ਹਿਠਾੜ ਦੇ ਰੇਤੇ ਦੇ ਟਿੱਬੇ ਮੁੱਲ ਵਿਕਣ ਲੱਗੇ , ਟਿੱਬੇ ਖਤਮ ਹੋਣ ਦੀ ਕਗਾਰ ‘ਤੇ


ਵਪਾਰੀਆਂ ਦੀ ਤਿਰਛੀ ਨਜ਼ਰ ਹਿਠਾੜ ਦੀਆਂ ਜ਼ਮੀਨਾਂ ‘ਤੇ ਪੈਣ ਲੱਗੀ
ਸ੍ਰੀ ਮੁਕਤਸਰ ਸਾਹਿਬ 6 ਅਗਸਤ ( ਕੁਲਦੀਪ ਸਿੰਘ ਘੁਮਾਣ ) ਟਿੱਬਿਆਂ ਦੇ ਇਲਾਕੇ ਦੇ ਨਾਂ ਨਾਲ ਜਾਣੇ ਜਾਂਦੇ , ਮਾਲਵੇ ਦੇ ਪਿੰਡਾਂ ਵਿੱਚ ਮਸ਼ੀਨੀ ਯੁੱਗ ਅਤੇ ਝੋਨਾ ਲਾਉਂਣ ਦੀ ਹੋੜ ਨੇ ਅਜਿਹੀ ਹਨੇਰੀ ਲਿਆਂਦੀ ਕਿ ਹੁਣ ਇੱਕ ਅੱਧ ਪਿੰਡ ਨੂੰ ਛੱਡ ਕੇ ਬਾਕੀ ਪਿੰਡਾਂ ਵਿੱਚ , ਟਿੱਬਿਆਂ ਦੀ ਰੇਤਾ ਵੇਖਣ ਨੂੰ ਨਹੀਂ ਮਿਲਦੀ ।
ਚਾਈਂ ਚਾਈਂ ਜ਼ਮੀਨਾਂ ਨੀਵੀਆਂ ਹੋ ਗਈਆਂ ਅਤੇ ਲਗਾਤਾਰ ਝੋਨਾ ਲੱਗਣ ਕਰਕੇ , ਵਾਹਣਾਂ ਵਿੱਚ ਹੋਰ ਮਿੱਟੀ ਪਾਉਂਣ ਦੀ ਜ਼ਰੂਰਤ ਪੈਣ ਲੱਗੀ ਹੈ। ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਇਲਾਕਿਆਂ ਵਿੱਚੋਂ ਟਿੱਬੇ ਖਤਮ ਹੋ ਗਏ ਹਨ। ਸ਼ਹਿਰ ਵਿੱਚ ਉਸਾਰੀ ਦੇ ਕੰਮਾਂ ਅਤੇ ਭਰਤ ਪਾਉਂਣ ਲਈ ਮਿੱਟੀ ਸ਼ਹਿਰ ਤੋਂ 17-18 ਕਿਲੋਮੀਟਰ ਤੋਂ ਨੇੜੇ ਨਹੀਂ ਮਿਲ ਰਹੀ। ਸ਼ਹਿਰ ਤੋਂ 10-12 ਕਿਲੋਮੀਟਰ ਅੰਦਰ ਜਿਹੜੇ ਵਾਹਣਾਂ ਵਿੱਚ ਕੋਈ ਇੱਕ ਅੱਧ ਟਿੱਬਾ ਨਜ਼ਰ ਆਉਂਦਾ ਹੈ, ਉਹ ਜ਼ਮੀਨ ਮਾਲਕ ਟਿੱਬਾ ਮੁੱਲ ਵੇਚਣ ਨੂੰ ਵੀ ਤਿਆਰ ਨਹੀਂ । ਉਨ੍ਹਾਂ ਦਾ ਕਹਿਣਾ ਹੈ ਕਿ ਨੀਵੀਆਂ ਜ਼ਮੀਨਾਂ ਵਾਲਿਆਂ ਨੂੰ ਕੁਦਰਤ ਨੇ ਇਸ ਵਾਰ ਦੀਆਂ ਬਰਸਾਤਾਂ ਵਿੱਚ ਸਬਕ ਸਿਖਾ ਦਿੱਤਾ ਹੈ। ਜੇਕਰ ਕੱਲ੍ਹ ਨੂੰ ਸਾਨੂੰ ਮਿੱਟੀ ਪਾਉਂਣ ਦੀ ਜ਼ਰੂਰਤ ਪਈ ਤਾਂ ਅਸੀਂ ਕਿੱਥੋਂ ਲਿਆਵਾਂਗੇ।।।।? ਨੇੜਲੇ ਪਿੰਡ ਗੁਲਾਬੇ ਵਾਲੇ ਅਤੇ ਮਾਂਗਟ ਕੇਰ ਦੀ ਸੜਕ ਉੱਪਰ, ਸੜਕ ਦੇ ਦੋਨੀਂ ਪਾਸੀਂ ਟਿੱਬਿਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਪੱਚੀ ਛੱਬੀ ਦਿਨ ਪਹਿਲਾਂ ਆਈ ਬਰਸਾਤ ਨੇ ਅਜਿਹਾ ਰੰਗ ਵਿਖਾਇਆ ਕਿ ਵਰ੍ਹਿਆਂ ਤੋਂ ਲੱਗੇ ਹੋਏ ਇਹ ਟਿੱਬੇ ਦਿਨਾਂ ਵਿੱਚ ਹੀ ਗਧੇ ਦੇ ਸਿੰਗਾਂ ਵਾਂਗੂ ਗਾਇਬ ਹੋ ਗਏ । ਲੰਬੀ ਤੋਂ ਗੁਲਾਬੇ ਵਾਲੇ ਦੇ ਵਿਚਕਾਰ ਸੜਕ ਉੱਪਰ ਲੱਗੇ ਹੋਏ ਟਿੱਬੇ ਵੀ ਸ਼ਹਿਰ ਢੋਣ ਲਈ ਟਰਾਲੀਆਂ ਨੇ ਦਿਨ ਰਾਤ ਇੱਕ ਕਰ ਦਿੱਤਾ। ਇੱਕ ਨਿੱਜੀ ਸਕੂਲ ਦੇ ਕੋਲ ਇੱਕ ਵੱਡਾ ਟਿੱਬਾ ਲੱਗਾ ਹੋਇਆ ਹੈ ਜਿਸ ਦੇ ਨਾਲ ਬਕਾਇਦਾ ਲਿਖ ਕੇ ਬੋਰਡ ਲਾ ਦਿੱਤਾ ਗਿਆ ਹੈ ਕਿ ਇੱਥੋਂ ਮਿੱਟੀ ਚੁੱਕਣੀ ਮਨ੍ਹਾ ਹੈ।
ਹਿਠਾੜ ਦੇ ਇੱਕ ਅੱਧੇ ਪਿੰਡ ਸਿਵਪੁਰਾ ਕੁੱਕਰੀਆਂ ਆਦਿ ਤੋਂ ਬਿਨਾਂ ਲੱਗਭੱਗ ਸਾਰੇ ਹੀ ਪਿੰਡਾਂ ਵਿੱਚੋਂ ਟਿੱਬੇ ਖਤਮ ਹੋ ਗਏ ਹਨ। ਸਿਵਪੁਰਾ ਕੁੱਕਰੀਆਂ ਵਿੱਚ ਵੀ ਲੋਕਾਂ ਨੇ ਜ਼ਮੀਨਾਂ ਬਣਾ ਸੁਆਰ ਲਈਆਂ ਹਨ। ਜਿੰਨ੍ਹਾਂ ਇੱਕ ਦੋ ਘਰਾਂ ਨੇ ਟਿੱਬੇ ਲਾਏ ਹੋਏ ਹਨ , ਉਹ ਟਿੱਬਿਆਂ ਦੀ ਰੇਤਾ ਮੁੱਲ ਵੇਚਣ ਵਾਸਤੇ ਤਾਂ ਤਿਆਰ ਹਨ ਪਰ ਮੁਫ਼ਤ ਵਿੱਚ ਰੇਤਾ ਚੁਕਾਉਣ ਲਈ ਤਿਆਰ ਨਹੀਂ । ਹਾਲੇ ਤਿੰਨ ਮਹੀਨੇ ਪਹਿਲਾਂ ਇਨ੍ਹਾਂ ਪਿੰਡਾਂ ਵਿੱਚੋਂ 240 ਰੁਪੈ ਲੈ ਕੇ ਟਰਾਲੀ ਦੀ ਮਿੱਟੀ ਚੁੱਕਦੇ ਸਨ। ਫੇਰ 110 ਰੁਪੈ ਲੈ ਕੇ ਮਿੱਟੀ ਚੁੱਕਣ ਲੱਗੇ ਅਤੇ ਬਰਸਾਤਾਂ ਤੋਂ ਬਾਅਦ ਤਾਂ 100 ਰੁਪੈ ਦੇ ਕੇ ਮਿੱਟੀ ਚੁੱਕਣ ਵਾਲੇ ਪਹੁੰਚ ਗਏ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਪਿੰਡਾਂ ਦੇ ਐਨ ਨਾਲ ਜ਼ਿਲਾ ਫਿਰੋਜ਼ਪੁਰ ਦੇ ਪਿੰਡ ਪੈਂਦੇ ਹਨ। ਜਿਲਾ ਫਿਰੋਜਪੁਰ ਦੇ ਪਿੰਡਾਂ ਲੈਪੋ , ਗਹਿਰੀ , ਝੰਡੂ ਵਾਲਾ , ਕਾਹਨ ਸਿੰਘ ਵਾਲਾ ਅਤੇ ਸ਼ਰੀਂਹ ਵਾਲਾ ਆਦਿ ਪਾਣੀ ਨਾਲ ਪ੍ਰਭਾਵਿਤ ਪਿੰਡ ਹਨ ਜਿਸ ਕਰਕੇ ਓਥੇ ਹਰ ਸਾਲ ਹੀ ਕਣਕਾਂ ਤੋਂ ਬਾਅਦ ਨੀਵੀਆਂ ਜ਼ਮੀਨਾਂ ਵਿੱਚ ਮਿੱਟੀ ਪਾਉਂਦੇ ਹਨ। ਹੁਣ ਜਦੋਂ ਕਿ ਉਨ੍ਹਾਂ ਪਿੰਡਾਂ ਕੋਲ ਸਿਵਪੁਰਾ ਕੁੱਕਰੀਆਂ ਤੋਂ ਇਲਾਵਾ ਕਿੱਧਰੇ ਵੀ ਮਿੱਟੀ ਨਹੀਂ ਬਚੀ ਤਾਂ ਉਨ੍ਹਾਂ ਦਾ ਫ਼ਿਕਰ ਵਧਣਾ ਕੁਦਰਤੀ ਹੈ ਕਿ ਮਿੱਟੀ ਦੂਰੋਂ ਲਿਆਉਂਣੀ ਪਈ ਤਾਂ ਹੋਰ ਵੀ ਮਹਿੰਗੀ ਮਿਲੇਗੀ। ਜਿਸ ਕਰਕੇ ਐਤਕੀਂ ਕਣਕਾਂ ਵੱਢਣ ਤੋਂ ਬਾਅਦ ਰੇਤੇ ਦੇ ਟਿੱਬੇ ਮੁਸ਼ਕ ਕਾਫੂਰ ਵਾਂਗੂੰ ਉੱਡਦੇ ਦਿਸਣਗੇ।
ਜਿਸ ਕਰਕੇ ਇਨ੍ਹਾਂ ਜ਼ਮੀਨਾਂ ‘ਤੇ ਵਪਾਰੀਆਂ ਦੀ ਤਿਰਛੀ ਨਜ਼ਰ ਪੈਣ ਲੱਗੀ ਹੈ।

 

Total Views: 41 ,
Real Estate