
ਸੁਪਰੀਮ ਕੋਰਟ ਵੱਲੋਂ ਸਾਬਕਾ ਕ੍ਰਿਕਟਰ ਅਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਨੂੰ ਕਰੀਬ 34 ਸਾਲ ਪੁਰਾਣੇ ਰੋਡ ਰੇਜ ਦੇ ਕੇਸ ਵਿੱਚ ਇੱਕ ਸਾਲ ਦੀ ਬਾਮੁਸ਼ੱਕਤ ਕੈਦ ਸੁਣਾਏ ਜਾਣ ਤੋਂ ਬਾਅਦ ਸਿੱਧੂ ਨੇ ਸ਼ੁੱਕਰਵਾਰ ਨੂੰ ਆਤਮ ਸਮਰਪਣ ਕਰ ਦਿੱਤਾ। ਬਾਮੁਸ਼ੱਕਤ ਕੈਦ ਦਾ ਅਰਥ ਹੁੰਦਾ ਹੈ ਕਿ ਇੱਕ ਕੈਦੀ ਨੂੰ ਜੇਲ੍ਹ ਵਿੱਚ ਸਜ਼ਾ ਦੌਰਾਨ ਕੰਮ ਕਰਨਾ ਪੈਂਦਾ ਹੈ। ਹਾਲਾਂਕਿ ਅੰਗਰੇਜ਼ਾਂ ਦੇ ਰਾਜ ਦੌਰਾਨ ਬਾਮੁਸ਼ੱਕਤ ਕੈਦ ਵਿੱਚ ਕੈਦੀਆਂ ਤੋਂ ਪੱਥਰ ਤੁੜਵਾਉਣ ਦਾ ਕੰਮ ਕਰਵਾਇਆ ਜਾਂਦਾ ਸੀ। ਪਰ ਅੱਜ ਕੱਲ੍ਹ ਜੇਲ੍ਹ ਸਨਅਤ, ਬਾਗਬਾਨੀ ਜਾਂ ਲਾਇਬ੍ਰੇਰੀ, ਆਦਿ ਦਾ ਕੰਮ ਲਿਆ ਜਾਂਦਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਆਰ।ਐਸ। ਬੈਂਸ ਦਾ ਕਹਿਣਾ ਹੈ ਕਿ, “ਜੇਲ੍ਹ ਵਿੱਚ ਬਾਮੁਸ਼ੱਕਤ ਕੈਦ ਵਾਲਿਆਂ ਨੂੰ ਕੰਮ ਕਰਨਾ ਪੈਂਦਾ ਹੈ ਪਰ ਆਮ ਸਜ਼ਾ ਵਾਲਿਆਂ ਨੂੰ ਕੰਮ ਨਹੀਂ ਕਰਨਾ ਪੈਂਦਾ।”
ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਕਹਿਦੇ ਹਨ, “ਜੇਲ੍ਹ ਵਿੱਚ ਮੁਸ਼ੱਕਤ ਦਾ ਅਰਥ ਮੁਸ਼ੱਕਤ ਤਾਂ ਹੁੰਦਾ ਹੈ। ਕੈਦੀਆਂ ਤੋਂ ਵੱਖ-ਵੱਖ ਕੰਮ ਲਏ ਜਾਂਦੇ ਹਨ ਜਿਸ ਵਿੱਚ ਬਾਗਬਾਨੀ, ਲੱਕੜ ਦਾ ਕੰਮ ਜਾਂ ਉਹਨਾਂ ਦੀ ਮੁਹਾਰਤ ਮੁਤਾਬਕ ਕੰਮ। ਇਸ ਦੇ ਅਨੁਸਾਰ ਹੀ ਉਹਨਾਂ ਨੂੰ ਦਿਹਾੜੀ ਵੀ ਦਿੱਤੀ ਜਾਂਦੀ ਹੈ।”
