ਪੰਜਾਬ ‘ਚ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਬੁਲਟਪਰੂਫ ਗੱਡੀਆਂ-ਜੈਕਟਾਂ ਦੀ ਵਧੀ ਮੰਗ

ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਦੇ ਰਸੂਖਦਾਰਾਂ ਵਿਚ ਗੈਂਗਸਟਰਾਂ ਦਾ ਖੌਫ ਵੱਧ ਗਿਆ ਹੈ। ਇਸ ਕਤਲ ਕਾਂਡ ਤੋਂ ਬਾਅਦ ਬਿਜਨਸਮੈਨ, ਸਿਆਸਤਦਾਨ ਅਤੇ ਸਥਾਨਕ ਪੰਜਾਬੀ ਗਾਇਕ ਅਤੇ ਅਦਾਕਰਾਂ ਦੀ ਚਿੰਤਾ ਵੱਧ ਗਈ ਹੈ। ਸੁਰੱਖਿਆ ਦੇ ਲਿਹਾਜ਼ ਨਾਲ ਇਹ ਲੋਕ ਹੁਣ ਬੁਲਟਪਰੂਫ ਜੈਕਟਸ ਪਹਿਣਨਾ ਅਤੇ ਬੁਲਟਪਰੂਫ ਗੱਡੀਆਂ ਦੀ ਵਰਤੋਂ ਕਰਨ ਲੱਗੇ ਹਨ। ਬੁਲਟ ਪਰੂਫ ਜੈਕਟਸ ਅਤੇ ਗੱਡੀਆਂ ਦੀ ਸਪਲਾਈ ਕਰਨ ਵਾਲੀ ਇਕ ਫਰਮ ਦੇ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਪੰਜਾਬ ਵਿਚ ਪਿਛਲੇ 4 ਮਹੀਨਿਆਂ ਦੀ ਡਿਮਾਂਡ 55 ਫੀਸਦੀ ਵੱਧ ਗਈ ਹੈ। ਪਹਿਲਾਂ ਹਰ ਮਹੀਨੇ 8 ਤੋਂ 10 ਜੈਕਟਾਂ ਦੇ ਆਰਡਰ ਆਉਂਦੇ ਸਨ ਜਿਹੜੇ ਹੁਣ ਵੱਧ ਕੇ 15 ਤੋਂ 20 ਹੋ ਗਏ ਹਨ। ਇਸੇ ਤਰ੍ਹਾਂ ਗੱਡੀ ਦੀ ਗੱਲ ਕਰੀਏ ਤਾਂ ਪਹਿਲਾਂ 2 ਤੋਂ 3 ਗੱਡੀਆਂ ਦੀ ਡਿਮਾਂਡ ਸੀ, ਜਿਹੜੀ ਹੁਣ ਵੱਧ ਕੇ 4-6 ਹੋ ਗਈ ਹੈ।
ਜਿਨ੍ਹਾਂ ਗੱਡੀਆਂ ਨੂੰ ਬੁਲਟ ਪਰੂਫ ਬਣਾਇਆ ਗਿਆ ਹੈ, ਉਨ੍ਹਾਂ ਵਿਚ ਸਕਾਰਪਿਓ, ਫਾਰਚੂਨਰ, ਅੰਡੈਵਰ ਅਤੇ ਪਜੈਰੋ ਸ਼ਾਮਲ ਹੈ। ਸਕਾਰਪਿਓ ਲਗਭਗ 12 ਲੱਖ ਰੁਪਏ ਅਤੇ ਇਕ ਫਾਰਚੂਨਰ ਲਗਭਗ 18 ਲੱਖ ਰੁਪਏ ‘ਚ ਬੁਲਟਪਰੂਫ ਬਣਾਈ ਜਾਂਦੀ ਹੈ। ਬੁਲਟਪਰੂਫ ਕਾਰ ਬਨਾਉਣ ਵਿਚ ਲਗਭਗ 60 ਦਿਨ ਦਾ ਪ੍ਰੋਸੈੱਸ ਹੁੰਦਾ ਹੈ। ਪਹਿਲਾਂ ਬੁਲਟਪਰੂਫ ਗੱਡੀਆਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਫਿਕਸ ਹੁੰਦੇ ਸਨ। ਜਿਸ ਗੱਡੀ ਨੂੰ ਬੁਲਟਪਰੂਫ ਕੀਤਾ ਜਾਂਦਾ ਹੈ, ਉਸ ਦੇ ਸਾਰੇ ਆਮ ਸ਼ੀਸ਼ਿਆਂ ਦੀ ਜਗ੍ਹਾ ਬੁਲਟਪਰੂਫ ਸ਼ੀਸ਼ੇ ਲਗਾਏ ਜਾਂਦੇ ਹਨ। ਖਾਸ ਤਕਨੀਕ ਨਾਲ ਤਿਆਰ ਕੀਤੇ ਗਏ ਰਿੰਮ ਟਾਇਰ ਨਾਲ ਲਗਾਏ ਜਾਂਦੇ ਹਨ। ਬੁਲਟਪਰੂਫ ਸ਼ੀਸ਼ੇ ਅਤੇ ਦਰਵਾਜ਼ੇ ਲਗਾਉਣ ਤੋਂ ਬਾਅਦ ਉਨ੍ਹਾਂ ‘ਤੇ ਕਾਰ ਦਾ ਅਸਲ ਰੰਗ ਕਰ ਦਿੱਤਾ ਜਾਂਦਾ ਹੈ।

Total Views: 258 ,
Real Estate