ ਲਗਦੇ ਹੋਣਗੇ ਜਿੰਨਾਂ ਘਰਾਂ ਚ ਚੋਰੀ ਹੋਣ ਨੂੰ ਕੁੱਝ ਨਹੀ ਹੋਵੇਗਾ। ਹੋਰ ਕੋਈ ਕਾਰਨ ਨਹੀਂ ਹੋਵੇਗਾ। ਪਰ ਜੇ ਜੰਦਰੇ ਨਹੀ ਸਨ ਤਾਂ ਇਸਦਾ ਇਹ ਮਤਲਬ ਉੱਕਾ ਨਹੀ ਨਿਕਲਦਾ ਕਿ ਲੋਕ ਚੋਰ ਨਹੀ ਸਨ। ਕਿਉਕਿ ਸਾਰੇ ਸਾਸ਼ਤਰ, ਗ੍ਰੰਥ ਕਹਿ ਰਹੇ ਹਨ ਕਿ ਚੋਰੀ ਨਾ ਕਰੋ।
ਸੁਕਰਾਤ ਢਾਈ ਹਜ਼ਾਰ ਸਾਲ ਪਹਿਲਾਂ ਯੂਨਾਨ ਇਹੋ ਕਹਿੰਦਾ ਗਿਆ ਹੈ ਕਿ ਮੁੰਡੇ ਵਿਗੜ ਗਏ ਹਨ। ਮਾਂ ਪਿਓ ਤੇ ਅਧਿਆਪਕ ਦਾ ਕੋਈ ਆਦਰ ਨਹੀਂ ਰਿਹਾ। ਲੋਕ ਬੇਈਮਾਨ ਤੇ ਭ੍ਰਿਸ਼ਟਾਚਾਰੀ ਹੋ ਗਏ ਹਨ।ਚੀਨ ਵਿੱਚ ਇੱਕ ਛੇ ਹਜ਼ਾਰ ਵਰ੍ਹੇ ਪੁਰਾਣੀ ਕਿਤਾਬ ਹੈ। ਉਸਦਾ ਮੁੱਖ ਬੰਦ ਪੜੀਏ ਤਾਂ ਏਦਾਂ ਜਾਪਦਾ ਹੈ ਜਿਵੇਂ ਅੱਜ ਸਵੇਰ ਦੇ ਅਖਬਾਰ ਦਾ ਸੰਪਾਦਕੀ ਲੇਖ ਹੈ। ਉਸ ਵਿੱਚ ਲਿਖਿਆ ਹੈ ਕਿ ਲੋਕ ਬੜੇ ਵਿਗੜ ਗਏ ਹਨ ।ਨੈਤਿਕਤਾ ਦਾ ਨਾਸ਼ ਹੋ ਗਿਆ ਹੈ। ਲੋਕ ਭੌਤਿਕਵਾਦੀ ਹੋ ਗਏ ਹਨ। ਭ੍ਰਿਸ਼ਟਾਚਾਰ ਫੈਲ ਗਿਆ ਹੈ। ਕੋਈ ਕਿਸੇ ਦੀ ਨਹੀ ਸੁਣਦਾ। ਲਗਦਾ ਹੈ ਜਿਵੇਂ ਮਹਾਂ ਪਰਲੋ ਨੇੜੇ ਆ ਗਈ ਹੈ। ਛੇ ਹਜ਼ਾਰ ਸਾਲ ਪਹਿਲਾਂ ਦੀ ਕਿਤਾਬ ਹੈ, ਉਸ ਵਿੱਚ ਵੀ ਲਿਖਿਆ ਹੈ ਕਿ ਪੁਰਾਣੇ ਲੋਕ ਚੰਗੇ ਹੁੰਦੇ ਹਨ। ਯੇ ਹੁੰਦਾ ਸੀ, ਵੋ ਹੁੰਦਾ ਸੀ।
ਅਸਲ ਚ ਇਹ ਸਰਵਵਿਆਪੀ ਤੇ ਚਗਲਿਆ ਹੋਇਆ ਵਹਿਮ ਹੈ ਕਿ ਪਹਿਲਾਂ ਦੇ ਲੋਕ ਚੰਗੇ ਹੁੰਦੇ ਸਨ। ਅਸਲ ਚ ਪਹਿਲਾਂ ਦੇ ਲੋਕਾਂ, ਆਮ ਜਨਤਾ ਨੂੰ ਅਸੀਂ ਭੁੱਲ ਚੁੱਕੇ ਹਾਂ ਅਤੇ ਥੋੜੇ ਜਿਹੇ ਖਾਸ਼ ਲੋਕ ਸਾਨੂੰ ਚੇਤੇ ਰਹਿ ਗਏ ਹਨ।
