ਮੁਕਤਸਰ ਦੇ ਪਹਿਲੇ ਬੱਕਰੀ ਮੇਲੇ ਵਿੱਚ ਅੰਤਾਂ ਦਾ ਉਤਸ਼ਾਹ


ਛੋਟੇ ਕਿਸਾਨਾਂ ਦੀ ਮੰਡੀਕਰਨ ਦੀ ਮੁਸ਼ਕਲ ਹੋਈ ਹੱਲ
ਸ੍ਰੀ ਮੁਕਤਸਰ ਸਾਹਿਬ 21 ਦਸੰਬਰ (ਕੁਲਦੀਪ ਸਿੰਘ ਘੁਮਾਣ) ਸਥਾਨਕ ਸ਼ਹਿਰ ਦੇ ਬਾਈਪਾਸ ਡਾ: ਕਿਧਰ ਸਿੰਘ ਮਾਰਗ , ਉੱਤੇ ਅਗਾਂਹ ਵਧੂ ਕਿਸਾਨ ਸ: ਪਰਮਜੀਤ ਸਿੰਘ ਬਿੱਲੂ ਸਿੱਧੂ ਦੇ ਉੱਦਮ ਸਦਕਾ ਪਹਿਲੇ ਬੱਕਰੀ ਮੇਲੇ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਸੈਂਕੜੇ ਬੱਕਰੀ ਪਾਲਕ ਕਿਸਾਨਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੇਲੇ ਵਿੱਚ ਬਰਬਰੀ,ਬੀਟਲ,ਬੋਰ,ਸਿਰੋਹੀ,ਅੰਮ੍ਰਿਤਸਰੀ ਅਤੇ ਜਮਨਾਪੁਰੀ ਕਿਸਮ ਦੀਆਂ ਨਸਲਾਂ ਦੀਆਂ ਬੱਕਰੀਆਂ ਨੇ ਉਚੇਚੇ ਤੌਰ ‘ਤੇ ਭਾਗ ਲਿਆ। ਸ: ਸਰਬਰਿੰਦਰ ਸਿੰਘ ਦੇ ਬੱਕਰੀ ਫਾਰਮ ਵਿੱਚੋਂ ਭਾਗ ਲੈਣ ਆਏ ਬੀਟਲ ਕਿਸਮ ਦੇ ਬੱਕਰੇ ਨੂੰ ਭਾਗਸਰ ਦੇ ਇੱਕ ਕਿਸਾਨ ਨੇ 92000/- ਵਿੱਚ ਖਰੀਦਿਆ।ਇਸੇ ਤਰ੍ਹਾਂ ਸੰਗੂ ਧੌਣ ਪਿੰਡ ਦੇ ਇੱਕ ਕਿਸਾਨ ਨੇ ਬੀਟਲ ਕਿਸਮ ਦੀ ਹੀ ਇੱਕ ਬੱਕਰੀ 52000/- ਰੁਪੲੇ ਸਮੇਤ ਦੋ ਮੇਮਣੇ ਦੇ ਉੱਚੇ ਮੁੱਲ ਉੱਤੇ ਵੇਚੀ। ਇਸ ਮੇਲੇ ਵਿੱਚ ਇਸ ਤਰ੍ਹਾਂ ਕੁੱਲ 106 ਬੱਕਰੀਆਂ ਬੱਕਰਿਆਂ ਦੀ ਖਰੀਦ ਵੇਚ ਹੋਈ।ਸੁੱਖਾ ਸਿੰਘ ਧੂੜਕੋਟ ਨੇ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨੂੰ ਤੁੰਗਵਾਲੀ ਬੱਕਰੀ ਮੇਲਾ ਬਹੁਤ ਦੂਰ ਪੈਂਦਾ ਸੀ। ਇਹ ਮੇਲਾ ਸ਼ੁਰੂ ਹੋਣ ਨਾਲ ਇਲਾਕੇ ਦੇ ਬੱਕਰੀ ਪਾਲਕਾਂ ਦੀ ਮੰਡੀਕਰਨ ਦੀ ਬਹੁਤ ਵੱਡੀ ਮੁਸ਼ਕਲ ਹੱਲ ਹੋ ਗੲੀ ਹੈ। ਉਨ੍ਹਾਂ ਕਿਹਾ ਕਿ ਬੱਕਰੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਤੋਂ ਬਾਅਦ ਸਾਨੂੰ ਕਦੇ ਆੜ੍ਹਤ ‘ਤੇ ਜਾਣ ਦੀ ਲੋੜ ਨਹੀਂ ਪਈ । ਮੇਲੇ ਵਿੱਚ ਆਪਣੇ ਜਾਨਵਰ ਲੈ ਕੇ ਆਏ ਰਾਜਵੀਰ ਸਿੰਘ ਕੋਟਲੀ ਅਬਲੂ ਨੇ ਕਿਹਾ ਕਿ ਮੈਂ ਪੰਜਾਬ ਪੁਲੀਸ ਵਿੱਚ ਨੌਕਰੀ ਕਰਦਾ ਹਾਂ।