600 ਪੁਲੀਸ ਮੁਲਾਜ਼ਮਾਂ ਦੀ ਵੱਡੀ ਟੀਮ ਨੇ ਪੂਰੇ ਪਿੰਡ ’ਚ ਕੀਤੀ ਛਾਪੇਮਾਰੀ

ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲੀਸ ਨੇ ਐਤਵਾਰ ਸਵੇਰੇ ਗੰਨਾਪਿੰਡ ਦੀ ਵੱਡੇ ਪੱਧਰ ‘ਤੇ ਘੇਰਾਬੰਦੀ ਕਰਕੇ ਤਲਾਸ਼ੀ ਲਈ। ਐੱਸਟੀਐੱਫ ਦੇ ਅਧਿਕਾਰੀਆਂ ਸਮੇਤ ਇਸ ਮੁਹਿੰਮ ਲਈ 600 ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਹ ਪਿੰਡ ਨਸ਼ਿਆਂ ਦੀ ਤਸਕਰੀ ਲਈ ਕਾਫੀ ਬਦਨਾਮ ਹੈ। ਇਸ ਪਿੰਡ ਵਿੱਚ 550 ਦੇ ਕਰੀਬ ਘਰ ਹਨ, ਜਿਸ ’ਚੋਂ 200 ਦੇ ਕਰੀਬ ਘਰਾਂ ‘ਤੇ ਨਸ਼ੇ ਸਬੰਧੀ ਕੇਸ ਦਰਜ ਹਨ। ਕੁੱਲ ਮਿਲਾ ਕੇ ਇਸ ਪਿੰਡ ਦੇ ਵਸਨੀਕਾਂ ‘ਤੇ ਐੱਨਡੀਪੀਐੱਸ ਐਕਟ ਦੀਆਂ 300 ਦੇ ਕਰੀਬ ਐੱਫਆਈਆਰ ਦਰਜ ਹਨ। ਇਸ ਦੌਰਾਨ ਕੋਈ ਬਹੁਤ ਵੱਡੀ ਸਫਲਤਾ ਪੁਲੀਸ ਦੇ ਹੱਥ ਨਹੀਂ ਲੱਗੀ। ਪਿੰਡ ਦੇ ਸਰਪੰਚ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਪਿੰਡ ਦਾ ਨਾਂ ਇਸ ਹੱਦ ਤੱਕ ਬਦਨਾਮ ਕੀਤਾ ਹੈ ਕਿ ਦੂਜੇ ਪਿੰਡਾਂ ਦੇ ਪਰਿਵਾਰਾਂ ਨੇ ਇਸ ਪਿੰਡ ਵਿੱਚ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ। ਐੱਸਐੱਸਪੀ ਜਲੰਧਰ ਦਿਹਾਤੀ ਸਵਪਨ ਸ਼ਰਮਾ ਨੇ ਦੱਸਿਆ ਕਿ 10-10 ਪੁਲੀਸ ਮੁਲਾਜ਼ਮਾਂ ਦੀਆਂ 60 ਟੀਮਾਂ ਬਣਾਈਆਂ ਗਈਆਂ ਸਨ। ਜ਼ਿਲ੍ਹਾ ਜਲੰਧਰ ਦਾ ਐੱਸਟੀਐੱਫ ਵਿੰਗ ਵੀ ਹਰ ਟੀਮ ਦਾ ਹਿੱਸਾ ਸੀ। ਇਸ ਵਿੱਚ ਪੁਲੀਸ ਵੱਲੋਂ 36 ਘਰਾਂ ਦੀ ਨਿਸ਼ਾਨਦੇਹੀ ਕੀਤੀ ਗਈ। ਤਲਾਸ਼ੀ ਮੁਹਿੰਮ ਦੌਰਾਨ ਕੁੱਲ 92 ਕਿਲੋ ਭੁੱਕੀ, 60 ਗ੍ਰਾਮ ਹੈਰੋਇਨ, 260 ਲਿਟਰ ਦੇਸੀ ਨਜਾਇਜ਼ ਸ਼ਰਾਬ, 5 ਲੱਖ ਰੁਪਏ ਡਰੱਗ ਮਨੀ ਅਤੇ ਸੋਨੇ ਦੇ ਗਹਿਣੇ ਬਰਾਮਦ ਹੋਏ। ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਅਤੇ ਆਬਕਾਰੀ ਐਕਟ ਤਹਿਤ ਪੰਜ ਕੇਸ ਦਰਜ ਕੀਤੇ ਗਏ ਹਨ।

Total Views: 364 ,
Real Estate