ਉਹਨਾਂ ਕਰਕੇ ਹੀ ਇਹ ਸਾਰੀ ਗੜਬੜ ਹੁੰਦੀ ਹੈ। ਮਹਾਂਵੀਰ ਚੇਤੇ ਹੈ, ਮਹਾਂਵੀਰ ਵੇਲੇ ਦਾ ਆਮ ਆਦਮੀ ਚੇਤੇ ਨਹੀ। ਜੇ ਮਹਾਂਵੀਰ ਦੇ ਸਮੇ ਸਾਰੇ ਲੋਕ ਚੰਗੇ ਹੁੰਦੇ ਤਾਂ ਮਹਾਂਵੀਰ ਦਾ ਚੇਤਾ ਹੀ ਨਾ ਰਹਿੰਦਾ। ਸਕੂਲ ਮਾਸਟਰ ਕਾਲੇ ਬੋਰਡ ਉੱਤੇ ਚਿੱਟੇ ਚਾਕ ਨਾਲ ਲਿਖਦੇ ਹਨ। ਚਿੱਟੀ ਕੰਧ ਉੱਤੇ ਲਿਖ ਤਾਂ ਜਰੂਰ ਸਕਦਾ ਹੈ ਪਰ ਦਿਸੇਗਾ ਨਹੀਂ ਕਾਲੇ ਉਤੇ ਹੀ ਦਿਸੇਗਾ। ਮਹਾਂਵੀਰ ਢਾਈ ਹਜ਼ਾਰ ਸਾਲ ਮਗਰੋਂ ਇਸੇ ਲਈ ਦਿਖਾਈ ਦਿੰਦੇ ਹਨ ਕਿ ਉਹ ਮਹਾਂਪੁਰਖ ਸਨ। ਕੁੱਲ ਪੰਜ ਦਸ ਮਹਾਂਪੁਰਖ ਹੀ ਪੂਰੀ ਮਨੁੱਖ ਜਾਤੀ ਚ ਦਿਖਾਈ ਦਿੰਦੇ ਹਨ ਬਾਕੀ ਸਾਰੀ ਮਨੁਖਤਾ ਇਕ ਕਾਲੇ ਤਖਤੇ ਵਾਂਗ ਹੈ ਜਿਸ ਉੱਤੇ ਲਕੀਰਾਂ ਉੱਕਰੀਆਂ ਹੋਈਆਂ ਦਿਸਦੀਆਂ ਹਨ। ਪਰ ਕੋਈ ਮਨੁਖਤਾ ਕਦੀ ਚੰਗੀ ਨਹੀ ਸੀ। ਜਿੰਨੀ ਚੰਗੀ ਅੱਜ ਹੈ ਓਨੀ ਵੀ ਨਹੀਂ ਸੀ। ਅਸੀਂ ਹਰ ਰੋਜ਼ ਚੰਗਿਆਈ ਵੱਲ ਵਿਕਾਸ ਕਰ ਰਹੇ ਹਾਂ।
ਪਰ ਇੱਕ ਧਾਰਨਾ ਸਾਡੇ ਮਨਾਂ ਵਿੱਚ ਜੜ ਫੜ ਗਈ ਹੈ ਕਿ ਪਤਨ ਹੋ ਰਿਹਾ ਹੈ। ਪਹਿਲਾਂ ਸਤਯੁਗ ਹੋ ਚੁਕਿਆ, ਗੋਲਡਨ ਏਜ਼ ਹੋ ਗਈ, ਹੁਣ ਕਲਯੁਗ ਹੈ, ਹੁਣ ਤਾਂ ਨਿਘਾਰ ਹੀ ਨਿਘਾਰ ਹੈ।
