
ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਨੇ ਅੱਜ ਲੁਧਿਆਣਾ ਬਾਰ ਰੂਮ ਦੇ ਬਾਹਰੋਂ ਗ੍ਰਿਫ਼ਤਾਰ ਕਰ ਲਿਆ ਹੈ । ਇੱਥੇ ਵਿਧਾਇਕ ਬੈਂਸ ਅਤੇ ਉਨ੍ਹਾਂ ਦਾ ਭਰਾ ਵਿਧਾਇਕ ਬਲਵਿੰਦਰ ਸਿੰਘ ਬੈਂਸ ਵਕੀਲਾਂ ਨੂੰ ਸੰਬੋਧਨ ਕਰਨ ਆਏ ਸਨ । ਜਿਉਂ ਹੀ ਬਾਰਰੂਮ ਵਿਚ ਦੋਵੇਂ ਭਰਾ ਪੁੱਜੇ ਪੁਲਿਸ ਨੇ ਪਹਿਲਾਂ ਤੋਂ ਹੀ ਉੱਥੇ ਘੇਰਾਬੰਦੀ ਕੀਤੀ ਹੋਈ ਸੀ । ਕਾਂਗਰਸੀ ਉਮੀਦਵਾਰ ਤੇ ਹਮਲੇ ਦੇ ਦੋਸ਼ ਵਜੋਂ ਬੈਂਸ ਨੂੰ ਫੜਿਆ ਗਿਆ ਹੈ । ਬੀਤੇ ਦਿਨੀਂ ਦੇਰ ਸ਼ਾਮ ਨਿਊ ਜਨਤਾ ਨਗਰ ਇਲਾਕੇ ‘ਚ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਮੀਟਿੰਗ ‘ਚ ਹਮਲਾ ਕਰਨ ਅਤੇ ਗੋਲ਼ੀ ਚਲਾਉਣ ਦੇ ਮਾਮਲੇ ‘ਚ ਥਾਣਾ ਸ਼ਿਮਲਾ ਪੁਰੀ ਦੀ ਪੁਲਿਸ ਨੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਸਮੇਤ 33 ਲੋਕਾਂ ਖਿਲਾਫ ਬਾਈਨੇਮ ਪਰਚਾ ਦਰਜ ਕਰਨ ਸਮੇਤ 150 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਖਿਲਾਫ਼ ਕਤਲ ਦੀ ਕੋਸ਼ਿਸ਼, ਹਿੰਸਾ ਫੈਲਾਉਣ, ਭੰਨਤੋੜ ਕਰਕੇ ਨੁਕਸਾਨ ਪਹੁੰਚਾਉਣ, ਆਰਮਜ਼ ਐਕਟ, ਡਿਜ਼ਾਸਟਰ ਮੈਨੇਜਮੈਂਟ ਐਕਟ ਅਤੇ 3 ਮਹਾਂਮਾਰੀ ਰੋਗ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।



















