ਮਦੀਨਾ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਖਿਲਾਫ ਨਾਅਰੇਬਾਜੀ , ਵਧਿਆ ਵਿਵਾਦ

ਮਦੀਨਾ (ਸਾਊਦੀ ਅਰਬ) ਦੀ ਮਸਜਿਦ-ਇ-ਨਬਵੀ ਵਿਖੇ ਪਾਕਿਸਤਾਨੀ ਵਜ਼ੀਰੇ ਆਜ਼ਮ ਮੀਆਂ ਸ਼ਹਿਬਾਜ਼ ਸ਼ਰੀਫ਼ ਅਤੇ ਉਨ੍ਹਾਂ ਨਾਲ ਜ਼ਿਆਰਤ ’ਤੇ ਗਏ ਵਜ਼ੀਰਾਂ ਤੇ ਅਧਿਕਾਰੀਆਂ ਦੀ ਖਿੱਚ-ਧੂਹ, ਨਾਅਰੇਬਾਜ਼ੀ ਤੇ ਗਾਲ਼ੀ-ਗਲੋਚ ਦਾ ਮਾਮਲਾ ਵੱਡੇ ਸਿਆਸੀ ਵਿਵਾਦ ਦਾ ਰੂਪ ਧਾਰਨ ਕਰ ਗਿਆ ਹੈ। ਇਸ ਘਟਨਾ ਦੇ ਸਬੰਧ ਵਿਚ ਜਿੱਥੇ ਇਸਲਾਮਾਬਾਦ ਵਿਚ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਤੇ ਉਨ੍ਹਾਂ ਦੇ ਕਰੀਬੀਆਂ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ ਕੀਤਾ ਗਿਆ ਹੈ, ਉੱਥੇ ਸਾਊਦੀ ਪੁਲੀਸ ਨੇ ਵੀ 20 ਦੇ ਕਰੀਬ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਲੋਕਾਂ ਨੂੰ ਇਮਰਾਨ ਖ਼ਾਨ ਦੇ ਉਹ ਹਮਾਇਤੀ ਦੱਸਿਆ ਗਿਆ ਹੈ ਜੋ ਹੱਜ ਵਾਸਤੇ ਸਾਊਦੀ ਅਰਬ ਪਹੁੰਚੇ ਹੋਏ ਸਨ।
‘ਡਾਅਨ’ ਦੀ ਰਿਪੋਰਟ ਅਨੁਸਾਰ ਸ਼ਹਿਬਾਜ਼ ਸ਼ਰੀਫ਼ ਆਪਣੇ 30 ਮੈਂਬਰੀ ਵਫ਼ਦ ਨਾਲ ਵੀਰਵਾਰ ਦੇਰ ਸ਼ਾਮੀ ਜਦੋਂ ਮਸਜਿਦ-ਇ-ਨਬਵੀ ਦੇ ਦੀਦਾਰ ਕਰਨ ਤੇ ਨਮਾਜ਼ ਅਦਾ ਕਰਨ ਲਈ ਗਏ ਹੋਏ ਸਨ ਤਾਂ ਪਾਕਿਸਤਾਨੀ ‘ਸ਼ਰਧਾਲੂਆਂ’ ਦੇ ਇਕ ਟੋਲੇ ਨੇ ਪਹਿਲਾਂ ਉਨ੍ਹਾਂ ਖ਼ਿਲਾਫ਼ ‘ਚੋਰ’ ‘ਚੋਰ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ । ਗਾਲ਼-ਗਲੋਚ ਦਾ ਨਿਸ਼ਾਨਾ ਦੋ ਪਾਕਿਸਤਾਨੀ ਵਜ਼ੀਰਾਂ- ਨਵਾਬਜ਼ਾਦਾ ਸ਼ਾਹਜ਼ਾਇਦ ਬੁਗਤੀ ਤੇ ਮਰੀਆ ਔਰੰਗਜ਼ੇਬ ਨੂੰ ਉਚੇਚੇ ਤੌਰ ’ਤੇ ਬਣਾਇਆ ਗਿਆ। ਇਸ ਤੋਂ ਬਾਅਦ ਵਫ਼ਦ ਉੱਪਰ ਸਿੱਧੇ ਤੌਰ ’ਤੇ ਹਮਲਾ ਕੀਤਾ। ਨਵਾਬਜ਼ਾਦਾ ਬੁਗਤੀ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਜਦੋਂਕਿ ਮਰੀਅਮ ਔਰੰਗਜ਼ੇਬ ਨੂੰ ਵੀ ਧੱਕੇ ਵੱਜੇ । ਇਹ ਸਾਰਾ ਕੁਝ ਸਾਊਦੀ ਪੁਲੀਸ ਦੇ ਹਰਕਤ ਵਿਚ ਆਉਣ ਤੋਂ ਪਹਿਲਾਂ ਵਾਪਰ ਗਿਆ। ਸਾਊਦੀ ਪੁਲੀਸ ਨੇ ਸ਼ਹਿਬਾਜ਼ ਸ਼ਰੀਫ਼ ਤੇ ਬਾਕੀ ਨੇਤਾਵਾਂ ਨੂੰ ਸੁਰੱਖਿਅਤ ਬਾਹਰ ਤੋਂ ਕੱਢਣ ਬਾਅਦ ਪਾਕਿਸਤਾਨੀ ਟੋਲੇ ਉੱਤੇ ਸਖ਼ਤੀ ਕੀਤੀ ਅਤੇ 20 ਦੇ ਕਰੀਬ ਪਾਕਿਸਤਾਨੀ ਨਾਗਰਿਕਾਂ ਨੂੰ ਹਿਰਾਸਤ ਵਿਚ ਲੈ ਲਿਆ। ਇਸਲਾਮਾਬਾਦ ਸਥਿਤ ਸਾਊਦੀ ਸਫ਼ਾਰਤਖਾਨੇ ਨੇ ਇਕ ਪ੍ਰੈੱਸ ਰਿਲੀਜ਼ ਰਾਹੀਂ ਮੀਡੀਆ ਨੂੰ ਦੱਸਿਆ ਕਿ ਗ੍ਰਿਫ਼ਤਾਰੀਆਂ ਮੁਕੱਦਸ ਅਸਥਾਨ ਦੀ ਬੇਅਦਬੀ ਕਰਨ, ਉਸ ਦੇ ਅੰਦਰ ਹਿੰਸਕ ਕਾਰਵਾਈਆਂ ਕਰਨ ਅਤੇ ਸ਼ਰਧਾਵਾਨਾਂ ਉੱਤੇ ਜਿਸਮਾਨੀ ਹਮਲਾ ਕਰਨ ਆਦਿ ਦੋਸ਼ਾਂ ਅਧੀਨ ਕੀਤੀਆਂ ਗਈਆਂ ਹਨ।

 

Total Views: 463 ,
Real Estate