ਭਗਵੇਂਕਰਨ ਦਾ ਪਾਸਾਰ ਨਾ ਰੋਕਿਆ ਗਿਆ ਤਾਂ ਖਤਰਨਾਕ ਨਤੀਜੇ ਸਾਹਮਣੇ ਆਉਣਗੇ

ਬਲਵਿੰਦਰ ਸਿੰਘ ਭੁੱਲਰ
Rssਆਰ ਐਸ ਐਸ ਦੀਆਂ ਨੀਤੀਆਂ ਦੇ ਅਧਾਰ ਤੇ ਭਗਵੇਂਕਰਨ ਦੇ ਪਾਸਾਰ ਲਈ ਹਿੰਦੂਤਵੀ ਏਜੰਡਾ ਲੈ ਕੇ ਦੇਸ਼ ਵਿੱਚ ਸਰਕਾਰ ਚਲਾ ਰਹੀ ਭਾਜਪਾ ਇੱਕ ਗਿਣੀ ਮਿਥੀ ਸਾਜਿਸ ਤਹਿਤ ਧਰਮ ਦੀ ਰਾਜਨੀਤੀ ਕਰਕੇ ਲੋਕਾਂ ਵਿੱਚ ਵੰਡੀਆਂ ਪਾ ਰਹੀ ਹੈ। ਜੇਕਰ ਇਸ ਰੁਝਾਨ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਖਤਰਨਾਕ ਨਤੀਜੇ ਸਾਹਮਣੇ ਆਉਣਗੇ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਵੀ ਖਤਰੇ ਵੀ ਵਿੱਚ ਪੈ ਸਕਦੀ ਹੈ।
ਧਰਮ ਦੇ ਨਾਂ ਤੇ ਵੋਟਾਂ ਹਾਸਲ ਕਰਕੇ ਕੇਂਦਰ ਵਿੱਚ ਸਥਾਪਤ ਹੋਈ ਭਾਜਪਾ ਦੀ ਮੋਦੀ ਸਰਕਾਰ ਆਪਣੀ ਸਤਾ ਨੂੰ ਕਾਇਮ ਰੱਖਣ ਲਈ ਫਾਸ਼ੀਵਾਦ ਦਾ ਰਾਹ ਅਖ਼ਤਿਆਰ ਕਰਕੇ ਭਾਰਤ ਵਿੱਚ ਰਾਸ਼ਟਰਵਾਦ ਤੇ ਧਰਮ ਦੇ ਨਾਂ ਤੇ ਆਮ ਲੋਕਾਂ ਦੀ ਜਿੰਦਗੀ ਜੀਵਨ ਅਤੇ ਬਰਾਬਰੀ ਦੇ ਹੱਕਾਂ ਲਈ ਲੜੀ ਜਾਣ ਵਾਲੀ ਲੜਾਈ ਨੂੰ ਦਬਾਅ ਕੇ ਰੱਖਣਾ ਚਾਹੁੰਦੀ ਹੈ, ਤਾਂ ਜੋ ਦੇਸ਼ ਦੇ ਲੋਕ ਆਪਣੇ ਬੁਨਿਆਦੀ ਮਸਲਿਆਂ ਅਤੇ ਸਮਾਜ ਦੀ ਬੇਹਤਰੀ ਲਈ ਜੱਦੋਜਹਿਦ ਕਰਨ ਵਾਲੇ ਰਸਤੇ ਨਾ ਪੈ ਜਾਣ। ਜਿਸਨੂੰ ਉਹ ਆਪਣੇ ਕਾਜ਼ ਦੀ ਪੂਰਤੀ ਲਈ ਵੱਡਾ ਅੜਿੱਕਾ ਸਮਝਦੀ ਹੈ, ਕਿਉਂਕਿ ਇਕੱਲੇ ਇਕੱਲੇ ਆਗੂ ਨੂੰ ਦਬਾਉਣ ਜਾਂ ਖਤਮ ਕਰਨ ਦੇ ਮੁਕਾਬਲੇ ਸੰਘਰਸ਼ ਨੂੰ ਉਹ ਵੱਡਾ ਖਤਰਾ ਮਹਿਸੂਸ ਕਰਦੀ ਹੈ। bhagwakarn
