ਪਾਕਿਸਤਾਨ : ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਇਆ ਸਾਕੇ ਦੀ 100 ਸਾਲਾਂ ਸ਼ਤਾਬਦੀ ਦਾ ਮੁੱਖ ਸਮਾਗਮ

100 ਸਾਲ ਪਹਿਲਾਂ ਵਾਪਰੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਦਾ ਮੁੱਖ ਸਮਾਗਮ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿਖੇ ਹੋਇਆ, ਜਿਸ ਵਿਚ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਕਰਤ ਕੀਤੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਂਝੇ ਤੌਰ ’ਤੇ ਕੀਤੇ ਗਏ ਇਸ ਸ਼ਤਾਬਦੀ ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਸਾਕਾ ਸ੍ਰੀ ਪੰਜਾ ਸਾਹਿਬ ਦੇ ਸ਼ਹੀਦ ਕੌਮੀ ਅਕੀਦਿਆਂ ਨੂੰ ਪ੍ਰਣਾਏ ਹੋਏ ਸਨ, ਜਿਨ੍ਹਾਂ ਨੇ ਸਿੱਖ ਸੰਸਥਾਵਾਂ ਦੀ ਮਜਬੂਤੀ ਲਈ ਆਪਣੀਆਂ ਸ਼ਹਾਦਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਦੇਸ਼ ਵੰਡ ਮਗਰੋਂ ਸ੍ਰੀ ਪੰਜਾ ਸਾਹਿਬ ਸਮੇਤ ਬਹੁਤ ਸਾਰੇ ਗੁਰਧਾਮ ਪਾਕਿਸਤਾਨ ਵਿਚ ਰਹਿ ਗਏ, ਜਿਨ੍ਹਾਂ ਪ੍ਰਤੀ ਸਿੱਖ ਕੌਮ ਅੰਦਰ ਗਹਿਰਾ ਸਤਿਕਾਰ ਅਤੇ ਸ਼ਰਧਾ ਹੈ। ਇਨ੍ਹਾਂ ਵਿਛੜੇ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖਾਂ ਨੂੰ ਖੁੱਲ੍ਹ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖਾਂ ਨੂੰ ਮੌਕੇ ’ਤੇ ਵੀਜ਼ੇ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਤਾਂ ਜੋ ਸ਼ਰਧਾਲੂ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੇ ਗੁਰਧਾਮਾਂ ’ਤੇ ਆ ਕੇ ਨਤਮਸਤਕ ਹੋ ਸਕਣ। ਉਨ੍ਹਾਂ ਕਿਹਾ ਕਿ ਸਿੱਖ ਦੋਹਾਂ ਦੇਸ਼ਾਂ ਦੇ ਸੁਖਾਵੇਂ ਸਬੰਧ ਲੋਚਦੇ ਹਨ, ਕਿਉਂਕਿ ਜਦੋਂ ਵੀ ਦੇਸ਼ਾਂ ਦੇ ਸਬੰਧਾਂ ’ਚ ਕੁੜੱਤਣ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਿੱਖ ਜਥਿਆਂ ਦੇ ਆਉਣ-ਜਾਣ ’ਤੇ ਪ੍ਰਭਾਵ ਪੈਂਦਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਜਥਿਆਂ ਰਾਹੀਂ ਪਾਕਿਸਤਾਨ ਆਉਣ ਵਾਲੇ ਸ਼ਰਧਾਲੂਆਂ ਲਈ ਚਲਦੀ ਰੇਲ ਸੇਵਾ ਦਾ ਵੀ ਬੀਤੇ ਸਮੇਂ ਤੋਂ ਬੰਦ ਹੋਣਾ ਠੀਕ ਨਹੀਂ ਹੈ। ਕਿਉਂਕਿ ਕਾਫਿਈਤੀ ਰੇਲ ਸੇਵਾ ਦੇ ਬੰਦ ਹੋਣ ਨਾਲ ਆਮ ਸ਼ਰਧਾਲੂਆਂ ’ਤੇ ਆਰਥਿਕ ਬੋਝ ਬਣਿਆ ਹੋਇਆ ਹੈ। ਉਨ੍ਹਾਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਕਿਹਾ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਅਤੇ ਅਰਸੇ ਤੋਂ ਚਲਦੀ ਰੇਲ ਸੇਵਾ ਮੁੜ ਬਹਾਲ ਕੀਤੀ ਜਾਵੇ।

Total Views: 200 ,
Real Estate