ਜਿਹੜੀ ਕੌਮ ਦੇ ਮਨ ਵਿੱਚ ਬਹਿ ਜਾਏ ਕਿ ਅੱਗੇ ਨਿਘਾਰ ਹੀ ਨਿਘਾਰ ਹੈ ਉਸ ਨਿਘਾਰ ਹੋ ਜਾਣਾ ਜਰੂਰ ਹੀ ਹੈ, ਕਿਉਕਿ ਅੱਗੇ ਭਾਵ ਹੀ ਤੋਰਦੇ ਹਨ।ਅਸੀ ਸੁਨਹਿਰੀ ਯੁੱਗ ਨੂੰ ਪਿੱਛੇ ਰੱਖੀ ਬੈਠੇ ਹਾਂ। ਚੰਗਾ ਸਭ ਹੋ ਚੁੱਕਾ ਹੈ ਅੱਗੇ ਤਾਂ ਬੁਰਾ ਹੀ ਬੁਰਾ ਹੈ। ਇਹ ਅਸਾਂ ਪੱਕਾ ਹੀ ਮੰਨ ਲਿਆ ਹੈ। ਇਹ ਗੱਲ ਪ੍ਰਾਣਾਂ ਵਿੱਚ ਡੂੰਘੀ ਬਹਿ ਗਈ ਸਾਡਾ ਸੰਸਕਾਰ ਹੀ ਬਣ ਗਿਆ ਕਿ ਅੱਗੇ ਤਾਂ ਮਾੜਾ ਹੀ ਵਾਪਰਨਾ ਹੈ। ਜਦੋ ਕੋਈ ਕਿਸੇ ਦੀ ਵੱਖੀ ਵਿੱਚ ਛੁਰੀ ਖੋਭਦਾ ਹੈ ਤਾਂ ਅਸੀਂ ਕਹਿੰਦੇ ਹ ਆ ਗਿਆ ਕਲਯੁਗ। ਜੇ ਕੋਈ ਜਿਸੇ ਜਨਾਨੀ ਨੂੰ ਕੱਢ ਲਿਆਉਦਾ ਹੈ ਤਾਂ ਕਹਿੰਦੇ ਹਾਂ ਆ ਗਿਆ ਕਲਯੁਗ। ਅਤੇ ਜਦ ਰਿਸ਼ੀ ਮੁਨੀ ਤੀਵੀਂਆਂ ਕੱਢ ਕੇ ਲਿਜਾਂਦੇ ਰਹੇ ਤਾਂ ਸਤਯੁਗ ਸੀ। ਜਦ ਉਹ ਅਸਮਾਨੋਂ ਉਤਰ ਕੇ ਦੂਜਿਆਂ ਦੀਆਂ ਜਨਾਨੀਆਂ ਨਾਲ ਖੇਹ ਖਾਂਦੇ ਰਹੇ ਤਾਂ ਸਤਯੁਗ ਸੀ। ਤੇ ਹੁਣ ਆ ਗਿਅ ਕਲਯੁਗ। ਕਿਉਕਿ ਗਵਾਂਢੋਂ ਹੀ ਕੋਈ ਆਦਮੀ ਕੱਢ ਕੇ ਲੈ ਗਿਆ। ਅਜੀਬ ਗੱਲਾਂ ਹਨ। ਜੇ ਰਾਮਚੰਦਰ ਦੀ ਔਰਤ ਚੋਰੀ ਚਲੀ ਗਈ ਤਾਂ ਚੰਗੀ ਦੁਨੀਆ ਹੈ, ਜੇ ਹੁਣ ਕੋਈ ਰਾਮਚੰਦਰ ਜੀ ਤੁਹਾਡੇ ਗੁਆਂਡ ਰਹਿੰਦੇ ਹਨ ਅਤੇ ਉਹਨਾਂ ਦੀ ਤੀਂਵੀ ਚੋਰੀ ਚਲੀ ਜਾਏ ਤਾਂ ਕਲਯੁਗ ਆ ਗਿਆ।
ਨਹੀਂ, ਆਦਮੀ ਹਰ ਰੋਜ਼ ਚੰਗਾ ਹੋ ਰਿਹਾ ਹੈ। ਜੇ ਭਵਿੱਖ ਚੰਗਾ ਬਣਾਉਣਾ ਹੈ ਤਾਂ ਸੁਨਹਿਰੀ ਯੁੱਗ ਅੱਗੇ ਹੈ।ਹਨੇਰਾ ਪਿੱਛੇ ਹੈ ਚਾਨਣ ਅੱਗੇ। ਭਵਿੱਖ ਚੰਗਾ ਬਣਾਉਣਾ ਹੋਏ ਤਾਂ ਆਸ ਚਾਹੀਦੀ ਹੈ। ਅਤੇ ਆਸ ਨਾ ਹੋਵੇ ਤਾਂ ਭਵਿੱਖ ਨਹੀਂ ਬਣਾਇਆ ਜਾ ਸਕਦਾ।
