ਇੰਡੋ ਅਮੈਰਕਿਨ ਹੈਰੀਟੇਜ਼ ਫੋਰਮ ਨੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੂੰ ਦਿੱਤੀ ਸ਼ਰਧਾਂਜਲੀ


ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ)
ਸਥਾਨਿਕ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾ ਇੰਡੋ ਅਮੈਰਕਿਨ ਹੈਰੀਟੇਜ਼ ਫੋਰਮ ਵੱਲੋ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਕੇ ਇੱਕ ਸ਼ਰਧਾਂਜਲੀ ਸਮਾਗਮ ਇੰਡੀਆ ਓਵਨ ਰੈਸਟੋਰੈਂਟ ਵਿੱਚ ਰੱਖਿਆ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਹੁੰਚਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਸੈਕਟਰੀ ਸੁਰਿੰਦਰ ਮੰਡਾਲੀ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਉਪਰੰਤ ਸਟੇਜ ਸੰਚਾਲਨ ਸੰਸਥਾ ਦੀ ਮਹਿਲਾ ਵਿੰਗ ਦੀ ਮੈਂਬਰ ਸ਼ਰਨਜੀਤ ਧਾਲੀਵਾਲ ਨੇ ਕੀਤਾ। ਬੋਲਣ ਵਾਲੇ ਬੁਲਾਰਿਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ , ਸੁਖਦੇਵ ਆਪਣੇ ਕਿਸੇ ਨਿੱਜੀ ਸੁਆਰਥ ਵਾਸਤੇ ਸ਼ਹੀਦ ਨਹੀ ਹੋਏ, ਬਲਕਿ ਇਹ ਦੇਸ਼ ਭਗਤ ਇੱਕ ਸੋਚ,ਇੱਕ ਜਜ਼ਬਾ ਲੈਕੇ ਚੱਲੇ ਸਨ। ਅਤੇ ਇਹਨਾਂ ਦੀ ਸੋਚ ਤੇ ਪਹਿਰਾ ਦੇਣਾ ਹੀ ਇਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਬੁਲਾਰਿਆਂ ਨੇ ਢੋਂਗੀ ਬੁੱਧੀ-ਜੀਵੀਆਂ ਨੂੰ ਵੀ ਤੜਨਾਂ ਕੀਤੀ ਕਿ, ਸ਼ੋਸ਼ਲ ਮੀਡੀਏ ਤੇ ਦੇਸ਼ ਦੇ ਸ਼ਹੀਦਾਂ ਬਾਰੇ ਊਲ-ਜਲੂਲ ਬੋਲਕੇ ਲੋਕਾਂ ਨੂੰ ਗੁੰਮਰਾਹ ਨਾ ਕੀਤਾ ਜਾਵੇ, ਕਿਉਕੇ ਇਹ ਸਾਡੇ ਦੇਸ਼ ਦੇ ਸ਼ਹੀਦਾਂ ਨਾਲ ਧ੍ਰੋਹ ਕਮਾਉਣ ਬਰਾਬਰ ਹੈ। ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਵਿੱਚ ਸੰਤੋਖ ਮਨਿਹਾਸ, ਪ੍ਰਗਟ ਸਿੰਘ ਧਾਲੀਵਾਲ,ਇੰਦਰਜੀਤ ਸਿੰਘ ਚੁਗਾਵਾਂ,, ਮਲਕੀਤ ਸਿੰਘ ਕਿੰਗਰਾ, ਲਾਲ ਸਿੰਘ ਚੀਮਾ, ਜੀ. ਐਸ. ਗਰੇਵਾਲ, ਅਮੋਲਕ ਸਿੰਘ ਆਦਿ ਸੱਜਣਾਂ ਦੇ ਨਾਮ ਜਿਕਰਯੋਗ ਹਨ। ਇਸ ਮੌਕੇ ਹਰਿੰਦਰ ਕੌਰ ਮਡਾਲੀ, ਰਾਜ ਬਰਾੜ, ਰਣਜੀਤ ਗਿੱਲ, ਗੁਰਲੀਨ ਕੌਰ ਆਦਿ ਨੇ ਇਨਕਲਾਬੀ ਕਵਿਤਾਵਾ ਨਾਲ ਹਾਜ਼ਰੀ ਲਵਾਈ। ਅਖੀਰ ਵਿੱਚ ਗੀਤਕਾਰ ਅਤੇ ਗਾਇਕ ਪੱਪੀ ਭਦੌੜ ਨੇ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਆਪਣੇ ਨਵੇਂ ਨਕੋਰ ਗੀਤ “ਸੀ ਓਦੋਂ ਵੀ ਤੇਈ ਸਾਲ ਦਾ, ‘ਤੇ ਅੱਜ ਵੀ ਤੇਈ ਸਾਲ ਦਾ” ਗਾਕੇ ਦਿੱਤੀ। ਇਸ ਮੌਕੇ ਇੰਡੋ ਅਮੈਰਕਿਨ ਹੈਰੀਟੇਜ਼ ਫੋਰਮ ਦੇ ਥੰਮ ਬਾਪੂ ਗੁਰਦੀਪ ਸਿੰਘ ਅਣਖੀ ਉਚੇਚੇ ਤੌਰ ਤੇ ਪਹੁੰਚੇ ਹੋਏ ਸਨ। ਇਸ ਮੌਕੇ ਚਾਹ ਪਕੌੜਿਆ ਦਾ ਲੰਗਰ ਅਤੁੱਟ ਵਰਤਿਆ। ਅਖੀਰ ਅਮਿੱਟ ਪੈੜਾ ਛੱਡਦਾ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ।

Total Views: 98 ,
Real Estate