ਯੂਕਰੇਨ ਨੇ ਡੋਬ ਦਿੱਤਾ ਰੂਸ ਦਾ ਬੇੜਾ

ਕਾਲੇ ਸਾਗਰ ਵਿੱਚ ਤਾਇਨਾਤ ਰੂਸੀ ਜੰਗੀ ਬੇੜਾ ‘ਮੋਸਕਵਾ’ ਤਬਾਹ ਹੋਣ ਤੋਂ ਇਕ ਦਿਨ ਮਗਰੋਂ ਰੂਸ ਦੇ ਰੱਖਿਆ ਮੰਤਰਾਲੇ ਨੇ ਯੂਕਰੇਨੀ ਰਾਜਧਾਨੀ ’ਤੇ ਹਮਲੇ ਤੇਜ਼ ਕਰਨ ਦਾ ਵਾਅਦਾ ਕੀਤਾ ਹੈ। ਰੂਸ ਨੇ ਇਹ ਦਾਅਵਾ ਅਜਿਹੇ ਮੌਕੇ ਕੀਤਾ ਹੈ ਜਦੋਂ ਰੂਸੀ ਰੱਖਿਆ ਅਧਿਕਾਰੀਆਂ ਨੇ ਯੂਕਰੇਨ ’ਤੇ ਰੂਸ ਨਾਲ ਲੱਗਦੀ ਸਰਹੱਦ ’ਤੇ ਬ੍ਰਿਯਾਂਸਕ ਤੇ ਬੈਲਗੋਰੋਡ ਖੇਤਰ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਹਵਾਈ ਹਮਲੇ ਕਰਨ ਦਾ ਦੋਸ਼ ਲਾਇਆ ਹੈ। ਦੱਸ ਦੇਈਏ ਕਿ ਯੂਕਰੇਨ ਨੇ ਰੂਸੀ ਫੌਜ ਦੇ ਜੰਗੀ ਬੇੜੇ ’ਤੇ ਮਿਜ਼ਾਈਲ ਹਮਲੇ ਕਰਨ ਦਾ ਦਾਅਵਾ ਕੀਤਾ ਸੀ, ਜਦੋਂਕਿ ਰੂਸ ਨੇ ਦਾਅਵਾ ਕੀਤਾ ਕਿ ਮੋਸਕਵਾ ਅੱਗ ਨਾਲ ਨੁਕਸਾਨਿਆ ਗਿਆ ਸੀ ਅਤੇ ਇਸ ’ਤੇ ਕੋਈ ਮਿਜ਼ਾਈਲ ਹਮਲਾ ਨਹੀਂ ਹੋਇਆ। ਕਾਲੇ ਸਾਗਰ ਵਿੱਚ ਖੜ੍ਹਾ ਰੂਸ ਦਾ ਗਾਈਡਿਡ ਮਿਜ਼ਾਈਲ ਕਰੂਜ਼ਰ ‘ਮੋਸਕਵਾ’ ਨੁਕਸਾਨ ਪੁੱਜਣ ਤੋਂ ਇਕ ਦਿਨ ਮਗਰੋਂ ਅੱਜ ਡੁੱਬ ਗਿਆ। ਇਹ ਬੇੜਾ ਲੰਮੀ ਦੂਰੀ ਵਾਲੀਆਂ 16 ਕਰੂਜ਼ ਮਿਜ਼ਾਈਲਾਂ ਢੋਣ ਦੇ ਸਮਰੱਥ ਸੀ। ਬੇੜਾ ਤਬਾਹ ਹੋਣ ਨਾਲ ਕਾਲੇ ਸਾਗਰ ਤੋਂ ਰੂਸ ਦੀ ਹਮਲਾ ਕਰਨ ਦੀ ਸਮਰੱਥਾ ਨੂੰ ਢਾਹ ਲੱਗੀ ਹੈ। ਰੱਖਿਆ ਮਾਹਿਰ ਜੰਗੀ ਬੇੜਾ ਨੁਕਸਾਨੇ ਜਾਣ ਨੂੰ ਇਤਿਹਾਸਕ ਬੱਜਰ ਗ਼ਲਤੀ ਵਜੋਂ ਵੇਖਦਿਆਂ ਮਾਸਕੋ ਲਈ ਸੰਕੇਤਕ ਹਾਰ ਮੰਨ ਰਹੇ ਹਨ। ਉਧਰ ਅਮਰੀਕੀ ਰੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਹੈ ਕਿਹਾ ਕਿ ‘ਮੋਸਕਵਾ’ ਘਟਨਾ ਮਗਰੋਂ ਰੂਸੀ ਬੇੜੇ ਉੱਤਰੀ ਕਾਲੇ ਸਾਗਰ ਤੋਂ ਦੱਖਣ ਵੱਲ ਕੂਚ ਕਰ ਗਏ ਹਨ।

Total Views: 364 ,
Real Estate