ਮਨੁੱਖ ਦੇ ਪੈਰ ਜੋ ਏਨੇ ਡਗਮਗਾਏ ਜਾਪਦੇ ਹਨ, ਉਸਦਾ ਇੱਕ ਕਾਰਨ ਇਹੀਓ ਹੈ। ਆਸ ਅੱਗੇ ਨਹੀਂ ਜਾਪਦੀ। ਅੱਗੇ ਹਨੇਰਾ ਹੈ। ਹਨੇਰਾ ਸਾਡਾ ਪੈਦਾ ਕੀਤਾ ਹੋਇਆ ਹੈ।
ਅੱਜ ਜਿੰਨਾ ਚੰਗਾ ਇਨਸਾਨ ਧਰਤੀ ਉੱਤੇ ਕਦੇ ਨਹੀ ਸੀ। ਪਿੱਛੇ ਜਹੇ ਬਿਹਾਰ ਚ ਅਕਾਲ ਪਿਆ। ਉਸ ਨਾਲ ਦੋ ਕਰੋੜ ਆਦਮੀ ਮਰ ਸਕਦੇ ਸਨ, ਪਰ ਮਰੇ ਸਿਰਫ ਚਾਲੀ। ਦੋ ਕਰੋੜ ਆਦਮੀ ਕਿਵੇਂ ਬਚੇ? ਸਾਰੀ ਦੁਨੀਆ ਦੌੜ ਪਈ। ਦੂਰ ਦਰੇਡੇ ਦੇਸ਼ਾਂ ਦੇ ਅਣਜਾਣੇ ਬੱਚਿਆਂ ਨੇ ਆਪਣੇ ਖਾਣੇ ਦੇ ਪੈਸੇ ਬਚਾੲੇ,ਆਈਸਕਰੀਮ ਦੇ, ਸਿਨੇਮਾ ਦੇਖਣ ਦੇ ਪੈਸੇ ਬਚਾਏ। ਬਿਹਾਰ ਵਿੱਚ ਕੋਈ ਅਣਜਾਣਿਆ ਆਦਮੀ ਮਰ ਰਿਹਾ ਹੈ ਜਿਸਨਾਲ ਕੋਈ ਸੰਬੰਧ ਨਹੀ ਹੈ। ਉਸਨੂੰ ਬਚਾਉਣਾ ਹੈ। ਅੱਜ ਵੀਅਤਨਾਮ ਵਿੱਚ ਲੜਾਈ ਛਿੜੇ ਤਾਂ ਏਥੇ ਉੱਗੀ,ਚਿੱਟੀ ਦੀ ਰੂਹ ਵੀ ਕੰਬ ਉਠਦੀ ਹੈ ਕਿ ਗਲਤ ਹੋ ਰਿਹਾ ਹੈ । ਕਿਤੇ ਕੁੱਝ ਵੀ ਗਲਤ ਹੋਵੇ ਸਾਰੀ ਦੁਨੀਆਂ ਪੀੜ ਮਹਿਸੂਸ ਕਰਦੀ ਹੈ।ਭਾਰਤ ਵਿੱਚ ਨਕਸਲੀਆਂ ਦੇ ਨੇਤਾ ਚਾਰੂ ਮਜ਼ੂਮਦਾਰ ਦਾ ਕਤਲ ਕੀਤਾ ਗਿਆ ਤਾਂ ਕਨੇਡਾ ਗਈ ਕਾਤਲ ਪ੍ਰਧਾਨ ਮੰਤਰੀ ਨੂੰ ਅੰਗਰੇਜ਼ੀ ਨੌਜਵਾਨ ਬਿਫਰ ਕੇ ਪੈਂਦੇ ਹਨ। ਭਾਰਤ ਵਿੱਚ ਗਰੀਬ ਨਪੀੜੇ ਜਾ ਰਹੇ ਹਨ ਤਾਂ ਇੰਗਲੈਂਡ ਦੀ ਨੇਕਦਿਲ ਨਾਰੀ ਮੇਰੀ ਟੇਲਰ ਉਹਨਾਂ ਖਾਤਰ ਆ ਕਿ ਬਿਹਾਰ ਆਂਧਰਾਂ ਦੇ ਜੰਗਲਾਂ ਚ ਗੁਰੀਲਾ ਯੁੱਧ ਲੜਦੀ ਹੈ ,ਕੈਦਾਂ ਕਟਦੀ ਹੈ। ਸਪੇਨ ਵਿੱਚ ਫਾਸਿਸਟ ਜ਼ੁਲਮ ਢਾਹੁਦੇ ਹਨ ਤਾਂ ਇੰਗਲੈਂਡ ਦੇ ਰੈਲਫ ਫਾਕਸ ਉੱਥੇ ਜਾ ਕੇ ਲੜਦੇ ਹੋਏ ਸ਼ਹੀਦ ਹੋ ਜਾਂਦੇ ਹਨ।
ਮਨੁਖਤਾ ਪਹਿਲੀ ਵਾਰ ਬੌਧ ਨੂੰ ਪ੍ਰਾਪਤ ਹੋਈ ਹੈ। ਆਦਮੀ ਵਿਕਸਿਤ ਹੋਇਆ ਹੈ, ਸਮਝ ਵਧੀ ਹੈ, ਸੁੱਖ ਪਨਪਿਆ ਹੈ।
ਅੱਜ ਦੁਨੀਆ ਵਿੱਚ ਬੀਟਨੀਕ, ਹਿੱਪੀ ਤੇ ਹੋਰ ਅਸ਼ਾਂਤ ਲੋਕ ਵਧ ਰਹੇ ਹਨ।
ਇਹ ਵੀ ਵਿਕਾਸ ਦਾ ਹੀ ਇੱਕ ਚਿੰਨ੍ਹ ਹੈ। ਕੋਈ ਜਾਨਵਰ ਅਸ਼ਾਂਤ ਨਹੀਂ ਹੁੰਦਾ। ਸੁਣਿਆ ਹੈ ਕਦੀ ਮੱਝ ਨੂੰ ਅਸ਼ਾਂਤ ਹੋਇਆਂ? ਸੁਣਿਆ ਹੈ ਕਦੀ ਕਿਸੇ ਖੋਤੇ ਨੂੰ ਮਾਨਸਿਕ ਭਟਕਣ ਕਰਕੇ ਰਾਤ ਨੂੰ ਕਦੀ ਨੀਂਦ ਨਾ ਆਈ ਹੋਵੇ? ਤੁਸੀਂ ਕਦੀ ਵੀ ਨਹੀ ਵੇਖਿਆ ਹੋਣਾ ਕਿ ਕੋਈ ਗਧਾ ਬੋਰ ਹੋ ਗਿਆ ਹੋਵੇ,ਉਚਾਟ ਹੋ ਗਿਆ ਹੋਵੇ ਜਾਂ ਕਿਸੇ ਬਲਦ ਨੇ ਆਤਮਹੱਤਿਆ ਕਰ ਲਈ ਹੋਵੇ ਕਿ ਜ਼ਿੰਦਗੀ ਫਜ਼ੂਲ ਹੈ। ਕੋਈ ਵੀ ਪਸ਼ੂ ਨਾ ਤਾਂ ਉਬਦਾ ਹੈ ਨਾ ਅਸ਼ਾਂਤ ਹੁੰਦਾ ਹੈ, ਨਾ ਫਿਕਰਮੰਦ ਹੁੰਦਾ ਹੈ ਨਾ ਆਤਮਹੱਤਿਆ ਕਰਦਾ ਹੈ ਕਿਉਕਿ ਬੁੱਧੀ ਬਹੁਤ ਅਵਿਕਸਿਤ ਹੁੰਦੀ ਓਨੀ ਹੀ ਸੰਵੇਦਨਸ਼ੀਲ, ਸਿੰਸੇਟਿਵ ਹੁੰਦੀ ਹੈ। ਓਨੀਆਂ ਹੀ ਚੀਜ਼ਾਂ ਮਹਿਸੂਸ ਹੋਣ ਲਗਦੀਆਂ ਹਨ ਅਤੇ ਸਮਝ ਵਧਦੀ ਹੈ। ਜਿੰਨਾ ਚਾਰਾਂ ਪਾਸਿਆਂ ਦਾ ਫੈਲਾਓ ਵਧਦਾ ਹੈ ਓਨੀ ਹੀ ਅਰਥ ਦੀ ਖੋਜ਼ ਡੂੰਘੀ ਹੁੰਦੀ ਹੈ। ਦੋਨੇ ਦੇ ਜੋ ਗਰੀਬ ਲੋਕ ਬਿਆਸ ਵੱਲ ਭੱਜ ਰਹੇ ਹਨ ਸ਼ਾਂਤੀ ਲੈਣ ਲਈ -ਕਾਰਨ ਇਹੀ ਹੈ ਕਿ ਜੀਵਣ ਦਾ ਖਲਜਗਣ ਦਾ ਫੈਲਾਓ ਵਧ ਰਿਹਾ ਹੈ ,ਜੀਵਨ ਦੇ ਅਰਥ ਦੀ ਖੋਜ ਸ਼ੁਰੂ ਹੋ ਗਈ ਹੈ। ਕਾਲਜਾਂ ਵਿੱਚ ਨਸ਼ੇ ਪੱਤੇ ਦਾ ਵਾਧਾ ਹੋ ਰਿਹਾ ਹੈ ਤਾਂ ਅਸਲ ਵਿੱਚ ਬਹੁਤ ਕੁੱਝ ਨਜ਼ਰ ਆ ਗਿਆ ਹੈ ਅਤੇ ਜੀਣ ਦਾ ਅੰਤਰ ਉਤਸ਼ਾਹ ਘਟ ਗਿਆ ਹੈ।ਸੋਫੀ ਹੋ ਕੇ ਰੂਹ ਦਾ ਕੱਦ ਘਟਦਾ ਹੈ।
ਮਨੁਖਤਾ ਦੀ ਜਿਆਦਾ ਵਿਕਸਿਤ ਬੁੱਧੀ ਚਿੰਤਾ ਨੂੰ ਜਨਮ ਦਿੰਦੀ ਹੈ।ਿਜੰਨੀ ਵੱਡੀ ਚਿੰਤਾ ਕਿਸੇ ਚ ਹੋਵੇ ਓਨੀ ਵੱਡੀ ਸ਼ਾਤੀ ਹਾਸਲ ਕੀਤੀ ਜਾ ਸਕਦੀ ਹੈ। ਸਾਡੇ ਜੀਵਨ ਦੀ ਸੂਖਮਤਾ ਅਤੇ ਸ਼ਮੂਲੀਅਤ ਸਰਗਰਮੀ ਇਕੱਠੀਆਂ ਵਧਦੀਆਂ ਹਨ। ਜੇ ਕੋਈ ਆਦਮੀ ਦੋ ਡਿਗਰੀ ਤੱਕ ਅਸ਼ਾਂਤ ਹੋ ਸਕਦਾ ਹੈ ਤਾਂ ਉਹ ਦੋ ਡਿਗਰੀ ਤੱਕ ਸ਼ਾਂਤ ਵੀ ਹੋ ਸਕਦਾ ਹੈ ਅਤੇ ਦੋ ਡਿਗਰੀ ਸ਼ਾਂਤੀ ਲਈ ਯਤਨ ਸ਼ੀਲ ਵੀ ਹੋ ਸਕਦਾ ਹੈ। ਮਨ ਵਿੱਚ ਜਿੰਨਾ ਕਰੂਪਤਾ ਦਾ ਬੋਧ ਹੋਵੇ, ਸੁੰਦਰਤਾ ਦਾ ਬੋਧ ਵੀ ਓਨਾ ਹੀ ਹੋ ਸਕਦਾ ਹੈ। ਅੱਜ ਮਨੁੱਖਤਾ ਬਹੁਤੀ ਫਿਕਰਮੰਦ ਹੈ। ਪਰ ਬਹੁਤਾ ਫਿਕਰਮੰਦ ਹੋਣ ਨਾਲ ਪਿੱਛੇ ਨਹੀ ਮੁੜਨਾ ਹੈ, ਸਗੋਂ ਅੱਗੇ ਜਾਣਾ ਹੈ ਤਾਂ ਕਿ ਜਿੰਨੀ ਚਿੰਤਾ ਹੈ ਓਨੇ ਹੀ ਸ਼ਾਤੀ ਦੇ ਨਵੇਂ ਰਾਹ ਲ਼ੱਭ ਸਕੀਏ।
