‘ਪੱਕੜਾਂ’ ਦੀ ਪਕੜ

ਹਿਮਾਚਲ ਪ੍ਰਦੇਸ਼ ਅਸੰਬਲੀ ਦੀਆਂ 12 ਨਵੰਬਰ ਨੂੰ ਹੋ ਰਹੀਆਂ ਚੋਣਾਂ ਵਿਚ ਖੜ੍ਹੇ ਉਮੀਦਵਾਰਾਂ ਦੀਆਂ ਉਮਰਾਂ ਦੱਸਦੀਆਂ ਹਨ ਕਿ ਪਾਰਟੀਆਂ ਨੌਜਵਾਨਾਂ ਨੂੰ ਅੱਗੇ ਲਿਆਉਣ ‘ਚ ਕਤਈ ਗੰਭੀਰ ਨਹੀਂ | ਮੁਲਾਜ਼ਮ 58-60 ਦੀ ਉਮਰ ਵਿਚ ਰਿਟਾਇਰ ਹੋ ਜਾਂਦੇ ਹਨ, ਪਰ ਸਿਆਸਤਦਾਨ 80 ਟੱਪਣ ਦੇ ਬਾਅਦ ਵੀ ਰਿਟਾਇਰ ਹੋਣ ਲਈ ਤਿਆਰ ਨਹੀਂ | ਇਨ੍ਹਾਂ ਦਾ ਜੋਸ਼ ਬੁਢਾਪੇ ਵਿਚ ਵੀ ਇਨ੍ਹਾਂ ਨੂੰ ‘ਜਵਾਨ’ ਬਣਾਉਂਦਾ ਹੈ | ਸੋਲਨ ਤੋਂ ਕਾਂਗਰਸ ਦੇ ਉਮੀਦਵਾਰ ਕਰਨਲ ਧਨੀ ਰਾਮ ਸ਼ਾਂਡਿਲ 82 ਸਾਲ ਦੇ ਹਨ | ਸੂਬੇ ਵਿਚ ਸਭ ਤੋਂ ਵੱਡੀ ਉਮਰ ਦੇ ਸ਼ਾਂਡਿਲ ਦਾ ਮੁਕਾਬਲਾ ਆਪਣੇ ਦਾਮਾਦ ਡਾ. ਰਾਜੇਸ਼ ਕਸ਼ਯਪ ਨਾਲ ਹੈ, ਜਿਹੜੇ ਭਾਜਪਾ ਦੀ ਟਿਕਟ ‘ਤੇ ਲੜ ਰਹੇ ਹਨ | ਸ਼ਾਂਡਿਲ ਤੋਂ ਬਾਅਦ ਕਾਂਗਰਸ ਦੇ ਹੀ ਅੱਠ ਵਾਰ ਦੇ ਵਿਧਾਇਕ ਤੇ ਸਾਬਕਾ ਮੰਤਰੀ ਕੌਲ ਸਿੰਘ ਦਰੰਗ ਹਲਕੇ ਤੋਂ 76 ਸਾਲ ਦੀ ਉਮਰ ਵਿਚ ਮੈਦਾਨ ‘ਚ ਹਨ | ਚੰਬਾ ਦੇ ਭਰਮੌਰ ਹਲਕੇ ਤੋਂ ਠਾਕੁਰ ਸਿੰਘ ਭਰਮੌਰੀ 75 ਸਾਲ ਦੀ ਉਮਰ ‘ਚ ਕਾਂਗਰਸੀ ਉਮੀਦਵਾਰ ਹਨ | ਭਾਜਪਾ ਉਮੀਦਵਾਰ ਸਾਬਕਾ ਮੈਡੀਕਲ ਸੁਪਰਡੈਂਟ ਡਾ. ਜਨਕ ਰਾਜ ਭਰਮੌਰੀ ਨੂੰ ਸੁੱਕਾ ਦਰੱਖਤ ਦੱਸ ਕੇ ਪ੍ਰਚਾਰ ਕਰ ਰਹੇ ਹਨ | ਬਿਲਾਸਪੁਰ ਦੇ ਸ੍ਰੀ ਨੈਣਾ ਦੇਵੀ ਹਲਕੇ ਤੋਂ ਕਾਂਗਰਸ ਨੇ ਮੌਜੂਦਾ ਵਿਧਾਇਕ ਠਾਕੁਰ ਰਾਮ ਲਾਲ ਨੂੰ ਮੁੜ ਉਤਾਰਿਆ ਹੈ, ਜਿਨ੍ਹਾ ਦੀ ਉਮਰ 71 ਸਾਲ ਹੈ | ਭਾਜਪਾ ਵੱਲੋਂ ਕੁੱਲੂ ਹਲਕੇ ਵਿਚ ਆਖਰੀ ਛਿਣਾਂ ਵਿਚ ਬਦਲ ਦਿੱਤੇ ਗਏ ਮਹੇਸ਼ਵਰ ਸਿੰਘ 73 ਸਾਲ ਦੇ ਹਨ | ਦੇਹਰਾ ਤੋਂ ਭਾਜਪਾ ਨੇ 71 ਸਾਲ ਦੇ ਰਮੇਸ਼ ਚੰਦ ਧਵਾਲਾ ਨੂੰ ਉਤਾਰਿਆ ਹੈ | ਭਾਜਪਾ ਦੇ ਸ਼ਿਮਲਾ ਸ਼ਹਿਰੀ ਤੋਂ ਵਿਧਾਇਕ 70 ਸਾਲ ਦੇ ਸੁਰੇਸ਼ ਭਾਰਦਵਾਜ ਸਨ, ਜਿਨ੍ਹਾ ਨੂੰ ਹੁਣ ਕੁਸੁਮ ਪੱਟੀ ਤੋਂ ਖੜ੍ਹਾ ਕੀਤਾ ਗਿਆ ਹੈ | ਬਜ਼ੁਰਗਾਂ ਨੂੰ ਤਰਜੀਹ ਦੇਣ ਤੋਂ ਕਾਂਗਰਸ ਤੇ ਭਾਜਪਾ ਦੋਹਾਂ ਦੇ ਨੌਜਵਾਨ ਵਰਕਰ ਦੁਖੀ ਹਨ | ਦੁਖੀ ਹੋਣਾ ਸੁਭਾਵਕ ਹੈ | ਜਦ 70-80 ਸਾਲ ਦੇ ਆਗੂ ਚੋਣ ਮੈਦਾਨ ਨਹੀਂ ਛੱਡਣਗੇ ਤਾਂ ਉਨ੍ਹਾਂ ਨੂੰ ਕਦੋਂ ਮੌਕਾ ਮਿਲੇਗਾ | ਜਿਵੇਂ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਉਨ੍ਹਾਂ ਦੀ ਨੌਕਰੀ ਕਰਨ ਦੀ ਉਮਰ ਲੰਘ ਜਾਂਦੀ ਹੈ, ਤਿਵੇਂ ਉਨ੍ਹਾਂ ਨੂੰ ਸਿਆਸਤ ਵਿਚ ਵੀ ਕੁਝ ਕਰ ਦਿਖਾਉਣ ਦਾ ਮੌਕਾ ਨਹੀਂ ਮਿਲ ਰਿਹਾ |

Total Views: 244 ,
Real Estate