ਵਿਧਾਨ ਸਭਾ ਤੇ ਹਾਈ ਕੋਰਟ ਦੀਆਂ ਇਮਾਰਤਾਂ ਨੂੰ ਪੰਜਾਬ ਕਿਸੇ ਵੀ ਹਾਲਤ ‘ਚ ਵੀ ਨਹੀਂ ਛੱਡੇਗਾ : ਮਹਿਲਾ ਕਿਸਾਨ ਯੂਨੀਅਨ
ਜਲੰਧਰ 10 ਜੁਲਾਈ (PNO) ਮਹਿਲਾ ਕਿਸਾਨ ਯੂਨੀਅਨ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਸਰਕਾਰ ਤੋਂ ਚੰਡੀਗਡ਼੍ਹ ਵਿੱਚ ਪੰਜਾਬ ਦੀ ਨਵੀਂ ਵਿਧਾਨ ਸਭਾ ਅਤੇ ਹਾਈ ਕੋਰਟ ਦੀ ਨਵੀਂ ਇਮਾਰਤ ਲਈ ਜ਼ਮੀਨ ਮੰਗਣ ਦਾ ਸਖ਼ਤ ਵਿਰੋਧ ਕਰਦਿਆਂ ਆਖਿਆ ਕਿ ਚੰਡੀਗੜ੍ਹ ਪੰਜਾਬ ਦਾ ਹੈ ਇਸ ਕਰਕੇ ਉਹ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖ਼ਤਮ ਕਰਵਾਉਣ ਲਈ ਅਰਵਿੰਦ ਕੇਜਰੀਵਾਲ ਦੇ ਕੁਹਾੜੇ ਦਾ ਦਸਤਾ ਬਣਨ ਦੀ ਥਾਂ ਪੰਜਾਬ ਦੇ ਹੱਕਾਂ ਦੀ ਪੈਰਵੀ ਕਰਨ।
ਇੱਥੇ ਜਾਰੀ ਇਕ ਬਿਆਨ ਵਿਚ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬਾ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਮੌਜੂਦਾ ਵਿਧਾਨ ਸਭਾ ਅਤੇ ਹਾਈ ਕੋਰਟ ਦੀਆਂ ਇਤਿਹਾਸਕ ਇਮਾਰਤਾਂ ਨੂੰ ਪੰਜਾਬ ਰਾਜ ਕਿਸੇ ਵੀ ਹਾਲਤ ਵਿੱਚ ਵੀ ਨਹੀਂ ਛੱਡੇਗਾ ਕਿਉਂਕਿ ਚੰਡੀਗੜ੍ਹ ਸ਼ਹਿਰ ਪੰਜਾਬ ਦੇ ਘੁੱਗ ਵਸਦੇ 28 ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਹੈ। ਇਸ ਕਰਕੇ ਹਰਿਆਣੇ ਦਾ ਚੰਡੀਗੜ੍ਹ ਉੱਤੇ ਕੋਈ ਹੱਕ ਨਹੀਂ ਅਤੇ ਹਰਿਆਣਾ ਰਾਜ ਨੂੰ ਆਪਣੀ ਵੱਖਰੀ ਵਿਧਾਨ ਸਭਾ ਤੇ ਹਾਈਕੋਰਟ ਦੀਆਂ ਇਮਾਰਤਾਂ ਹਰਿਆਣਾ ਵਿੱਚ ਹੀ ਬਣਾਉਣੀਆਂ ਚਾਹੀਦੀਆਂ ਹਨ।
ਮਹਿਲਾ ਕਿਸਾਨ ਨੇਤਾ ਨੇ ਪੰਜਾਬ ਦੇ ਸਮੂਹ 117 ਵਿਧਾਇਕਾਂ, ਵਜ਼ੀਰਾਂ ਅਤੇ ਸੰਸਦ ਮੈਂਬਰਾਂ ਨੂੰ ਆਖਿਆ ਹੈ ਕਿ ਉਹ ਆਪਣੀ ਜ਼ਮੀਰ ਦੀ ਆਵਾਜ਼ ਸੁਣਦਿਆਂ ਭਗਵੰਤ ਮਾਨ ਦੀ ਇਸ ਤੁਗਲਕੀ ਚਾਲ ਦਾ ਜਨਤਕ ਵਿਰੋਧ ਕਰਨ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਨ੍ਹਾਂ ਦੀ ਚੁੱਪ ਨੂੰ ਆਮ ਆਦਮੀ ਪਾਰਟੀ ਦੀ ਇਸ ਪੰਜਾਬ ਵਿਰੋਧੀ ਨੀਤੀ ਦੇ ਹਮਾਇਤੀ ਮੰਨਿਆ ਜਾਵੇਗਾ। ਉਨ੍ਹਾਂ ਆਖਿਆ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਸੂਝਵਾਨ ਲੋਕਾਂ ਨੇ ਭਗਵੰਤ ਮਾਨ ਉੱਪਰ ਦਿੱਲੀ ਦੇ ਇਸ਼ਾਰਿਆਂ ਉੱਤੇ ਚੱਲਣ ਦਾ ਜੋ ਖ਼ਦਸ਼ਾ ਪ੍ਰਗਟਾਇਆ ਸੀ ਉਹ ਦਿਨੋਂ-ਦਿਨ ਸੱਚਾ ਹੁੰਦਾ ਜਾ ਰਿਹਾ ਹੈ।
ਬੀਬਾ ਰਾਜਵਿੰਦਰ ਕੌਰ ਰਾਜੂ ਨੇ ਭਗਵੰਤ ਮਾਨ ਨੂੰ ਆਪਣੀ ਆਤਮਾ ਦੀ ਆਵਾਜ਼ ਸੁਣਨ ਦੀ ਸਲਾਹ ਦਿੰਦਿਆਂ ਕਿਹਾ ਕਿ ਇਤਿਹਾਸਕ ਬਹੁਮੱਤ ਨਾਲ ਸਰਕਾਰ ਬਣਾਉਣ ਪਿੱਛੋਂ ਉਹ ਪੰਜਾਬ ਦੇ ਹਿੱਤਾਂ ਲਈ ਇਤਿਹਾਸਕ ਫ਼ੈਸਲੇ ਕਰਨ ਨਾ ਕਿ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਉਤੇ ਨੱਚਣ।



