ਮੈਂ ਇੱਕ ਸਾਥੀ ਦੇ ਨਾਲ ਰਲਕੇ , ਬੱਕਰੀ ਪਾਲਣ ਦੇ ਕਿੱਤੇ ਨੂੰ ਸਹਾਇਕ ਧੰਦੇ ਵਜੋਂ ਅਪਣਾਇਆ ਹੈ। ਖਰੀਦ ਵੇਚ ਅਤੇ ਪੱਠੇ ਨੀਰੇ ਦੇ ਪ੍ਰਬੰਧ ਦੀ ਜਿੰਮੇਵਾਰੀ ਮੇਰੀ ਹੈ। ਮੂੰਗੀ ਅਤੇ ਮੂੰਗਫਲੀ ਦਾ ਨੀਰਾ ਅਕਸਰ ਬੱਕਰੀਆਂ ਬਹੁਤ ਸ਼ੌਕ ਨਾਲ ਖਾਂਦੀਆਂ ਹਨ। ਮੇਲੇ ਵਿੱਚ ਭਾਗ ਲੈਣ ਆਏ ਗੁਰਸੇਵਕ ਸਿੰਘ ਕਰਾਈ ਵਾਲੇ ਨੇ ਕਿਹਾ ਕਿ ਮੈਂ 22 ਬੱਕਰੀਆਂ ਪਾਲਣ ਦਾ ਧੰਦਾ ਕਰ ਰਿਹਾ ਹਾਂ। ਇਸ ਸਾਲ ਕਣਕ ਤੋਂ ਬਾਅਦ ਮੈਂ ਬੱਕਰੀ ਫਾਰਮ ਬਣਾ ਕੇ ਇਸ ਕਿੱਤੇ ਨੂੰ ਮੁੱਖ ਕਿੱਤੇ ਵਜੋਂ ਅਪਣਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਮੈਂ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰਦਾ ਹਾਂ । ਮੈਂ ਮਹਿਸੂਸ ਕਰਦਾ ਹਾਂ ਕਿ ਡੇਢ ਸੌ ਕਿੱਲੇ ਦੀ ਖੇਤੀ ਨਾਲੋਂ 50 ਬੱਕਰੀਆਂ ਹਰ ਸਾਲ ਵੇਚ ਦੇਈਏ ਤਾਂ ਖੇਤੀ ਨਾਲੋਂ ਇਹ ਕਿੱਤਾ ਜ਼ਿਆਦਾ ਫਾਇਦੇਮੰਦ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਦੀ ਬੱਕਰੀ ਸੂ ਪੈਂਦੀ ਹੈ ਜੋ ਇੱਕ ਤੋਂ ਲੈ ਕੇ ਤਿੰਨ ਮੇਮਣਿਆਂ ਤੱਕ ਦੇ ਦੇਂਦੀ ਹੈ। ਛੋਟੇ ਜਿਹੇ ਸੱਦੇ ‘ਤੇ ਲਗਾਏ ਗੲੇ ਮੇਲੇ ਦੌਰਾਨ ਮਿਲੇ ਇੰਨੇ ਉਤਸਾਹ ਤੋਂ ਖੁਸ਼ ਹੋ ਕੇ ਸ:ਪਰਮਜੀਤ ਸਿੰਘ ਬਿੱਲੂ ਸਿੱਧੂ ਨੇ ਐਲਾਨ ਕੀਤਾ ਕਿ ਇਹ ਬੱਕਰੀ ਮੇਲਾ ਹਰ ਮੰਗਲਵਾਰ ਨੂੰ ਸਥਾਨਕ ਡਾ: ਕਿਹਰ ਸਿੰਘ ਮਾਰਗ ‘ਤੇ , ਇਸੇ ਹੀ ਥਾਂ ‘ਤੇ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਬੱਕਰੀ ਮੇਲਾ ਲਗਾਉਂਣ ਦਾ ਮਕਸਦ ਛੋਟੇ ਕਿਸਾਨਾਂ ਨੂੰ ਸਹਾਇਕ ਧੰਦਿਆਂ ਪ੍ਰਤੀ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਜਿਹੜੇ ਛੋਟੇ ਕਿਸਾਨ ਬੱਕਰੀ ਪਾਲਣ ਦਾ ਕਿੱਤਾ ਕਰਦੇ ਹਨ,ਉਨ੍ਹਾਂ ਨੂੰ ਆਪਣੇ ਮਾਲ ਦਾ ਸਹੀ ਮੁੱਲ ਨਹੀਂ ਸੀ ਮਿਲਦਾ ,ਜਿਸ ਕਰਕੇ ਇਸ ਤਰ੍ਹਾਂ ਮੇਲੇ ਵਿੱਚ ਉਹ ਆਪਣੇ ਮਾਲ ਦਾ ਸਹੀ ਮੁੱਲ ਹਾਸਲ ਕਰ ਸਕਦੇ ਹਨ।

Total Views: 182 ,
Real Estate