![]()
ਭਾਰਤੀ ਸੈਨਾ ਨੇ ਅਗਨੀਪਥ ਯੋਜਨਾ ਤਹਿਤ ਫੌਜੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਸੈਨਾ ਨੇ ਕਿਹਾ ਕਿ ਨਵੇਂ ਮਾਡਲ ਤਹਿਤ ਨੌਕਰੀ ਦੇ ਇੱਛੁਕ ਸਾਰੇ ਉਮੀਦਵਾਰਾਂ ਲਈ ਸੈਨਾ ਦੀ ਭਰਤੀ ਵੈਬਸਾਈਟ ’ਤੇ ਆਨਲਾਈਨ ਰਜਿਸਟਰੇਸ਼ਨ ਕਰਵਾਉਣੀ ਲਾਜ਼ਮੀ ਹੈ ਜੋ ਜੁਲਾਈ ਤੋਂ ਸ਼ੁਰੂ ਹੋਵੇਗੀ। ਸੈਨਾ ਨੇ ਕਿਹਾ ਕਿ ‘ਅਗਨੀਵੀਰ’ ਭਾਰਤੀ ਸੈਨਾ ’ਚ ਇੱਕ ਵੱਖਰਾ ਰੈਂਕ ਹੋਵੇਗਾ ਜੋ ਕਿਸੇ ਵੀ ਹੋਰ ਮੌਜੂਦਾ ਰੈਂਕ ਤੋਂ ਵੱਖ ਹੋਵੇਗਾ। ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਸੈਨਾ ਨੇ ਕਿਹਾ ਕਿ ‘ਅਗਨੀਵੀਰ’ ਲਈ ਸਰਕਾਰੀ ਸੀਕਰੇਟਸ ਐਕਟ, 1923 ਤਹਿਤ ਕਿਸੇ ਵੀ ਅਣ-ਅਧਿਕਾਰਤ ਵਿਅਕਤੀ ਜਾਂ ਸਰੋਤ ਨੂੰ ਚਾਰ ਸਾਲ ਦੇ ਸੇਵਾ ਕਾਲ ਦੌਰਾਨ ਹਾਸਲ ਵਿਸ਼ੇਸ਼ ਜਾਣਕਾਰੀ ਦਾ ਖੁਲਾਸਾ ਕਰਨ ’ਤੇ ਰੋਕ ਰਹੇਗੀ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਯੋਜਨਾ ਸ਼ੁਰੂ ਹੋਣ ਨਾਲ ਮੈਡੀਕਲ ਬਰਾਂਚ ਦੇ ਤਕਨੀਕੀ ਕਾਡਰ ਨੂੰ ਛੱਡ ਕੇ ਭਾਰਤੀ ਸੈਨਾ ਦੇ ਰੈਗੂਲਰ ਕਾਡਰ ’ਚ ਸੈਨਿਕਾਂ ਦੀ ਭਰਤੀ ਸਿਰਫ਼ ਉਨ੍ਹਾਂ ਕਰਮੀਆਂ ਲਈ ਮੁਹੱਈਆ ਹੋਵੇਗੀ ਜਿਨ੍ਹਾਂ ਨੇ ਅਗਨੀਵੀਰ ਵਜੋਂ ਆਪਣੀ ਸੇਵਾ ਦਾ ਕਾਰਜਕਾਲ ਪੂਰਾ ਕਰ ਲਿਆ ਹੈ। ਸੈਨਾ ਨੇ ਕਿਹਾ ਕਿ ਸੇਵਾ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਪਹਿਲਾਂ ਕਿਸੇ ਵੀ ਅਗਨੀਵੀਰ ਨੂੰ ਸੇਵਾਮੁਕਤੀ ਦੀ ਇਜਾਜ਼ਤ ਨਹੀਂ ਹੈ। ਸੈਨਾ ਨੇ ਕਿਹਾ, ‘ਹਾਲਾਂਕਿ ਸਭ ਤੋਂ ਗੰਭੀਰ ਮਾਮਲਿਆਂ ’ਚ ਜੇਕਰ ਸਮਰੱਥ ਅਥਾਰਿਟੀ ਮਨਜ਼ੂਰੀ ਦਿੰਦੀ ਹੈ ਤਾਂ ਇਸ ਯੋਜਨਾ ਤਹਿਤ ਭਰਤੀ ਕਰਮੀਆਂ ਨੂੰ ਸੇਵਾਮੁਕਤ ਕੀਤਾ ਜਾ ਸਕਦਾ ਹੈ।’ ਜ਼ਿਕਰਯੋਗ ਹੈ ਕਿ 14 ਜੂਨ ਨੂੰ ਐਲਾਨੀ ਗਈ ਅਗਨੀਪਥ ਯੋਜਨਾ ਤਹਿਤ 17 ਤੋਂ 21 ਸਾਲ ਉਮਰ ਵਰਗ ਦੇ ਨੌਜਵਾਨਾਂ ਨੂੰ ਸਿਰਫ਼ ਚਾਰ ਸਾਲ ਲਈ ਭਰਤੀ ਕਰਨ ਦੀ ਤਜਵੀਜ਼ ਹੈ, ਜਿਨ੍ਹਾਂ ’ਚੋਂ 25 ਫੀਸਦ ਨੂੰ 15 ਹੋਰ ਸਾਲ ਤੱਕ ਸੇਵਾ ’ਚ ਬਣਾਏ ਰੱਖਣ ਦੀ ਤਜਵੀਜ਼ ਹੈ। ਬਾਅਦ ਵਿੱਚ ਸਰਕਾਰ ਨੇ 2022 ਦੀ ਭਰਤੀ ਲਈ ਉਮਰ ਹੱਦ ਵਧਾ ਕੇ 23 ਸਾਲ ਕਰ ਦਿੱਤੀ ਸੀ। ਨੋਟੀਫਿਕੇਸ਼ਨ ਅਨੁਸਾਰ ਅਗਨੀਵੀਰਾਂ ਨੂੰ ਆਪਣੇ ਕਾਰਜਕਾਲ ਦੌਰਾਨ ਆਪਣੀ ਵਰਦੀ ’ਤੇ ਇੱਕ ਵਿਸ਼ੇਸ਼ ਪ੍ਰਤੀਕ ਚਿੰਨ੍ਹ ਲਾਉਣਾ ਪਵੇਗਾ ਅਤੇ ਇਸ ਬਾਰੇ ਵਿਸਥਾਰਤ ਨਿਰਦੇਸ਼ ਵੱਖਰੇ ਤੌਰ ’ਤੇ ਜਾਰੀ ਕੀਤੇ ਜਾਣਗੇ। ਅਗਨੀਵੀਰਾਂ ਦੇ ਹਰੇਕ ਬੈਚ ’ਚੋਂ 25 ਫੀਸਦ ਤੋਂ ਵੱਧ ਨੂੰ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਰੈਗੂਲਰ ਕਾਡਰ ’ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਅਗਨੀਵੀਰਾਂ ਨੂੰ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ਮਗਰੋਂ ਮੁੜ ਚੁਣੇ ਜਾਣ ਦਾ ਕੋਈ ਅਧਿਕਾਰ ਨਹੀਂ ਹੋਵੇਗਾ। ਅਗਨੀਵੀਰਾਂ ਨੂੰ ਰੈਗੂਲਰ ਸੇਵਾ ਕਰਨ ਵਾਲਿਆਂ ਲਈ 90 ਦਿਨ ਦੀ ਛੁੱਟੀ ਮੁਕਾਬਲੇ ਸਾਲ ’ਚ 30 ਦਿਨ ਦੀ ਛੁੱਟੀ ਮਿਲੇਗੀ। ਮੈਡੀਕਲ ਸਲਾਹ ਦੇ ਆਧਾਰ ’ਤੇ ਮੈਡੀਕਲ ਛੁੱਟੀ ਦਿੱਤੀ ਜਾਵੇਗੀ।


















