ਤਪਦਾ ਯੂਰਪ

ਠੰਢੇ ਇਲਾਕੇ ਵਜੋਂ ਜਾਣੇ ਜਾਂਦੇ ਰਹੇ ਇਸ ਮਹਾਂਦੀਪ ਦੇ 7 ਦੇਸ਼ ਭਿਆਨਕ ਗਰਮੀ ਨਾਲ ਜੂਝ ਰਹੇ ਹਨ । ਬਰਤਾਨੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਪਾਰਾ 40 ਡਿਗਰੀ ਤੋਂ ਟੱਪ ਚੁੱਕਾ ਹੈ । ਫਰਾਂਸ, ਇਟਲੀ, ਸਪੇਨ, ਪੁਰਤਗਾਲ ਤੇ ਯੂਨਾਨ ਵਿਚ ਵੀ ਗਰਮੀ ਨੇ ਕਹਿਰ ਮਚਾਇਆ ਹੋਇਆ ਹੈ । ਜੰਗਲਾਂ ਦੀ ਅੱਗ ਕਾਬੂ ਨਹੀਂ ਆ ਰਹੀ । ਨਤੀਜੇ ਵਜੋਂ ਗਰਮੀ ਹੋਰ ਵਧ ਰਹੀ ਹੈ । ਸਪੇਨ ਤੇ ਪੁਰਤਗਾਲ ਵਿਚ ਇਕ ਹਫਤੇ ਵਿਚ 1700 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ । ਬਰਤਾਨੀਆ ਵਿਚ ਤਾਂ ਸੜਕਾਂ ਦੀ ਲੁਕ ਪਿਘਲ ਗਈ ਹੈ । ਸਕੂਲ ਬੰਦ ਕਰਨੇ ਪਏ ਹਨ । ਬਰਤਾਨੀਆ ਦੇ ਲਿੰਕਨਸ਼ਾਇਰ ਤੇ ਹੀਥਰੋ ਹਵਾਈ ਅੱਡੇ ‘ਤੇ ਮੰਗਲਵਾਰ ਤਾਪਮਾਨ 40 ਡਿਗਰੀ ਤੋਂ ਵੱਧ ਰਿਕਾਰਡ ਕੀਤਾ ਗਿਆ । ਮੌਸਮ ਵਿਭਾਗ ਨੂੰ ਰਾਜਧਾਨੀ ਲੰਡਨ ਸਣੇ ਮੱਧ, ਉੱਤਰੀ ਤੇ ਦੱਖਣ-ਪੂਰਬੀ ਇਲਾਕਿਆਂ ਵਿਚ ਹੀਟਵੇਵ ਦਾ ਰੈੱਡ ਅਲਰਟ ਜਾਰੀ ਕਰਨਾ ਪਿਆ । ਮਿਡਲੈਂਡਜ਼ ਰੇਲਵੇ ਨੇ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ । ਅਲਰਟ ਵਿਚ ਕਿਹਾ ਗਿਆ ਹੈ ਕਿ ਰੇਲਵੇ ਟਰੈਕ ਹਵਾ ਦੀ ਤੁਲਨਾ ‘ਚ 20 ਡਿਗਰੀ ਵੱਧ ਗਰਮ ਹੁੰਦੇ ਹਨ । ਤਾਪਮਾਨ ਵਧਿਆ ਤਾਂ ਇਨ੍ਹਾਂ ਨੇ ਪਿਚਕ ਜਾਣਾ । ਲੰਡਨ ਵਿਚ ਟਰੇਨਾਂ 200 ਤੋਂ ਵੱਧ ਦੀ ਸਪੀਡ ਨਾਲ ਦੌੜਦੀਆਂ ਹਨ । ਲੰਡਨ ਤੇ ਹੋਰਨਾਂ ਸ਼ਹਿਰਾਂ ਵਿਚ ਗਰਮੀ ਨਾਲ ਅੱਗ ਦੀਆਂ ਘਟਨਾਵਾਂ ਵੀ ਵਧ ਗਈਆਂ ਹਨ ਤੇ ਫਾਇਰ ਬਿ੍ਗੇਡ ਵਾਲਿਆਂ ਦੇ ਫੋਨਾਂ ਦੀਆਂ ਘੰਟੀਆਂ ਵੱਜਦੀਆਂ ਹੀ ਰਹਿੰਦੀਆਂ ਹਨ । ਸਪੇਨ ਵਿਚ 36 ਥਾਈਾ ਜੰਗਲਾਂ ਵਿਚੋਂ ਲਪਟਾਂ ਨਿਕਲ ਰਹੀਆਂ ਹਨ । 70 ਹਜ਼ਾਰ ਹੈਕਟੇਅਰ ਜੰਗਲ ਜਲ ਚੁੱਕੇ ਹਨ । ਦੱਖਣ-ਪੱਛਮੀ ਸਪੇਨ ਵਿਚ ਤਾਂ ਪਾਰਾ 44 ਡਿਗਰੀ ਤੋਂ ਵੀ ਟੱਪ ਚੁੱਕਾ ਹੈ । ਹਾਲ ਭਾਰਤ ਦੇ ਕਈ ਇਲਾਕਿਆਂ ਵਰਗਾ ਹੈ । ਪੁਰਤਗਾਲ ਵਿਚ ਜੰਗਲਾਂ ਦੀ ਅੱਗ ਨਾਲ ਸੈਂਕੜੇ ਲੋਕ ਘਰ ਛੱਡਣ ਨੂੰ ਮਜਬੂਰ ਹੋਏ ਹਨ । ਫਰਾਂਸ ਦੇ 22 ਹਜ਼ਾਰ ਏਕੜ ਵਿਚ ਫੈਲੇ ਜੰਗਲ ਅੱਗ ਦੀ ਲਪੇਟ ਵਿਚ ਹਨ । ਤਿੰਨ ਹਜ਼ਾਰ ਤੋਂ ਵੱਧ ਫਾਇਰ-ਫਾਈਟਰ ਅੱਗ ਬੁਝਾਉਣ ਵਿਚ ਲੱਗੇ ਹੋਏ ਹਨ । ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਤੋਨੀਓ ਗੁਤੇਰਸ ਨੇ ਸਥਿਤੀ ਉੱਤੇ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ-ਜੰਗਲ ਦੀ ਅੱਗ ਤੇ ਹੀਟਵੇਵ ਦੇ ਚਲਦਿਆਂ ਅੱਧੀ ਮਾਨਵਤਾ ਸਮੂਹਕ ਆਤਮ-ਹੱਤਿਆ ਦੇ ਮੁਹਾਨੇ ‘ਤੇ ਪੁੱਜ ਗਈ ਹੈ । ਦਰਅਸਲ ਇਹ ਸਥਿਤੀ ਆਉਣੀ ਹੀ ਸੀ । ਮੁਨਾਫੇ ਦੀ ਭੁੱਖ ਨਾਲ ਯੂਰਪੀ ਸਨਅਤਕਾਰਾਂ ਨੇ ਪਰਿਆਵਰਣ ਨੂੰ ਜਿਸ ਤਰ੍ਹਾਂ ਨੁਕਸਾਨ ਪਹੁੰਚਾਇਆ, ਉਸ ਦਾ ਨਤੀਜਾ ਇਹੀ ਨਿਕਲਣਾ ਸੀ । ਜੰਗਲਾਂ ਦੀ ਕੀਤੀ ਗਈ ਵੱਢ-ਟੁੱਕ ਕਾਰਨ ਕੁਦਰਤ ਨੂੰ ਗੁੱਸਾ ਆਉਣਾ ਹੀ ਸੀ । ਸਹਿਣਸ਼ੀਲਤਾ ਦੀ ਵੀ ਇਕ ਹੱਦ ਹੁੰਦੀ ਹੈ ।

Total Views: 371 ,
Real Estate