ਗੁਰਦੁਆਰਾ ਨਾਨਕਸਰ ਫਰਿਜ਼ਨੋ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ‘ਤੇ ਵਿਸ਼ੇਸ਼ ਸਮਾਗਮ


ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਦੁਨੀਆ ਭਰ ਵਿੱਚ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿੱਤ ਸੱਚਖੰਡ ਵਾਸੀ ਧੰਨ-ਧੰਨ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਮਰਿਯਾਦਾ ਅਨੁਸਾਰ ਚਲਾਏ ਜਾ ਰਹੇ “ਗੁਰਦੁਆਰਾ ਨਾਨਕਸਰ” ਚੈਰੀ ਐਵਨਿਉ ਫਰਿਜ਼ਨੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਸਮਾਗਮ ਕੀਤੇ ਗਏ। ਇਸ ਸਮੇਂ ਲਗਾਤਾਰ ਚਲ ਰਹੇ ਅਖੰਡ-ਪਾਠਾਂ ਦੀ ਲੜੀ ਦੌਰਾਨ ਇਸ ਵਿਸ਼ੇਸ਼ ਦਿਨ ਨੂੰ ਸਮਰਪਤ ਅਖੰਡ ਪਾਠ ਦੇ ਭੋਗ ਉਪਰੰਤ ਗੁਰੂਘਰ ਦੇ ਹਜ਼ੂਰੀ ਕੀਰਤਨੀ ਜੱਥਿਆਂ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਨ ਕਰਵਾਇਆ ਗਿਆ। ਇਸ ਉਪਰੰਤ ਪੰਜਾਬ ਤੋਂ ਆਏ ਸੰਤ ਬਾਬਾ ਅਮਰੀਕ ਸਿੰਘ ਜੀ ਪੰਜ ਭੈਣੀਆਂ ਵਾਲਿਆਂ ਨੇ ਕੀਰਤਨ ਕਰਦੇ ਹੋਏ ਸੰਖੇਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਚਣ ਤੋਂ ਲੈ ਕੇ ਪ੍ਰਕਾਸ਼ ਕਰਨ ਤੱਕ ਦਾ ਇਤਿਹਾਸ ਸਾਂਝਾ ਕਰਦੇ ਹੋਏ ਕੀਰਤਨ ਕੀਤਾ। ਅੰਤ ਗੁਰੂਘਰ ਦੀ ਸਟੇਜ਼ ਤੋਂ ਬੋਲਦਿਆਂ ਭਾਈ ਹਰਭਜਨ ਸਿੰਘ ਨੇ ਗੁਰਦੁਆਰਾ ਸਾਹਿਬ ਦੇ ਅਰੰਭੇ ਕਾਰਜਾਂ ਵਿੱਚ ਨਵੀਂ ਇਮਾਰਤ ਦੀ ਉਸਾਰੀ ਵਾਰੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਦੱਸਿਆਂ ਕਿ ਬਹੁਤ ਜਲਦ ਗੁਰੂਘਰ ਦੀ ਇਮਾਰਤ ਦੀ ਉਸਾਰੀ ਪੂਰੀ ਹੋ ਜਾਵੇਗੀ। ਇਸ ਸਮੇਂ ਭਾਈ ਦਾਰਾ ਸਿੰਘ ਸਿੱਧੂ, ਗੁਰੂਘਰ ਦੇ ਸੇਵਾਦਾਰ ਹਰਮਿੰਦਰ ਸਿੰਘ ਅਤੇ ਹਾਜ਼ਰ ਸੰਗਤਾਂ ਨੇ ਵੀ ਇਸ ਵੱਡੇ ਉਪਰਾਲੇ ਦੀ ਸ਼ਲਾਘਾ ਕੀਤੀ। ਸਮੁੱਚੇ ਪ੍ਰੋਗਰਾਮ ਦੌਰਾਨ ਗੁਰੂ ਦੇ ਲੰਗਰ ਅਤੁੱਟ ਵਰਤੇ ਅਤੇ ਸੰਗਤਾਂ ਨੇ ਹਮੇਸਾ ਵਾਂਗ ਵੱਧ ਚੜ ਕੇ ਹਾਜ਼ਰੀਆਂ ਭਰੀਆਂ। ਅੰਤ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸਮਾਗਮ ਯਾਦਗਾਰੀ ਹੋ ਨਿਬੜਿਆ।
ਫੋਟੋ: ਸੰਤ ਬਾਬਾ ਅਮਰੀਕ ਸਿੰਘ ਪੰਜ ਭੈਣੀਆਂ ਵਾਲੇ ਕੀਰਤਨ ਕਰਦੇ ਹੋਏ।

Total Views: 43 ,
Real Estate