ਇਹ ਪਿਛਾਂਹ ਨੂੰ ਮੁੜਨ ਵਾਲਾ ਨਾਅਰਾ ਸਦਾ ਤੋਂ ਸੀ, ਇਸ ਨਾਲ ਕੋਈ ਭਲਾ ਨਹੀਂ ਹੋਇਆ ਹੈ। ਮਨੁੱਖ ਦਾ ਚਿਤ ਇਤਨਾ ਪਰਪੱਕ, ਏਨਾ ਵਿਕਸਿਤ ਹੋ ਗਿਆ ਹੈ ਕਿ ਉਸਨੂੰ ਰਾਮ ਰਾਜ ਵਿੱਚ ਨਹੀ ਲੈਜਾਇਆ ਜਾ ਸਕਦਾ। ਕਿਸੇ ਪ੍ਰਮਿਟਿਵ ਸਮਾਜ ਵਿਚ ਨਹੀ ਲਿਜਾਇਆ ਜਾ ਸਕਦਾ। ਇੱਕ ਦੋ ਦਿਨ ਲਈ ਚੰਗਾ ਲੱਗੇ ਜੰਗਲ ਵੀ ਦਿਲਚਸਪ ਲੱਗੇ। ਪਰ ਦੋ ਤਿੰਨ ਦਿਨ ਮਗਰੋਂ ਉਬ ਜਾਏਗਾ। ਮਨੁਖਤਾ ਅੱਗੇ ਤੁਰਦੀ ਹੈ। ਹਾਂ ਪਿੱਛੇ ਮੁੜਕੇ ਇੱਕ ਦੋ ਦਿਨ ਲਈ ਹਾਲੀਡੇ ਮਨਾਇਆ ਜਾ ਸਕਦਾ ਹੈ। ਮਨ ਚ ਮੌਜ਼ ਆ ਜਾਏ ਰਾਜਘਾਟ ਤੇ ਬਹਿ ਕੇ ਚਰਖਾ ਕੱਤੀਏ ਜਿਵੇ ਲੀਡਰ ਲੋਕ ਕੱਤਦੇ ਹਨ-ਉਹ ਸਹੀ ਹੈ ਪਰ ਜੇ ਕੋਈ ਕਹੇ ਚਰਖੇ ਨੂੰ ਇੰਡਸਟਰੀ ਦਾ ਕੇਂਦਰ ਬਣਾ ਲਓ ਤਾਂ ਗਲਤ ਹੈ। ਕੋਈ ਕਹੇ ਚਰਖਾ ਹੀ ਚਲਾਓ ਖਤਰਾ ਹੈ ਕਦੀ ਕਦੀ ਫੋਟੂ ਖਿਚਾਉਣ ਲਈ ਚਰਖਾ ਕੱਤਣਾ ਚੰਗੀ ਹਾਬੀ ਹੈ। ਸਸਤੀ ਅਤੇ ਬਹੁਤ ਫਾਇਦਾ ਦਿੰਦੀ ਹੈ। ਪਰ ਸੱਚੀ ਮੁੱਚੀ ਪਿੱਛੇ ਮੁੜਨਾ ਅਸੰਭਵ ਹੈ। ਨਾ ਕੋਈ ਭਾਰਤੀ ਸੰਸਕ੍ਰਿਤੀ, ਨਾ ਮੁਸਲਮਾਨ, ਨਾ ਇਸਾਈ ਸੰਸਕ੍ਰਿਤੀ ਪਿੱਛੇ ਲਿਜਾ ਕੇ ਸੁੱਖ ਦੇ ਸਕਦੀ ਹੈ। ਅੱਗੇ ਹੋਰ ਅੱਗੇ -ਜਿੱਥੇ ਸਭ ਜਾ ਰਹੇ ਹਨ, ਉਥੇ ਨਾ ਕੋਈ ਹਿੰਦੂ ਬਚੇਗਾ ਨਾ ਕੋਈ ਸਿੱਖ,ਨਾ ਮੁਸਲਮਾਨ ਬਚੇਗਾ ਨਾ ਇਸਾਈ ਬਚੇਗਾ। ਉੱਥੇ ਸਿਰਫ ਆਦਮੀ ਬਚੇਗਾ। ਭਵਿੱਖ ਕੇਵਲ ਇਨਸਾਨ ਦਾ ਹੈ।
ਅਵਤਾਰ ਪਾਸ਼ (ਸਿਆੜ-ਮੱਘਰ 1977)

Total Views: 291 ,
Real Estate