200 ਕਰੋੜ ਦੀ ਫਿਰੌਤੀ ਮਾਮਲੇ ‘ਚ ਫਸੀ ਜੈਕਲੀਨ ਨੇ ਅਦਾਲਤ ਚੋਂ ਵਿਦੇਸ਼ ਜਾਣ ਵਾਲੀ ਅਰਜ਼ੀ ਲਈ ਵਾਪਸ

ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੇ ਦਿੱਲੀ ਦੀ ਇੱਕ ਅਦਾਲਤ ਵਿੱਚ ਵਿਦੇਸ਼ ਜਾਣ ਦੀ ਆਪਣੀ ਅਰਜ਼ੀ ਵਾਪਸ ਲੈ ਲਈ ਹੈ। ਜੈਕਲੀਨ ਨੇ ਆਬੂ ਧਾਬੀ, ਦੁਬਈ, ਫਰਾਂਸ ਅਤੇ ਨੇਪਾਲ ਦੀ ਯਾਤਰਾ ਲਈ 17 ਮਈ ਤੋਂ 28 ਮਈ ਤੱਕ ਦਿੱਲੀ ਦੀ ਅਦਾਲਤ ‘ਚ ਅਰਜ਼ੀ ਦਿੱਤੀ ਸੀ, ਅਰਜ਼ੀ ‘ਚ ਕਿਹਾ ਗਿਆ ਹੈ ਕਿ ਦਸੰਬਰ 2021 ‘ਚ ਜੈਕਲੀਨ ਜਦੋਂ ਦੁਬਈ ਜਾ ਰਹੀ ਸੀ ਤਾਂ ਉਸ ਨੂੰ ਮੁੰਬਈ ਹਵਾਈ ਅੱਡੇ ‘ਤੇ ਰੋਕ ਲਿਆ ਗਿਆ ਅਤੇ ਉਸ ਦਾ ਪਾਸਪੋਰਟ ਜ਼ਬਤ ਕੀਤਾ ਗਿਆ ਸੀ। ਇਸੇ ਲਈ ਜੈਕਲੀਨ ਨੇ 26 ਅਪ੍ਰੈਲ ਨੂੰ 15 ਦਿਨਾਂ ਲਈ ਵਿਦੇਸ਼ ਜਾਣ ਲਈ ਅਪਲਾਈ ਕੀਤਾ ਸੀ। ਜੈਕਲੀਨ ਦੀ ਇਸ ਅਰਜ਼ੀ ‘ਤੇ ਅਦਾਲਤ ਨੇ 11 ਮਈ ਨੂੰ ਈਡੀ ਨੂੰ ਜਵਾਬ ਦਾਖ਼ਲ ਕਰਨ ਲਈ ਕਿਹਾ ਸੀ ਅਤੇ ਸੁਣਵਾਈ ਦੀ ਤਰੀਕ 18 ਮਈ ਤੈਅ ਕੀਤੀ ਸੀ। ਅੱਜ ਜਦੋਂ ਏਜੰਸੀ ਨੇ ਅਦਾਲਤ ਵਿੱਚ ਆਪਣਾ ਜਵਾਬ ਦਾਖ਼ਲ ਕੀਤਾ ਤਾਂ ਉਸ ਨੇ ਜੈਕਲੀਨ ਦੇ ਵਿਦੇਸ਼ ਜਾਣ ਦੇ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਆਬੂ ਧਾਬੀ ਵਿੱਚ ਹੋਣ ਵਾਲਾ ਇਵੈਂਟ ਉੱਥੋਂ ਦੇ ਰਾਸ਼ਟਰਪਤੀ ਦੀ ਮੌਤ ਹੋਣ ਕਾਰਨ ਰੱਦ ਕੀਤਾ ਗਿਆ ਹੈ, ਜਿਸ ਕਾਰਨ ਇਹ ਸਮਾਗਮ ਰੱਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੈਕਲੀਨ ਨੂੰ ਨੇਪਾਲ ‘ਚ ਹੋਣ ਵਾਲੇ ਦਬੰਗ ਟੂਰ ‘ਚ ਸ਼ਾਮਲ ਨਹੀਂ ਕੀਤਾ ਗਿਆ ਹੈ ਅਤੇ ਜੈਕਲੀਨ ਨੂੰ ਫਰਾਂਸ ‘ਚ ਹੋਣ ਵਾਲੇ ਕਾਨਸ ਫਿਲਮ ਫੈਸਟੀਵਲ ‘ਚ ਵੀ ਸੱਦਾ ਨਹੀਂ ਦਿੱਤਾ ਗਿਆ ਹੈ, ਜਿਸ ਦੀ ਪੁਸ਼ਟੀ ਦਿੱਲੀ ਸਥਿਤ ਫਰਾਂਸ ਦੇ ਦੂਤਾਵਾਸ ਨੇ ਕੀਤੀ ਹੈ। ਏਜੰਸੀ ਦੇ ਜਵਾਬ ਤੋਂ ਬਾਅਦ ਜੈਕਲੀਨ ਨੇ ਵਿਦੇਸ਼ ਜਾਣ ਦੀ ਅਰਜ਼ੀ ਵਾਪਸ ਲੈ ਲਈ। ਹਾਲਾਂਕਿ ਵਕੀਲ ਦਾ ਦਾਅਵਾ ਹੈ ਕਿ ਨਵੀਂ ਅਰਜ਼ੀ ਜਲਦੀ ਹੀ ਦਾਇਰ ਕੀਤੀ ਜਾਵੇਗੀ ਕਿਉਂਕਿ ਆਬੂ ਧਾਬੀ ‘ਚ ਹੋਣ ਵਾਲਾ ਸਮਾਗਮ ਹੁਣ ਜੁਲਾਈ ‘ਚ ਹੋਵੇਗਾ, ਜਿਸ ਲਈ ਅਦਾਲਤ ‘ਚ ਨਵੀਆਂ ਤਰੀਕਾਂ ਦੇ ਨਾਲ ਪਹਿਲਾਂ ਹੀ ਅਰਜ਼ੀ ਦਾਇਰ ਕੀਤੀ ਜਾਵੇਗੀ। ਜੈਕਲੀਨ ਸੁਕੇਸ਼ ਚੰਦਰਸ਼ੇਖਰ ਤੋਂ 200 ਕਰੋੜ ਦੀ ਫਿਰੌਤੀ ਦੇ ਮਾਮਲੇ ਵਿੱਚ ਏਜੰਸੀ ਦੀ ਜਾਂਚ ਦੇ ਘੇਰੇ ਵਿੱਚ ਹੈ ਅਤੇ ਉਸ ਤੋਂ ਕਈ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ।

Total Views: 326 ,
Real Estate