
ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਸਿਹਤ ਮੰਤਰੀ ਸਾਜਿਦ ਜਾਵੇਦ ਨੇ ਬੋਰਿਸ ਜੌਨਸਨ ਦੀ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਹੈ। ਰਿਸ਼ੀ ਸੁਨਕ ਨੇ ਆਪਣਾ ਅਸਤੀਫ਼ਾ ਦੇਣ ਦੀ ਘੋਸ਼ਣਾ ਕਰਦਿਆਂ ਕਿਹਾ ਕਿ ਲੋਕਾਂ ਦੀ ਉਮੀਦ ਸੀ ਕਿ ਸਰਕਾਰ “ਸਹੀ ਢੰਗ ਨਾਲ, ਯੋਗਤਾ ਨਾਲ ਅਤੇ ਗੰਭੀਰਤਾ ਨਾਲ” ਚਲਾਈ ਜਾਵੇਗੀ। ਉਨ੍ਹਾਂ ਕਿਹਾ, ”ਮੈਨੂੰ ਲੱਗਦਾ ਹੈ ਕਿ ਇਨ੍ਹਾਂ ਮਾਪਦੰਡਾਂ ਲਈ ਲੜਨਾ ਚਾਹੀਦਾ ਹੈ। ਇਸ ਲਈ ਮੈਂ ਆਪਣਾ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ।” ਚਾਂਸਲਰ ਸੁਨਕ ਅਤੇ ਸਿਹਤ ਸਕੱਤਰ ਨੇ ਇਹ ਕਹਿੰਦੇ ਹੋਏ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਕਿ ਉਨ੍ਹਾਂ ਨੂੰ ਹੁਣ ਦੇਸ਼ ਦੀ ਅਗਵਾਈ ਕਰਨ ਲਈ ਬੋਰਿਸ ਜੌਨਸਨ ‘ਤੇ ਭਰੋਸਾ ਨਹੀਂ ਹੈ। ਸਿਹਤ ਸਕੱਤਰ ਸਾਜਿਦ ਜਾਵੇਦ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸਰਕਾਰ ”ਕੌਮੀ ਹਿੱਤ ‘ਚ ਕੰਮ ਕਰ ਰਹੀ ਹੈ”। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਵੱਲੋਂ ਸੰਸਦ ਮੈਂਬਰ ਕ੍ਰਿਸ ਪਿਨਚਰ ਨੂੰ ਸਰਕਾਰੀ ਭੂਮਿਕਾ ਲਈ ਨਿਯੁਕਤ ਕਰਨ ਲਈ ਮੁਆਫੀ ਮੰਗਣ ਤੋਂ ਕੁਝ ਮਿੰਟ ਬਾਅਦ ਹੀ ਇਹ ਅਸਤੀਫ਼ੇ ਦਿੱਤੇ ਗਏ ਹਨ। ਜੌਨਸਨ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਇਸ ਸਾਲ ਦੇ ਸ਼ੁਰੂ ਵਿੱਚ ਪਿਨਚਰ ਨੂੰ ਡਿਪਟੀ ਚੀਫ਼ ਵ੍ਹਿਪ ਦੀ ਭੂਮਿਕਾ ਵਿੱਚ ਨਿਯੁਕਤ ਕਰ ਕੇ “ਮਾੜੀ ਗਲਤੀ” ਕੀਤੀ ਸੀ, ਜਦਕਿ ਉਨ੍ਹਾਂ ਨੂੰ ਐਮਪੀ ‘ਤੇ ਪਹਿਲਾਂ ਲੱਗੇ ਦੋਸ਼ਾਂ ਤੋਂ ਜਾਣੂ ਕਰਵਾਇਆ ਗਿਆ ਸੀ। ਪ੍ਰਧਾਨ ਮੰਤਰੀ ਜੌਨਸਨ ਨੇ ਕਿਹਾ, “ਆਖਿਰ ਇਹ ਕਰਨਾ ਗਲਤ ਸੀ। ਮੈਂ ਹਰ ਉਸ ਵਿਅਕਤੀ ਤੋਂ ਮੁਆਫੀ ਮੰਗਦਾ ਹਾਂ ਜੋ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।”















