
ਰੂਸੀ ਫੌਜ ਹੁਣ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚ ਰਹੀ ਹੈ। ਅਜਿਹੇ ‘ਚ ਅਮਰੀਕਾ ਨੇ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਕੀਵ ਖਾਲੀ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਅਮਰੀਕਾ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ। ਅਮਰੀਕਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ, ”ਇੱਥੇ ਜੰਗ ਚੱਲ ਰਹੀ ਹੈ। ਮੈਨੂੰ ਗੋਲਾ-ਬਾਰੂਦ ਚਾਹੀਦਾ ਹੈ, ਯਾਤਰਾ ਨਹੀਂ।” ਅਫਸਰ ਨੇ ਜ਼ੇਲੇਨਸਕੀ ਨੂੰ ਇੱਕ ਉਤਸ਼ਾਹੀ ਵਿਅਕਤੀ ਦੱਸਿਆ।ਵਾਸ਼ਿੰਗਟਨ ਪੋਸਟ ਨੇ ਯੂਐੱਸ ਅਤੇ ਯੂਕਰੇਨ ਦੇ ਅਧਿਕਾਰੀਆਂ ਦਾ ਵੀ ਹਵਾਲਾ ਦਿੰਦਿਆਂ ਦੱਸਿਆ ਕਿ ਅਮਰੀਕੀ ਸਰਕਾਰ ਜ਼ੇਲੇਂਸਕੀ ਦੀ ਮਦਦ ਕਰਨ ਲਈ ਤਿਆਰ ਹੈ।ਰੂਸੀ ਹਮਲੇ ਦਾ ਜਵਾਬ ਦੇਣ ਲਈ ਸੋਸ਼ਲ ਮੀਡੀਆ ‘ਤੇ ਜ਼ੇਲੇਂਸਕੀ ਦੀ ਵਿਆਪਕ ਤੌਰ ‘ਤੇ ਪ੍ਰਸ਼ੰਸਾ ਕੀਤੀ ਗਈ ਹੈ। ਸਾਬਕਾ ਕਾਮੇਡੀਅਨ ਅਤੇ ਅਭਿਨੇਤਾ ਰਹੇ ਜ਼ੇਲੇਂਸਕੀ ਨੇ ਇਸ ਤੋਂ ਪਹਿਲਾਂ ਇੱਕ ਭਾਸ਼ਣ ਵਿੱਚ ਲੜਦੇ ਰਹਿਣ ਦੀ ਸਹੁੰ ਖਾਧੀ ਸੀ।ਉਨ੍ਹਾਂ ਕਿਹਾ ਸੀ, “ਜਦੋਂ ਤੁਸੀਂ ਸਾਡੇ ‘ਤੇ ਹਮਲਾ ਕਰੋਗੇ, ਤੁਸੀਂ ਸਾਡੇ ਚਿਹਰੇ ਵੇਖੋਗੇ, ਨਾ ਕਿ ਸਾਡੀ ਪਿੱਠ।”ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਰਾਜਧਾਨੀ ਕੀਵ ਦੀਆਂ ਗਲੀਆਂ ਵਿੱਚ ਘੁੰਮਦੇ ਹੋਏ ਆਪਣਾ ਇੱਕ ਵੀਡੀਓ ਟਵਿੱਟਰ ‘ਤੇ ਪੋਸਟ ਕੀਤਾ ਹੈ।ਇਸ ਵੀਡੀਓ ‘ਚ ਉਨ੍ਹਾਂ ਨੇ ਅਜਿਹੀਆਂ ਅਫਵਾਹਾਂ ਨੂੰ ਖਾਰਿਜ ਕੀਤਾ ਹੈ ਜਿਨ੍ਹਾਂ ਮੁਤਾਬਕ ਉਨ੍ਹਾਂ ਨੇ ਆਪਣੀ ਫੌਜ ਨੂੰ ਰੂਸੀ ਸੈਨਿਕਾਂ ਅੱਗੇ ਸਮਰਪਣ ਕਰਨ ਲਈ ਕਿਹਾ ਹੈ। ਵੀਡੀਓ ਵਿੱਚ ਉਨ੍ਹਾਂ ਕਿਹਾ ਕਿ “ਆਨਲਾਈਨ ਬਹੁਤ ਸਾਰੀ ਝੂਠੀ ਜਾਣਕਾਰੀ ਹੈ ਕਿ ਮੈਂ ਸਾਡੀ ਫੌਜ ਨੂੰ ਹਥਿਆਰ ਸੁੱਟਣ ਲਈ ਕਿਹਾ ਹੈ ਅਤੇ ਇੱਥੋਂ ਨਿਕਲਿਆ ਜਾ ਰਿਹਾ ਹੈ।” ਉਨ੍ਹਾਂ ਅੱਗੇ ਕਿਹਾ, “ਮੈਂ ਇੱਥੇ ਹਾਂ। ਅਸੀਂ ਆਪਣੇ ਹਥਿਆਰ ਨਹੀਂ ਸੁੱਟਾਂਗੇ। ਅਸੀਂ ਆਪਣੇ ਦੇਸ਼ ਦੀ ਰੱਖਿਆ ਕਰਾਂਗੇ।”



















