
ਮਾਨਸਾ ਪੁਲੀਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਵਰਤੇ ਗਏ ਏਕੇ-47 ਤੇ 9 ਐੱਮਐੱਮ ਪਿਸਤੌਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਮੁਤਾਬਕ ਇਹ ਉਹੀ ਹਥਿਆਰ ਹਨ, ਜੋ ਸ਼ਾਰਪ ਸ਼ੂਟਰ ਮਨਪ੍ਰੀਤ ਉਰਫ਼ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਦੇ ਪੁਲੀਸ ਮੁਕਾਬਲੇ ਵਿੱਚ ਮਾਰੇ ਜਾਣ ਮਗਰੋਂ ਮੌਕੇ ਤੋਂ ਬਰਾਮਦ ਕੀਤੇ ਗਏ ਸਨ। ਪੰਜਾਬ ਪੁਲੀਸ ਲਈ ਇਨ੍ਹਾਂ ਹਥਿਆਰਾਂ ਦੀ ਬਰਾਮਦਗੀ ਵੱਡੀ ਸਿਰਦਰਦੀ ਬਣੀ ਹੋਈ ਸੀ। ਮਾਨਸਾ ਪੁਲੀਸ ਤੋਂ ਪਹਿਲਾਂ ਦਿੱਲੀ ਪੁਲੀਸ ਨੇ ਵੀ ਇਨ੍ਹਾਂ ਹਥਿਆਰਾਂ ਦੀ ਬਰਾਮਦਗੀ ਬਾਰੇ ਪ੍ਰਿਆਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ ਅਤੇ ਅੰਕਿਤ ਸੇਰਸਾ ਪਾਸੋਂ ਪੁੱਛਗਿੱਛ ਕੀਤੀ ਸੀ। ਮਾਨਸਾ ਪੁਲੀਸ ਨੇ ਤਾਂ ਇਨ੍ਹਾਂ ਦਾ ਦੋ ਵਾਰ ਅਦਾਲਤ ਤੋਂ ਪੁਲੀਸ ਰਿਮਾਂਡ ਵੀ ਹਾਸਲ ਕੀਤਾ ਸੀ। ਛੇਵਾਂ ਸ਼ਾਰਪ ਸ਼ੂਟਰ ਦੀਪਕ ਮੁੰਡੀ ਅਜੇ ਵੀ ਫਰਾਰ ਹੈ। ਪੁਲੀਸ ਅਨੁਸਾਰ ਸ਼ਾਰਪ ਸ਼ੂਟਰ ਮਨਪ੍ਰੀਤ ਉਰਫ਼ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਕੋਲੋਂ ਮੁਕਾਬਲੇ ਮਗਰੋਂ, ਜਿਹੜੇ ਹਥਿਆਰ ਬਰਾਮਦ ਹੋਏ ਹਨ, ਇਹ ਉਹੀ ਹਥਿਆਰ ਹਨ, ਜਿਨ੍ਹਾਂ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਵੇਲੇ ਵਰਤਿਆ ਗਿਆ ਸੀ। ਅੰਮ੍ਰਿਤਸਰ ਜ਼ਿਲ੍ਹੇ ਵਿਚ ਹੋਏ ਇਕ ਮੁਕਾਬਲੇ ਦੌਰਾਨ ਉਹ ਦੋਵੇਂ ਜਣੇ ਮਾਰੇ ਗਏ ਅਤੇ ਉਨ੍ਹਾਂ ਦੋਵਾਂ ਪਾਸੋਂ ਏਕੇ-47 ਅਤੇ 9-ਐੱਮਐੱਮ ਪਿਸਤੌਲ ਬਰਾਮਦ ਹੋਏ ਸਨ। ਗਾਇਕ ਦੇ ਕਤਲ ਵਾਲੀ ਥਾਂ ਪਿੰਡ ਜਵਾਹਰਕੇ ਤੋਂ ਅਤੇ ਸ਼ਾਰਪ ਸ਼ੂਟਰਾਂ ਦੇ ਮੁਕਾਬਲੇ ਵਾਲੀ ਜਗ੍ਹਾ ਤੋਂ ਜੋ ਖੋਲ੍ਹ ਮਿਲੇ ਹਨ, ਇਹ ਆਪਸ ਵਿਚ ਮੇਲ ਖਾਂਦੇ ਹਨ। ਉਨ੍ਹਾਂ ਕਿਹਾ ਕਿ ਫੋਰੈਂਸਿਕ ਜਾਂਚ ਦੌਰਾਨ ਇਸ ਦੀ ਪੁਸ਼ਟੀ ਹੋਈ ਹੈ। ਪੁਲੀਸ ਨੂੰ ਮਿਲੇ ਵੇਰਵਿਆਂ ਮੁਤਾਬਕ ਮੂਸੇਵਾਲਾ ਦੇ ਕਤਲ ਲਈ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਸਾਰਿਆਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਜਿਨ੍ਹਾਂ ਹਥਿਆਰਾਂ ਨਾਲ ਮੂਸੇਵਾਲਾ ਨੂੰ ਮਾਰਿਆ ਗਿਆ, ਉਹ ਪ੍ਰਿਆਵਰਤ ਫ਼ੌਜੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਤੋਂ ਵਾਪਸ ਲੈ ਲਏ ਗਏ ਸਨ ਅਤੇ ਇਨ੍ਹਾਂ ਨੂੰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਲੈ ਗਏ ਸਨ। ਪੁਲੀਸ ਅਨੁਸਾਰ ਮੰਨੂ ਨੇ ਏ।ਕੇ-47 ਤੋਂ ਫਾਇਰਿੰਗ ਕੀਤੀ ਸੀ ਅਤੇ ਉਹ ਕਰੋਲਾ ਗੱਡੀ ਵਿੱਚ ਸਨ, ਜਦੋਂ ਕਿ ਕਸ਼ਿਸ਼, ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਹਮਲੇ ਵੇਲੇ ਬੋਲੇਰੋ ਗੱਡੀ ਵਿੱਚ ਸਨ। ਉਹ ਵਾਰਦਾਤ ਤੋਂ ਬਾਅਦ ਵੱਖੋ-ਵੱਖਰੇ ਰਾਹਾਂ ਉਪਰ ਚਲੇ ਗਏ ਸਨ। ਪ੍ਰਿਆਵਰਤ ਫੌਜੀ ਤੇ ਹੋਰ ਹਰਿਆਣਾ ਨੂੰ ਨਿਕਲ ਗਏ ਸਨ ਜਦੋਂਕਿ ਮੰਨੂ ਅਤੇ ਰੂਪਾ ਆਲਟੋ ਗੱਡੀ ਖੋਹ ਕੇ ਮੋਗਾ ਵਾਲੇ ਪਾਸੇ ਭੱਜ ਗਏ ਸਨ। ਪੁਲੀਸ ਇਸ ਗੱਲ ਦੀ ਪਹਿਲਾਂ ਹੀ ਪੁਸ਼ਟੀ ਕਰ ਚੁੱਕੀ ਹੈ ਕਿ ਪ੍ਰਿਆਵਰਤ ਫੌਜੀ ਹੋਰਾਂ ਦੇ ਹੋਰ ਹਥਿਆਰ ਹਿਸਾਰ ਨੇੜਿਓ ਇੱਕ ਪਿੰਡ ’ਚ ਦਿੱਲੀ ਪੁਲੀਸ ਵੱਲੋਂ ਬਰਾਮਦ ਕੀਤੇ ਗਏ ਸਨ।



