ਇੱਕ ਸਾਬਕਾ ਜੇਲ੍ਹ ਸੁਪਰੀਡੈਂਟ ਅਨੁਸਾਰ ਬਾਮੁਸ਼ਕੱਤ ਸਜ਼ਾ ਦੇ ਕੈਦੀਆਂ ਨੂੰ ਜੇਲ੍ਹ ਵਿੱਚ ਕੰਮ ਕਰਨ ਨਾਲ ਗੁੱਡ ਕੰਡਕਟ ਤਹਿਤ ਸਜ਼ਾ ਵਿੱਚ ਛੋਟ ਮਿਲਦੀ ਹੈ ਪਰ ਜੇਕਰ ਕੋਈ ਕੈਦੀ ਕੰਮ ਕਰਨ ਤੋਂ ਇਨਕਾਰ ਕਰਦਾ ਹੈ ਤਾਂ ਉਸ ਨੂੰ ਇਹ ਫਾਇਦਾ ਨਹੀਂ ਮਿਲੇਗਾ।’ ਨਵਜੋਤ ਸਿੰਘ ਸਿੱਧੂ ਇੱਕ ਸਿਆਸੀ ਲੀਡਰ ਹਨ ਜਿਨ੍ਹਾਂ ਦੀ ਸੁਰੱਖਿਆ ਦਾ ਵੀ ਮਾਮਲਾ ਹੈ ਜਿਸ ਲਈ ਉਨ੍ਹਾਂ ਤੋਂ ਕੰਮ ਕਰਵਾਉਣ ਲਈ ਆਖ਼ਰੀ ਫੈਸਲਾ ਮੌਕੇ ਦੇ ਅਫਸਰਾਂ ਵੱਲੋਂ ਹੀ ਲਿਆ ਜਾਵੇਗਾ। ਹਾਲਾਂਕਿ ਇਸ ਸਬੰਧੀ ਡਾਕਟਰਾਂ ਦੀ ਫਿਟਨੈਸ ਰਿਪੋਰਟ ਨੂੰ ਵੀ ਦੇਖਿਆ ਜਾਂਦਾ ਹੈ।
ਭਾਰਤ ਦੇ ਸੁਪਰੀਮ ਕੋਰਟ ਵੱਲੋਂ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸ਼ੁਕਰਵਾਰ ਨੂੰ ਇੱਕ ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਸਿੱਧੂ ਨੂੰ ਜੇਲ੍ਹ ਵਿੱਚ ਕੈਦੀਆਂ ਵਾਲੇ ਚਿੱਟੇ ਕੱਪੜੇ ਪਾਉਣੇ ਪੈਣਗੇ ਅਤੇ ਉਹਨਾਂ ਨੂੰ ਪਰੀਜ਼ਨ ਫੈਕਟਰੀ, ਖੇਤਾਂ ਵਿੱਚ ਜਾਂ ਲਾਇਬ੍ਰੇਰੀ ਦਾ ਕੰਮ ਕਰਨਾ ਪੈ ਸਕਦਾ ਹੈ।
ਸਾਲ 2016 ਵਿੱਚ ਫਿਲਮ ਅਭਿਨੇਤਾ ਸੰਜੇ ਦੱਤ ਪੁਣੇ ਦੀ ਜੇਲ੍ਹ ਵਿੱਚੋਂ ਬਾਹਰ ਆਏ ਤਾਂ ਉਹਨਾਂ ਕੋਲ ਕਾਫੀ ਨਵੇਂ ਤਜ਼ਰਬੇ ਸਨ। ਦੱਤ ਨੇ ਜੇਲ੍ਹ ਵਿੱਚ ਕਾਗਜ਼ ਦੇ ਬੈਗ ਬਣਾਉਣੇ ਸਿੱਖੇ ਅਤੇ ਉਹਨਾਂ ਕੋਲ ਰੇਡੀਓ ਡਿਸਕ ਜੌਕੀ ਦਾ ਵੀ ਤਜਰਬਾ ਸੀ। ਸੰਜੇ ਦੱਤ ਨੂੰ 1993 ਦੇ ਧਮਾਕਿਆਂ ਦੇ ਇੱਕ ਕੇਸ ਦੇ ਸਬੰਧ ਵਿੱਚ ਹਥਿਆਰਾਂ ਦੇ ਕੇਸ ‘ਚ ਸਜ਼ਾ ਸੁਣਾਈ ਗਈ ਸੀ। ਮਸ਼ਹੂਰ ਆਰੁਸ਼ੀ ਕਤਲ ਕੇਸ ਵਿੱਚ ਸਾਲ 2017 ਵਿੱਚ ਆਪਣੀ ਧੀ ਦੇ ਕਥਿਤ ਕਤਲ ਦੇ ਦੋਸ਼ ਵਿੱਚੋਂ ਬਰੀ ਹੋਣ ਤੋਂ ਬਾਅਦ ਜਦੋਂ ਡਾਕਟਰ ਰਾਜੇਸ਼ ਤਲਵਾੜ ਅਤੇ ਨਪੂਰ ਤਲਵਾੜ ਜੋੜਾ ਜੇਲ੍ਹ ਵਿੱਚ ਡੈਂਟਲ ਕਲਿੰਨਿਕ ਚਲਾਉਂਦਾ ਰਿਹਾ ਅਤੇ ਉਹਨਾਂ ਜੇਲ੍ਹ ਦੀ ਕਲਿੰਨਿਕ ਨੂੰ ਮੁੜ ਸੁਰਜੀਤ ਵੀ ਕੀਤਾ ਸੀ।



















