ਰਾਮ ਰਹੀਮ ਮੁੜ ‘ਜਾਮ-ਏ-ਇੰਸਾ’ ਵਾਲੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ‘ਚ: ਰੰਧਾਵਾ


ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇਸ ਸਮੇਂ 40 ਦਿਨ ਦੀ ਪੈਰੋਲ ਮਿਲੀ ਹੋਈ ਹੈ ਅਤੇ ਸਤਿਸੰਗਾਂ ਦਾ ਦੌਰ ਜਾਰੀ ਹੈ। ਵਿਰੋਧੀਆਂ ਵੱਲੋਂ ਇਨ੍ਹਾਂ ਸਤਿਸੰਗਾਂ ਨੂੰ ਰਾਜਨੀਤਕ ਪੱਖ ਤੋਂ ਵੇਖਿਆ ਜਾ ਰਿਹਾ ਹੈ, ਜਿਸ ਵਿੱਚ ਰੋਜ਼ਾਨਾ ਚੋਣਾਂ ਦੇ ਮੱਦੇਨਜ਼ਰ ਸਿਆਸਦਾਨ ਡੇਰਾ ਮੁਖੀ ਦੀਆਂ ਚੌਕੀਆਂ ਭਰਦੇ ਵੇਖੇ ਜਾ ਸਕਦੇ ਹਨ। ਇਨ੍ਹਾਂ ਸਾਰੀਆਂ ਸਰਗਰਮੀਆਂ ਦੌਰਾਨ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਮ ਰਹੀਮ ਨੂੰ ਮਿਲੀ ਪੈਰੋਲ ‘ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਖਦਸ਼ਾ ਜ਼ਾਹਰ ਕੀਤਾ ਕਿ ਡੇਰਾ ਮੁਖੀ ਮੁੜ ਜਾਮ ਏ ਇੰਸਾ ਵਰਗੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਹੈ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਤਿਆਰੀ ਹੈ। ਉਨ੍ਹਾਂ ਇਸ ਮਾਮਲੇ ‘ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਐਕਸ਼ਨ ਲੈਣ ਲਈ ਕਿਹਾ ਹੈ।
ਰੰਧਾਵਾ ਨੇ ਡੇਰਾ ਮੁਖੀ ਵੱਲੋਂ ਖੁਦ ਨੂੰ ਗੁਰੂ ਦੱਸਣ ‘ਤੇ ਤੰਜ ਕੱਸਿਆ ਕਿ ਜਿਹੜਾ ਵਿਅਕਤੀ ਬਲਾਤਕਾਰ ਵਰਗੇ ਕਸੂਰ ਦਾ ਦੋਸ਼ ਹੋਵੇ, ਉਸਦਾ ਕਹਿਣਾ ਇਹੀ ਮਤਲਬ ਹੈ ਕਿ ਮੈਂ ਬਲਾਤਕਾਰ ਸੀ ਅਤੇ ਰਹਾਂਗਾ, ਜਿਸ ਵਿਅਕਤੀ ‘ਤੇ ਇੰਨੇ ਗੰਭੀਰ ਦੋਸ਼ ਹੋਣ, ਉਸ ਨੂੰ ਪੈਰੋਲ ਦੇਣਾ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਡੇਰਾ ਮੁਖੀ ਖੁਦ ਨੂੰ ਗੁਰੂ ਕਹਿੰਦਾ ਹੈ, ਜਦੋਂ ਪੰਚਕੂਲਾ ਵਿੱਚ ਇਸਦੀ ਗ੍ਰਿਫਤਾਰੀ ਸਮੇਂ ਲੋਕਾਂ ਨੂੰ ਗੋਲੀਆਂ ਲੱਗੀਆਂ ਅਤੇ ਮੌਤਾਂ ਹੋਈਆਂ ਤਾਂ ਇਹ ਕਿੱਥੇ ਸੀ, ਜੇਕਰ ਇਹ ਸੱਚ ਵਿੱਚ ਗੁਰੂ ਸੀ ਤਾਂ ਉਦੋਂ ਭਗਤਾਂ ਦੀ ਜਾਨ ਬਚਾਉਂਦਾ, ਗੋਲੀ ਆਪਣੀ ਛਾਤੀ ‘ਤੇ ਖਾਂਦਾ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਢੋਂਗੀ ਬਾਬਿਆਂ ਤੋਂ ਬਚਣਾ ਚਾਹੀਦਾ ਹੈ।
ਰੰਧਾਵਾ ਨੇ ਆਪਣੀ ਕਾਰਜਕਾਲ ਦੌਰਾਣ ਬਣਾਈ ਜਾਂਚ ਕਮੇਟੀ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਖੜਾ ਕੀਤਾ।ਉਨ੍ਹਾਂ ਕਿਹਾ ਕਿ ਜਿਹੜੀ ਜਾਂਚ ਟੀਮ ਅਸੀਂ ਬਣਾਈ ਸੀ, ਉਸਦੀ ਜਾਂਚ ਪ੍ਰਕਿਰਿਆ ‘ਤੇ ਵੀ ਸ਼ੱਕ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਲਾਂਭੇ ਕੀਤਾ ਗਿਆ ਸੀ, ਉਦੋਂ ਜਾਂਚ ਟੀਮ ਉਸੇ ਦਿਨ ਅਦਾਲਤ ਵਿੱਚ ਆਪਣਾ ਚਲਾਨ ਪੇਸ਼ ਕਰਨਾ ਚਾਹੁੰਦੀ ਸੀ, ਪਰ ਅਸੀਂ ਉਸ ਨੂੰ ਰੁਕਵਾਇਆ, ਉਨ੍ਹਾਂ ਕਿਹਾ ਕਿ ਕੌਣ ਸੀ ਇਸ ਪਿੱਛੇ? ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਜਿ਼ਲ੍ਹੇ ਵਿੱਚ ਇੱਕ ਹੋਰ ਡੇਰਾ ਖੋਲ੍ਹਣ ਦੀ ਗੱਲ ਕੀਤੀ ਜਾ ਰਹੀ ਹੈ, ਪਰ ਮੁੱਖ ਮੰਤਰੀ ਬੋਲਦੇ ਕਿਉਂ ਨਹੀਂ? ਐਸਜੀਪੀਸੀ ਚੁੱਪ ਕਿਉਂ ਹੈ?

Total Views: 133 ,
Real Estate