
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਗ੍ਰਿਫਤਾਰ ਰਿਸ਼ਤੇਦਾਰ ਭੁਪਿੰਦਰ ਸਿੰਘ ਉਰਫ ਹਨੀ ਨੇ ਮੰਨਿਆਂ ਹੈ ਕਿ ਉਸ ਨੇ ਸਰਹੱਦੀ ਸੂਬੇ ਵਿੱਚ ਰੇਤ ਦੀ ਖੁਦਾਈ ਦੇ ਕੰਮ ਵਿੱਚ ਮਦਦ ਕਰਨ ਅਤੇ ਤਬਾਦਲਿਆਂ ਲਈ 10 ਕਰੋੜ ਰੁਪਏ ਨਕਦ ਲਏ ਸਨ। ਇਸ ਦਾਅਵੇ ਤੋਂ ਬਾਅਦ ਹੁਣ ਚੋਣ ਪ੍ਰਚਾਰ ਦੌਰਾਨ ਸੀਐਮ ਚੰਨੀ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਚੰਨੀ ਇਸ ਮੁੱਦੇ ਨੂੰ ਲੈ ਕੇ ਪਹਿਲਾਂ ਹੀ ਵਿਰੋਧੀ ਸਿਆਸੀ ਪਾਰਟੀਆਂ ਦੇ ਨਿਸ਼ਾਨੇ ‘ਤੇ ਹਨ। ਇਸ ਖੁਲਾਸੇ ਤੋਂ ਬਾਅਦ ਵਿਰੋਧੀ ਧਿਰ ਈਡੀ ਦਾ ਹਵਾਲਾ ਦਿੰਦੇ ਹੋਏ ਸਿੱਧੇ ਚੰਨੀ ਨਾਲ ਨਾਜਾਇਜ਼ ਮਾਈਨਿੰਗ ਨੂੰ ਜੋੜ ਸਕਦੀ ਹੈ। ਈਡੀ ਨੇ ਦਾਅਵਾ ਕੀਤਾ ਹੈ ਕਿ ਭੁਪਿੰਦਰ ਸਿੰਘ ਨੇ ਮੰਨਿਆ ਕਿ ਉਸ ਨੂੰ ਰੇਤ ਮਾਈਨਿੰਗ ਦੇ ਕੰਮ ਵਿੱਚ ਮਦਦ ਕਰਨ ਅਤੇ ਅਧਿਕਾਰੀਆਂ ਦੇ ਤਬਾਦਲੇ/ਤਾਇਨਾਤੀਆਂ ਦੇ ਬਦਲੇ ਨਕਦੀ ਮਿਲੀ ਸੀ। ਹਨੀ ਨੂੰ ਕੁਝ ਦਸਤਾਵੇਜ਼ਾਂ ਸਮੇਤ 3 ਫਰਵਰੀ ਨੂੰ ਏਜੰਸੀ ਸਾਹਮਣੇ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਇਸ ਦੇ ਜਵਾਬ ਵਿੱਚ ਉਹ ਪੇਸ਼ ਹੋਇਆ ਅਤੇ ਆਪਣਾ ਬਿਆਨ ਦਿੱਤਾ ਕਿ ਉਹ ਮਾਈਨਿੰਗ ਨਾਲ ਸਬੰਧਤ ਗਤੀਵਿਧੀਆਂ ਵਿੱਚ ਸ਼ਾਮਲ ਸੀ, ਪਰ ਉਹ ਇਤਰਾਜ਼ਯੋਗ ਡੇਟਾ ਬਾਰੇ ਸਪੱਸ਼ਟੀਕਰਨ ਦੇਣ ਤੋਂ ਅਸਮਰੱਥ ਰਿਹਾ।



















