
ਕੁਲਦੀਪ ਸਿੰਘ ਘੁਮਾਣ
ਪਰਾਲੀ ਅਤੇ ਕਣਕ ਦੇ ਖਾਲੀ ਵੱਢਾਂ ਵਿੱਚ ਜ਼ਿਮੀਂਦਾਰਾਂ ਵੱਲੋਂ ਲਗਾਈਆਂ ਗਈਆਂ ਅੱਗਾਂ ਨਾਲ ਹੁਣ ਤੱਕ ਦਰਜਨਾਂ ਮੌਤਾਂ ਹੋ ਚੁੱਕੀਆਂ ਹਨ ਅਤੇ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋ ਚੁੱਕਿਆ ਹੈ ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਅਤੇ ਅੱਗਾਂ ਲਗਾਉਂਣ ਦਾ ਸਿਲਸਿਲਾ ਲਗਾਤਾਰ ਬਾ-ਦਸਤੂਰ ਜਾਰੀ ਹੈ।
ਅਫਸੋਸ ਕਿ ਜਾਨੀ ਅਤੇ ਮਾਲੀ ਨੁਕਸਾਨ ਉਠਾਉਂਣ ਵਾਲੇ ਵੀ ਕਿਸੇ ਦੂਸਰੇ ਮੁਲਕ ਦੇ ਬਾਸ਼ਿੰਦੇ ਨਹੀਂ ਸਗੋਂ ਆਪਣੇ ਹੀ ਮੁਲਕ ਅਤੇ ਸੂਬੇ ਦੇ ਨਾਗਰਿਕ ਹਨ। ਅਸੀਂ ਪੜ੍ਹ ਲਿਖ ਕੇ ਵੀ , ਸਮਝਦਾਰੀ ਤੋਂ ਕੋਹਾਂ ਦੂਰ ਭਟਕ ਰਹੇ ਆਂ।
ਕਿਸੇ ਇੱਕ ਵਿਅਕਤੀ ਦੀ ਬੇ-ਸਮਝੀ ਨਾਲ ਲਗਾਈ ਹੋਈ ਅੱਗ ਨਾਲ , ਜਾਨੀ ਅਤੇ ਮਾਲੀ ਨੁਕਸਾਨ ਦੇ ਨਾਲ ਨਾਲ ਹੀ ਵਾਤਾਵਰਣ ਨੂੰ ਵੀ ਪਲੀਤ ਕੀਤਾ ਜਾ ਰਿਹਾ ਹੈ। ਲੱਖਾਂ ਰੁੱਖ ਝੁਲਸ ਰਹੇ ਹਨ , ਜਾਨਵਰਾਂ ਦੇ ਆਲ੍ਹਣੇ ਸੜ ਰਹੇ ਹਨ, ਆਂਡੇ ਸੜ ਰਹੇ ਹਨ , ਨਿੱਕੇ ਨਿੱਕੇ ਬੋਟ ਅੱਗ ਨਾਲ ਝੁਲਸ ਕੇ , ਤੜਫ ਤੜਫ ਕੇ ਮਰ ਰਹੇ ਹਨ ਪਰ ‘ ਅਸੀਂ ਤੀਲੀ ਲਾ ਕੇ ਤਮਾਸ਼ਾ ਵੇਖ ਰਹੇ ਹਾਂ ਅਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਸਭ ਕੁਝ ਵੇਖ ਅਤੇ ਸੁਣ ਰਿਹਾ ਹੈ। ਤਾਜ਼ਾ ਘਟਨਾ ਬਟਾਲੇ ਕੋਲ ਬਿਜਲੀਵਾਲ ਪਿੰਡ ਤੋਂ ਨਵਾਂ ਪਿੰਡ ਬਰਕੀਵਾਲ ਨੂੰ , 29 ਬੱਚਿਆਂ ਨੂੰ ਲੈ ਕੇ ਜਾ ਰਹੀ ਬੱਚਿਆਂ ਦੀ ਵੈਨ ਨਾਲ ਵਾਪਰਿਆ ਹੈ। ਜਿਸ ਵਿੱਚ 7 ਬੱਚਿਆਂ ਦੇ ਝੁਲਸ ਜਾਣ ਦੀ ਖ਼ਬਰ ਹੈ। ਇਨ੍ਹਾਂ 7 ਬੱਚਿਆਂ ਵਿੱਚੋਂ ਦੋ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹੁਣ ਤਾਂ ਪੰਛੀਆਂ ਦੇ ਬੋਟਾਂ ਤੋਂ ਬਾਅਦ ਮਨੁੱਖ ਦੇ ਆਪਣੇ ‘ਬੋਟ’ , ਇਸ ਚੰਦਰੀ ਅੱਗ ਵਿੱਚ ਬੁਰੀ ਤਰ੍ਹਾਂ ਝੁਲਸੇ ਹਨ।
ਸਵਾਲ ਭਵਿੱਖ ਦੇ ਗਰਭ ਵਿੱਚ ਉੱਸਲਵੱਟੇ ਲੈ ਰਿਹਾ ਹੈ ਕਿ ਕੀ ਇਸ ਤੋਂ ਬਾਅਦ ਵੀ ਅਸੀਂ ਕੁਝ ਸਿੱਖਾਂਗੇ , ਸਮਝਾਂਗੇ ਜਾਂ ਇਸ ਕਾਰਵਾਈ ‘ਤੇ ਰੋਕ ਲੱਗ ਸਕੇਗੀ …..?
ਹਾੜਾ ਜੇ ਕਲਮਾਂ ਵਾਲਿਓ,
ਆਓ ਵੇ ਅਕਲਾਂ ਵਾਲਿਓ,
ਖੇਤਾਂ ਨੂੰ ਲੱਗੀ ਅੱਗ ਨੂੰ ,
ਹਾੜਾ ਵੇ ਫੂਕਾਂ ਮਾਰਿਓ
Total Views: 552 ,
Real Estate
















