
ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਪੰਜਾਬ ਪੁਲਿਸ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਮੁਲਜ਼ਮ ਲਾਰੈਂਸ ਬਿਸ਼ਨੋਈ ਦੀ ਗ੍ਰਿਫ਼ਤਾਰੀ ਦੀ ਇਜਾਜ਼ਤ ਦੇ ਦਿੱਤੀ ਹੈ। ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਵਲੋਂ ਉਸਦਾ ਪੁਲਿਸ ਮੁਕਾਬਲਾ ਬਣਾਉਣ ਦੇ ਖ਼ਦਸ਼ੇ ਪ੍ਰਗਟਾ ਰਿਹਾ ਸੀ ਪਰ ਉਸ ਨੂੰ ਦਰਕਿਨਾਰ ਕਰਕੇ ਅਦਾਲਤ ਨੇ ਦੇਣ ਪੰਜਾਬ ਲਿਆਉਣ ਲਈ ਟਰਾਂਜ਼ਿਟ ਰਿਮਾਂਡ ਵੀ ਦੇ ਦਿੱਤਾ ਹੈ। ਲਾਰੈਂਸ ਬਿਸ਼ਨੋਈ ਦੇ ਵਕੀਲ ਵਲੋਂ ਪ੍ਰਗਟਾਏ ਖ਼ਦਸ਼ੇ ਦੇ ਮੱਦੇਨਜ਼ਰ ਟਰਾਂਜ਼ਿਟ ਰਿਮਾਂਡ ਦੇਣ ਸਮੇਂ ਅਦਾਲਤ ਨੇ ਕੁਝ ਸ਼ਰਤਾਂ ਵੀ ਲਗਾਈਆਂ ਹਨ।
ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੌਪੜਾ ਨੇ ਟਰਾਂਜ਼ਿਟ ਰਿਮਾਂਡ ਲਈ ਕੁਝ ਸ਼ਰਤਾਂ ਰੱਖੀਆਂ ਸਨ। ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਦੱਸਿਆ ਕਿ ਅਦਾਲਤ ਨੇ ਸ਼ਰਤਾਂ ਦੇ ਨਾਲ ਟਰਾਂਜ਼ਿਟ ਰਿਮਾਂਡ ਦਿੱਤਾ ਹੈ। ਉਸ ਨੇ ਕਿਹਾ, “ਪੰਜਾਬ ਪੁਲਿਸ ਉਸ ਨੂੰ ਲੈ ਕੇ ਜਾਣ ਤੋਂ ਪਹਿਲਾਂ ਉਸ ਦਾ ਮੈਡੀਕਲ ਟੈਸਟ ਕਰਵਾਏਗੀ, ਸੁਰੱਖਿਆ ਦੇ ਸਾਰੇ ਉਪਾਵਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ, ਉਸ ਨੂੰ ਹੱਥਕੜੀ ਅਤੇ ਬੇੜੀ ਪਾ ਕੇ ਬੁਲੇਟ ਪਰੂਫ ਵਾਹਨ ਵਿੱਚ ਲੈ ਕੇ ਜਾਣਗੇ।” ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਸੂਬਾ ਲਾਰੈਂਸ ਬਿਸ਼ਨੋਈ ਦੀ ਸੁਰੱਖਿਆ ਲਈ “ਪੂਰੀ ਜ਼ਿੰਮੇਵਾਰੀ” ਲਵੇਗਾ। ਉਸ ਨੇ ਕਿਹਾ, “ਪੰਜਾਬ ਪੁਲਿਸ ਦੇ 50 ਦੇ ਕਰੀਬ ਪੁਲਿਸ ਮੁਲਾਜ਼ਮ ਹਨ, ਦੋ ਬੁਲਟ ਪਰੂਫ਼ ਗੱਡੀਆਂ, 12 ਗੱਡੀਆਂ ਰਸਤੇ ‘ਤੇ ਚੱਲਣਗੀਆਂ ਜੋ ਰੂਟ ਕਲੀਅਰ ਕਰਨਗੀਆਂ ਅਤੇ ਸਾਰੇ ਰੂਟਾਂ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ।”
ਜਿੱਥੋਂ ਜਿੱਥੇ ਵੀ ਲੈ ਕੇ ਜਾਣਾ ਹੈ, ਬਿਸ਼ਨੋਈ ਨੂੰ ਹੱਥਕੜੀਆਂ ਅਤੇ ਬੇੜੀਆਂ ਪਾ ਕੇ ਲੈ ਕੇ ਜਾਣ ਅਤੇ ਉਸੇ ਦਾ ਪੇਸ਼ ਕੀਤਾ ਜਾਵੇ
ਹਰੇਕ 12 ਘੰਟੇ ਵਿੱਚ ਇਸ ਦਾ ਮੈਡੀਕਲ ਹੋਵੇ
ਬੁਲੇਟ ਪਰੂਫ਼ ਗੱਡੀ ਵਿੱਚ ਲੈ ਕੇ ਜਾਣ
ਇਸ ਦੀ ਪੂਰੀ ਜਾਨ-ਮਾਲ ਸੁਰੱਖਿਆ ਕੀਤੀ ਜਾਵੇ
ਸੀਨੀਅਰ ਪੁਲਿਸ ਅਫ਼ਤਰ ਇਸ ਪੂਰੇ ਆਪਰੇਸ਼ਨ ਦੀ ਨਿਗਰਾਨੀ ਕਰਨ
50 ਤੋਂ ਵੱਧ ਸੀਨੀਅਰ ਅਫ਼ਸਰਾਂ ਨੂੰ ਪੂਰੇ ਆਪਰੇਸ਼ਨ ਦੌਰਾਨ ਸੁਰੱਖਿਆ ਲਈ ਲਗਾਇਆ ਜਾਵੇ
ਘੱਟੋ-ਘੱਟ 20 ਗੱਡੀਆਂ ਇਸ ਦੀ ਸੁਰੱਖਿਆ ਲਈ ਤੈਨਾਤ ਕੀਤੀਆਂ ਜਾਣ
ਵਕੀਲ ਨੇ ਕਿਹਾ ਹੈ ਕਿ ਅਜਿਹਾ ਇਸ ਲਈ ਕਿ ਕੱਲ੍ਹ ਨੂੰ ਪੰਜਾਬ ਪੁਲਿਸ ਨੂੰ ਕਿਸੇ ਤਰ੍ਹਾਂ ਦਾ ਮੌਕਾ ਨਾ ਮਿਲੇ। ਇਸ ਲਈ ਮੰਗ ਹੈ ਕਿ ਉਸ ਨੂੰ ਹੱਥਕੜੀਆਂ ਅਤੇ ਬੇੜੀਆਂ ਵਿੱਚ ਰੱਖ ਕੇ ਲੈ ਕੇ ਜਾਣ।


















