ਭਾਰਤ ਦੇ ਕਈ ਇਲਾਕਿਆਂ ਵਿੱਚ ਤਣਾਅ ਦਾ ਮਾਹੌਲ ਜਾਰੀ,ਮੋਬਾਈਲ ਇੰਟਰਨੈੱਟ ਬੰਦ

ਭਾਜਪਾ ਦੀ ਆਗੂ ਵੱਲੋਂ ਪੈਗੰਬਰ ਮੁਹੰਮਦ ਖਿਲਾਫ਼ ਵਿਵਾਦਿਤ ਟਿੱਪਣੀਆਂ ਨੂੰ ਲੈ ਕੇ ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਮਗਰੋਂ ਰੋਸ ਪ੍ਰਦਰਸ਼ਨਾਂ ਦਰਮਿਆਨ ਭੜਕੀ ਹਿੰਸਾ ਵਿੱਚ ਗੋਲੀ ਲੱਗਣ ਕਰਕੇ ਜ਼ਖ਼ਮੀ ਹੋੲੇ ਦੋ ਵਿਅਕਤੀਆਂ ਨੇ ਅੱਜ ਦਮ ਤੋੜ ਦਿੱਤਾ। ਹਿੰਦੂ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਕਰਕੇ ਰਾਂਚੀ ਵਿੱਚ ਸਿਖਰਲੇ ਪੁਲੀਸ ਅਧਿਕਾਰੀਆਂ ਸਣੇ 2500 ਦੇ ਕਰੀਬ ਪੁਲੀਸ ਮੁਲਾਜ਼ਮ ਵੱਖ ਵੱਖ ਥਾਈਂ ਤਾਇਨਾਤ ਰਹੇ। ਸੰਵੇਦਨਸ਼ੀਲ ਇਲਾਕਿਆਂ ਵਿੱਚ ਧਾਰਾ 144 ਲਾਗੂ ਰਹੀ ਤੇ ਇਹਤਿਆਤ ਵਜੋਂ ਇੰਟਰਨੈੱਟ ਸੇਵਾਵਾਂ ਬੰਦ ਰੱਖੀਆਂ ਗਈਆਂ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਹਿੰਸਾ ਦੀ ਜਾਂਚ ਲਈ ਦੋ ਮੈਂਬਰੀ ਕਮੇਟੀ ਗਠਿਤ ਕੀਤੀ ਹੈ, ਜੋ ਹਫ਼ਤੇ ਅੰਦਰ ਰਿਪੋਰਟ ਸੌਂਪੇਗੀ। ਆਈਜੀ (ਅਪਰੇਸ਼ਨਜ਼) ਅਮੋਲ ਵੀ।ਹੋਮਕਰ ਨੇ ਦੱਸਿਆ ਕਿ ਬੰਦ ਦੇ ਸੱਦੇ ਨੂੰ ਧਿਆਨ ’ਚ ਰੱਖਦਿਆਂ ਇਹਤਿਆਤ ਵਜੋਂ 2500 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਇਕ-ਇਕ ਆਈਜੀ ਤੇ ਡੀਆਈਜੀ ਰੈਂਕ ਦਾ ਅਧਿਕਾਰੀ, 6 ਐੱਸਪੀ ਰੈਂਕ, 100 ਡੀਐੱਸਪੀ ਰੈਂਕ ਦੇ ਅਧਿਕਾਰੀ ਸ਼ਾਮਲ ਹਨ। ਇਸ ਤੋਂ ਇਲਾਵਾ ਦੋ ਰੈਪਿਡ ਐਕਸ਼ਨ ਫੋਰਸ ਬਟਾਲੀਅਨਾਂ ਨੂੰ ਵੱਖਰੇ ਤੌਰ ’ਤੇ ਰਾਂਚੀ ਸ਼ਹਿਰ ਦੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ।’’ ਅਧਿਕਾਰੀ ਨੇ ਕਿਹਾ, ‘‘ਸ਼ੁੱਕਰਵਾਰ ਨੂੰ ਹੋਈ ਹਿੰਸਾ ਦੌਰਾਨ 12 ਪੁਲੀਸ ਮੁਲਾਜ਼ਮਾਂ ਤੇ 12 ਹੋਰ ਜ਼ਖ਼ਮੀ ਹੋ ਗਏ ਸਨ। ਇਕ ਪੁਲੀਸ ਮੁਲਾਜ਼ਮ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਿਆ ਸੀ। ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਦਮ ਤੋੜਨ ਵਾਲੇ ਦੋਵਾਂ ਵਿਅਕਤੀਆਂ ਦਾ ਅੱਜ ਸਸਕਾਰ ਕਰ ਦਿੱਤਾ ਗਿਆ ਹੈ। ਹਾਲਾਤ ਆਮ ਵਾਂਗ ਹੋਣ ਤਕ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣਗੀਆਂ।’’ ਪੁਲੀਸ ਅਧਿਕਾਰੀ ਨੇ ਕਿਹਾ ਕਿ ਹਿੰਸਾ ਨੂੰ ਲੈ ਕੇ ਐੱਫਆਈਆਰ ਦਰਜ ਕਰਨ ਮਗਰੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ ਤੇ ਹਾਲਾਤ ਉੱਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।’’ ਮਾਰੇ ਗਏ ਦੋਵਾਂ ਵਿਅਕਤੀਆਂ ਦੀ ਪਛਾਣ ਮੁਹੰਮਦ ਮੁਦਾਸਿਰ ਕੈਫ਼ੀ (22) ਤੇ ਮੁਹੰਮਦ ਸਾਹਿਲ ਵਜੋਂ ਹੋਈ ਹੈ। ਇਕ ਦੇ ਸਿਰ ਅਤੇ ਦੂਜੇ ਦੀ ਗਰਦਨ ’ਤੇ ਗੋਲੀ ਲੱਗੀ ਸੀ ਅਤੇ ਦੋਵੇਂ ਰਾਂਚੀ ਦੇ ਵਸਨੀਕ ਸਨ। ਅਧਿਕਾਰੀਆਂ ਨੇ ਕਿਹਾ ਕਿ ਹਿੰਸਾ ਦੌਰਾਨ ਦੋ ਦਰਜਨ ਤੋਂ ਵਧ ਲੋਕ ਜ਼ਖ਼ਮੀ ਹੋ ਗਏ ਸਨ ਤੇ ਇਨ੍ਹਾਂ ਵਿਚੋਂ 13 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ ਤੇ ਉਹ ਰਾਂਚੀ ਦੇ ਰਿਮਸ ਵਿੱਚ ਦਾਖ਼ਲ ਹਨ। ਜ਼ਖ਼ਮੀਆਂ ਵਿੱਚ ਸੀਆਰਪੀਐੱਫ ਤੇ ਪੁਲੀਸ ਮੁਲਾਜ਼ਮ ਦੀ ਸ਼ਾਮਲ ਹਨ। ਹਿੰਦੂ ਜਥੇਬੰਦੀਆਂ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਵੀਐੱਚਪੀ, ਹਿੰਦੂ ਜਾਗਰਣ ਮੰਚ ਤੇ ਹੋਰਾਂ ਨੇ ਹਮਾਇਤ ਦਿੱਤੀ ਹੈ। ਰਾਜਪਾਲ ਰਮੇਸ਼ ਬੈਸ ਨੇ ਹਿੰਸਾ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਕਸੂਰਵਾਰਾਂ ਖਿਲਾਫ ਸਖ਼ਤ ਕਾਰਵਾਈ ਲਈ ਕਿਹਾ ਸੀ।

Total Views: 244 ,
Real Estate