ਊਚ ਨੀਚ, ਭੇਦ ਭਾਵ, ਗੈਰ ਬਰਾਬਰੀ, ਨਸਲੀ ਵਿਤਕਰਾ, ਧਾਰਮਿਕ ਕੱਟੜਤਾ, ਘੱਟ ਗਿਣਤੀ ਤੇ ਹੋਰ ਧਰਮਾਂ ਦੇ ਪੈਰੋਕਾਰਾਂ ਨੂੰ ਆਪਣੀਆਂ ਸਰਤਾਂ ਤੇ ਜਿਉਣ ਲਈ ਮਜਬੂਰ ਕਰਨਾ ਆਦਿ ਹਿੰਦੂਤਵ ਦੇ ਮੁੱਢਲੇ ਸਿਧਾਂਤ ਹਨ ਅਤੇ ਧਰਮ ਤੇ ਜਾਤ ਇਸ ਨੂੰ ਲਾਗੂ ਕਰਨ ਲਈ ਇੱਕ ਰਸਤਾ ਹੈ। ਆਰ ਐਸ ਐਸ ਦੇਸ਼ ਵਿੱਚ ਰਾਸਟਰਵਾਦ ਅਤੇ ਦੇਸ ਭਗਤੀ ਦੇ ਨਾਂ ਹੇਠ ਲੋਕਾਂ ਨੂੰ ਗੁੰਮਰਾਹ ਕਰਕੇ ਭਾਜਪਾ ਰਾਹੀਂ ਆਪਣਾ ਇਹ ਏਜੰਡਾ ਲਾਗੂ ਕਰਨ ਵਿੱਚ ਮਸਰੂਫ਼ ਹੈ। ਇਸੇ ਤਹਿਤ ਮੁਸਲਿਮ ਵਿਰੋਧੀ ਪ੍ਰਚਾਰ ਕੀਤਾ ਜਾ ਰਿਹਾ ਹੈ, ਗਊ ਰੱਖਿਆ ਦੇ ਨਾਂ ਹੇਠ ਦਲਿਤਾਂ ਤੇ ਅੱਤਿਆਚਾਰ ਕੀਤਾ ਜਾ ਰਿਹੈ, ਸਿਆਸਤ ਦਾ ਹਿੰਦੂਕਰਨ ਕਰ ਦੇਣ ਦੇ ਯਤਨ ਜਾਰੀ ਹਨ।
ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਹਿੰਦੂਤਵੀ ਏਜੰਡੇ ਸਦਕਾ ਦੇਸ਼ ਵਿੱਚ ਦੂਜੇ ਧਰਮਾਂ ਤੇ ਹਮਲੇ ਹੋ ਰਹੇ ਹਨ। ਮਨੁੱਖਤਾ ਨੂੰ ਅਧਾਰ ਮੰਨ ਕੇ ਅਜਿਹੇ ਹੋ ਰਹੇ ਹਮਲਿਆਂ ਵਿਰੁੱਧ ਅਵਾਜ ਬੁ਼ੰਦ ਕਰਨ ਵਾਲੇ ਧਰਮ ਨਿਰਪੱਖ, ਚਿੰਤਨਸ਼ੀਲ ਤੇ ਬੁਧੀਜੀਵੀਆਂ ਨੂੰ ਆਪਣੇ ਰਸਤੇ ਵਿੱਚ ਅੜਿੱਕਾ ਸਮਝ ਕੇ ਕਤਲ ਕਰਵਾਇਆ ਜਾ ਰਿਹਾ ਹੈ, ਤਾਂ ਜੋ ਫਾਸ਼ੀਵਾਦੀ ਤਾਕਤਾਂ ਵਿਰੁੱਧ ਪੈਦਾ ਹੋ ਰਹੀ ਚੇਤਨਾ ਨੂੰ ਦਬਾ ਦਿੱਤਾ ਜਾ ਸਕੇ। ਜਿਹਨਾਂ ਵਿੱਚ ਦੂਜੇ ਧਰਮਾਂ ਦੇ ਆਗੂ, ਪੱਤਰਕਾਰਾਂ, ਲੇਖਕਾਂ ਤੋਂ ਇਲਾਵਾ ਜੁਡੀਸੀਅਲ ਅਫ਼ਸਰ ਵੀ ਸਾਮਲ ਹਨ। ਦੇਸ਼ ਵਿੱਚ ਹਿੰਦੂਤਵੀ ਏਜੰਡੇ ਦਾ ਵਿਰੋਧ ਕਰਨ ਵਾਲੇ ਅਤੇ ਦੂਜੇ ਧਰਮਾਂ ਦਾ ਪ੍ਰਚਾਰ ਕਰਨ ਵਾਲੇ ਜਾਂ ਆਪਣੇ ਧਰਮ ਦੇ ਨਾਂ ਹੇਠ ਵੱਖਰੇ ਖਿੱਤੇ ਦੀ ਮੰਗ ਕਰਨ ਵਾਲੇ ਲੋਕਾਂ ਤੇ ਦੇਸ ਧਰੋਹੀ ਦੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲਾਂ ਵਿੱਚ ਤੁੰਨਿਆਂ ਜਾਂਦਾ ਹੈ, ਜਦ ਕਿ ਹਿੰਦੂ ਰਾਸ਼ਟਰਵਾਦ ਸਥਾਪਤ ਕਰਨ ਦੇ ਐਲਾਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ।
ਭਾਰਤ ਦੇ ਵਿਰਾਸਤੀ ਲਾਲ ਕਿਲੇ ਨੂੰ ਡਾਲਮੀਆ ਘਰਾਣੇ ਕੋਲ ਠੇਕੇ ਤੇ ਦੇਣਾ, ਸਦੀ ਤੋਂ ਵੀ ਪੁਰਾਣੇ ਉਤਰ ਪ੍ਰਦੇਸ਼ ਦੇ ਰੇਲਵੇ ਸਟੇਸ਼ਨ ਮੁਗਲਸਰਾਏ ਦਾ ਨਾਂ ਬਦਲ ਕੇ ਆਰ ਐਸ ਐਸ ਦੇ ਵਿਚਾਰਧਾਰਕ ਦੀਨ ਦਿਆਲ ਉਪਾਧਿਆਏ ਦੇ ਨਾਂ ਤੇ ਰੱਖਣ ਦਾ ਨੋਟੀਫਿਕੇਸਨ ਜਾਰੀ ਕਰਨਾ ਜਿੱਥੇ ਭਾਜਪਾ ਦੀ ਹਿੰਦੂਤਵੀ ਸੋਚ ਦਾ ਪ੍ਰਗਟਾਵਾ ਕਰਦਾ ਹੈ, ਉਥੇ ਹੱਕ ਸੱਚ ਤੇ ਨਿਆਂ ਲਈ ਅਵਾਜ ਬੁਲੰਦ ਕਰਨ ਵਾਲੇ ਪੱਤਰਕਾਰ ਅਕਸੈ ਸਿੰਘ, ਪੱਤਰਕਾਰ ਸੰਦੀਪ ਕੋਠਾਰੀ, ਪੱਤਰਕਾਰ ਜੋਗਿੰਦਰ ਸਿੰਘ, ਪੱਤਰਕਰ ਰਾਜਦੇਵ ਰੰਜਨ, ਡਾ: ਨਰਿੰਦਰ ਦੋਭਾਲਕਰ, ਕਾ: ਗੋਬਿੰਦ ਪਾਨਸਰੇ, ਪ੍ਰੋ: ਕੁਲਬਰਗੀ ਅਤੇ ਬੀਬੀ ਗੌਰੀ ਲੰਕੇਸ ਦਾ ਕਤਲ ਭਾਜਪਾ ਵੱਲੋਂ ਹਿੰਦੂਤਵੀ ਏਜੰਡਾ ਲਾਗੂ ਕਰਨ ਵਾਲੇ ਯਤਨਾਂ ਦੇ ਪੁਖਤਾ ਸਬੂਤ ਹਨ।
ਭਾਰਤ ਧਰਮ ਨਿਰਪੱਖ, ਬਹੁ ਸੱਭਿਆਚਾਰਕ, ਬਹੁ ਸਮਾਜੀ, ਬਹੁ ਜਾਤੀ ਦੇਸ਼ ਹੈ, ਜਿੱਥੇ ਕਿਸੇ ਇੱਕ ਫਿਰਕੇ ਦਾ ਕਾਬਜ ਹੋਣਾ ਦੇਸ਼ ਦੇ ਹਿਤ ਵਿੱਚ ਨਹੀਂ ਹੋ ਸਕਦਾ। ਸਰਕਾਰਾਂ ਵਿੱਚ ਜੇਕਰ ਸਾਰੇ ਧਰਮਾਂ, ਵਰਗਾਂ, ਜਾਤਾਂ ਆਦਿ ਦੇ ਨੁਮਾਇੰਦੇ ਸਾਮਲ ਹੋਣਗੇ ਤਾਂ ਸਭ ਦਾ ਸੁਰੱਖਿਅਤ ਹੋਣਾ ਯਕੀਨੀ ਬਣਾਇਆ ਜਾ ਸਕਦਾ ਹੈ। ਜੇਕਰ ਕੋਈ ਇੱਕ ਫਿਰਕਾ ਕਾਬਜ ਹੋ ਜਾਵੇ ਤਾਂ ਉਹ ਆਪਣੀ ਸਥਾਪਤੀ ਲਈ ਦੂਜਿਆਂ ਲਈ ਖਤਰਾ ਬਣੇਗਾ। ਦੇਸ਼ ਦੀ ਮੋਦੀ ਸਰਕਾਰ ਆਰ ਐਸ ਐਸ ਦੇ ਏਜੰਡੇ ਤਹਿਤ ਹਿੰਦੂ ਰਾਸ਼ਟਰਵਾਦ ਲਾਗੂ ਕਰਨ ਲਈ ਯਤਨਸ਼ੀਲ ਹੈ, ਜੋ ਦੇਸ ਦੇ ਹਿਤ ਵਿੱਚ ਨਹੀਂ ਹੋ ਸਕਦਾ, ਇਸ ਲਈ ਇਸ ਰੁਝਾਨ ਨੂੰ ਠੱਲ ਪਾਉਣੀ ਅੱਜ ਦੇ ਸਮੇਂ ਦੀ ਵੱਡੀ ਲੋੜ ਹੈ।
ਕੁਝ ਸਮਾਂ ਪਹਿਲਾਂ ਦੇਸ਼ ਦੀਆਂ ਧਰਮ ਨਿਰਪੱਖ ਪਾਰਟੀਆਂ ਦੱਖਣੀ ਭਾਰਤ ਵਿੱਚ ਇਕੱਠੀਆਂ ਹੋਈਆਂ ਅਤੇ ਉਹਨਾਂ ਆਰ ਐਸ ਐਸ ਦਾ ਹਿੰਦੂਤਵੀ ਏਜੰਡਾ ਇੰਨ ਬਿੰਨ ਲਾਗੂ ਹੋਣ ਤੋਂ ਰੋਕਣ ਲਈ ਅਹਿਦ ਲਿਆ ਅਤੇ ਉਹਨਾਂ ਨੂੰ ਸਫ਼ਲਤਾ ਵੀ ਮਿਲੀ। ਦੇਸ਼ ਦੀਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਅਜਿਹੀ ਏਕਤਾ ਹੋਣ ਦੀ ਵੱਡੀ ਸੰਭਾਵਨਾ ਹੈ। ਜੇਕਰ ਇਹ ਏਕਤਾ ਕਾਇਮ ਹੋ ਜਾਂਦੀ ਹੈ ਤਾਂ ਭਾਜਪਾ ਨੂੰ ਦੇਸ਼ ਦੀ ਸੱਤਾ ਤੋਂ ਲਾਂਭੇ ਕਰਕੇ ਭਾਰਤ ਦੀ ਜਨਤਾ ਦੀ ਭਲਾਈ ਲਈ ਵੱਡਾ ਕਦਮ ਚੁੱਕਿਆ ਜਾ ਸਕਦਾ ਹੈ।
ਸਮੇਂ ਦੀ ਨਜਾਕਤ ਨੂੰ ਪਹਿਚਾਣਦਿਆਂ ਧਰਮ ਨਿਰਪੱਖ ਸੋਚ ਵਾਲੇ ਚਿੰਤਨਸ਼ੀਲ ਬੁੱਧੀਜੀਵੀਆਂ ਦੇ ਵਿਚਾਰਾਂ ਨੂੰ ਘਰ ਘਰ ਤੱਕ ਪੁਜਦਾ ਕਰਕੇ ਸਮਾਜਿਕ ਚੇਤਨਾ ਪੈਦਾ ਕਰਨੀ ਸਮੇਂ ਦੀ ਜਰੂਰਤ ਹੈ, ਤਾਂ ਜੋ ਲੋਕ ਦੇਸ ਦੀ ਏਕਤਾ ਤੇ ਅਖੰਡਤਾ ਕਾਇਮ ਰੱਖ ਕੇ ਸਮਾਜ ਦੀ ਬੇਹਤਰੀ ਲਈ ਸੰਘਰਸ਼ ਦੇ ਰਸਤੇ ਚੱਲ ਕੇ ਦੁਨੀਆਂ ਦੀ ਵੱਡੀ ਜਮਹੂਰੀਅਤ ਤੇ ਧਰਮ ਨਿਰਪੱਖਤਾ ਨੂੰ ਕਾਇਮ ਰੱਖ ਸਕਣ।
ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ
ਬਠਿੰਡਾ। ਮੋਬਾ: 098882-75913

 

Total Views: 306 ,
Real Estate