ਇਮੀਗ੍ਰੇਸ਼ਨ ਫਾਇਲਾਂ ਦਾ ਨਬੇੜਾ ਹੋਣ ਦੀ ਦੇਰੀ ਕਾਰਨ ਕੈਨੇਡਾ ਦੇ ਹਸਪਤਾਲਾਂ ਦੀ ਹਾਲਤ ਹੋਈ ਮਾੜੀ

ਕੈਨੇਡਾ ਦੇ ਹਸਪਤਾਲਾਂ ਵਿੱਚ ਸਟਾਫ਼ ਦੀ ਘਾਟ ਕਾਰਨ ਮਰੀਜ਼ਾਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਾਕਟਰਾਂ ਅਤੇ ਨਰਸਾਂ ਦੀ ਥੁੜ ਪਿੱਛੇ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਮੀਗ੍ਰੇਸ਼ਨ ਵਕੀਲਾਂ ਨੇ ਦਾਅਵਾ ਕੀਤਾ ਹੈ ਕਿ ਅਰਜ਼ੀਆਂ ਦੀ ਸਮੇਂ ਸਿਰ ਪ੍ਰੋਸੈਸਿੰਗ ਨਾਂ ਹੋਣ ਕਾਰਨ ਕੁਆਲੀਫ਼ਾਈਡ ਹੈਲਥ ਪ੍ਰੋਫੈਸ਼ਨਲਜ਼ ਦੀਆਂ ਅਰਜ਼ੀਆਂ ਫਸੀਆਂ ਰਹਿ ਗਈਆਂ ਹਨ। ਓਨਟਾਰੀਓ ਦੇ ਹਸਪਤਾਲਾਂ ‘ਚ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ ਅਤੇ ਇਥੋਂ ਦੀਆਂ ਰਜਿਸਟਰਡ ਨਰਸਾਂ ਦੀ ਐਸੋਸੀਏਸ਼ਨ ਮੁਤਾਬਕ 26 ਹਜ਼ਾਰ ਨਰਸਾਂ ਹੈਲਥ ਕੇਅਰ ਸਿਸਟਮ ਵਿੱਚ ਆਉਣ ਲਈ ਤਿਆਰ ਹਨ ਪਰ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰੋਸੈਸਿੰਗ ਅੜਿੱਕਾ ਬਣ ਰਹੀ ਹੈ। ਨਰਸ ਐਸੋਸੀਏਸ਼ਨ ਦੀ ਮੁੱਖ ਕਾਰਜਕਾਰੀ ਅਫ਼ਸਰ ਡੋਰਿਸ ਗ੍ਰਿਨਸਪਨ ਨੇ ਦੱਸਿਆ ਕਿ ਹਜ਼ਾਰਾਂ ਨਰਸਾਂ ਪ੍ਰੀਖਿਆ ਪਾਸ ਕਰ ਚੁੱਕੀਆਂ ਹਨ ਅਤੇ ਕੰਮ ਸ਼ੁਰੂ ਕਰਨ ਲਈ ਇਮੀਗ੍ਰੇਸ਼ਨ ਵਿਭਾਗ ਤੋਂ ਪ੍ਰਵਾਨਗੀ ਦੀ ਉਡੀਕ ਕੀਤੀ ਜਾ ਰਹੀ ਹੈ। ਇਸ ਦਾ ਸਿੱਧਾ ਅਸਰ ਮਰੀਜ਼ਾਂ ‘ਤੇ ਪੈ ਰਿਹਾ ਜਿਨ੍ਹਾਂ ਨੂੰ ਹਸਪਤਾਲਾਂ ‘ਚ ਬਣਦੀ ਸਿਹਤ ਸੰਭਾਲ ਨਹੀਂ ਮਿਲ ਰਹੀ। ਐਮਰਜੈਂਸੀ ਕਮਰਿਆਂ ਦੀ ਸਮਰੱਥਾ ਘਟਾਈ ਜਾ ਰਹੀ ਹੈ ਜਾਂ ਇਨ੍ਹਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ੈਡਰਲ ਸਰਕਾਰ ਨੂੰ ਹੈਲਥ ਕੇਅਰ ਸੈਕਟਰ ਨਾਲ ਸਬੰਧਤ ਬਿਨੈਕਾਰਾਂ ਦੀਆਂ ਅਰਜ਼ੀਆਂ ਵੱਲ ਖਾਸ ਤਵੱਜੋ ਦੇਣੀ ਚਾਹੀਦੀ ਹੈ। ਉੱਥੇ ਹੀ ਇਸ ‘ਤੇ ਸਹਿਮਤੀ ਜ਼ਾਹਰ ਕਰਦਿਆਂ ਐਨ।ਡੀ।ਪੀ। ਦੇ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਫੈਡਰਲ ਸਰਕਾਰ ਨੂੰ ਕੁਆਲੀਫ਼ਾਈਡ ਹੈਲਥ ਕੇਅਰ ਵਰਕਰਜ਼ ਲਈ ਇਮੀਗ੍ਰੇਸ਼ਨ ਪ੍ਰਕਿਰਿਆ ਤੇਜ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਸਮਝ ਨਹੀਂ ਆਉਂਦਾ ਕਿ ਹੁਣ ਤੱਕ ਟਰੂਡੋ ਸਰਕਾਰ ਨੇ ਇਹ ਕਦਮ ਕਿਉਂ ਨਹੀਂ ਚੁੱਕਿਆ। ਕੈਨੇਡਾ ਵਾਸੀਆਂ ਦੀ ਸਿਹਤ ਸੰਭਾਲ ਤੋਂ ਉਪਰ ਕੁਝ ਵੀ ਨਹੀਂ ਅਤੇ ਇਸ ਮਾਮਲੇ ਵਿਚ ਕਈ ਬਹਾਨਾ ਨਹੀਂ ਲਾਇਆ ਜਾ ਸਕਦਾ।’ ਦੱਸਣਯੋਗ ਹੈ ਕਿ ਜੂਨ ‘ਚ ਇਮੀਗ੍ਰੇਸ਼ਨ ਵਿਭਾਗ ਨੇ ਅਰਜ਼ੀਆਂ ਦਾ ਬੈਕਲਾਗ 24 ਲੱਖ ਤੱਕ ਪਹੁੰਚਣ ਦੀ ਗੱਲ ਕਬੂਲ ਕੀਤੀ ਸੀ ਪਰ ਇਸ ਬਾਰੇ ਕੋਈ ਨਹੀਂ ਜਾਣਦਾ ਕਿ ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਕਿਥੇ ਤੱਕ ਪਹੁੰਚ ਗਿਆ ਹੈ।

Total Views: 224 ,
Real Estate