ਮੌੜ ਬੰਬ ਕਾਂਡ ਦੇ ਦੋਸੀਆਂ ਦੀ ਗਿਰਫਤਾਰੀ ਲਈ 8 ਮਾਰਚ ਤੱਕ ਦਾ ਅਲੀਮੇਟਮ

BREAKINGਬਠਿੰਡਾ/ 8 ਫਰਵਰੀ/ ਬਲਵਿੰਦਰ ਸਿੰਘ ਭੁੱਲਰ
ਡੇਰਾ ਮੁਖੀ ਰਾਮ ਰਹੀਮ ਸਮੇਤ ਜੇ ਮੌੜ ਬੰਬ ਧਮਾਕੇ ਦੇ ਨਾਮਜਦ ਦੋਸ਼ੀਆਂ ਨੂੰ 8 ਮਾਰਚ ਤੱਕ ਗਿਰਫਤਾਰ ਨਾ ਕੀਤਾ ਤਾਂ ਪੰਜਾਬ ਸਰਕਾਰ ਨੂੰ ਬਰਗਾੜੀ ਇਨਸਾਫ ਮੋਰਚੇ ਵਰਗੇ ਜਬਰਦਸਤ ਜਨਤਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਪੀੜਤ ਪਰਿਵਾਰਾਂ ਦੀ ਮੌਜੂਦਗੀ ’ਚ ਇਹ ਚਿਤਾਵਨੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਮੁੱਖ ਆਗੂ ਜ: ਗੁਰਸੇਵਕ ਸਿੰਘ ਜਵਾਹਰਕੇ ਨੇ ਦਿੱਤੀ।
ਸਥਾਨਕ ਪ੍ਰੈਸ ਕਲੱਬ ਵਿਖੇ ਮੀਡੀਆ ਪ੍ਰਤੀਨਿਧਾਂ ਨੂੰ ਸੰਬੋਧਨ ਹੁੰਦਿਆਂ ਜ: ਜਵਾਹਰਕੇ ਨੇ ਸੁਆਲ ਉਠਾਇਆ ਕਿ ਜਿਹੜੀ ਪੁਲਿਸ ਅਮ੍ਰਿਤਸਰ ਜਿਲੇ ’ਚ ਨਿਰੰਕਾਰੀ ਭਵਨ ਤੇ ਹੋਏ ਗਰਨੇਡ ਹਮਲੇ ਦੇ ਕਥਿਤ ਦੋਸੀਆਂ ਨੂੰ ਅੱਠ ਦਿਨਾਂ ਦੇ ਅਰਸੇ ਦੌਰਾਨ ਹੀ ਗਿਰਫਤਾਰ ਕਰਕੇ ਇਸਨੂੰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ ਐਸ ਆਈ ਦੀ ਸਾਜਿਸ ਕਰਾਰ ਦੇ ਸਕਦੀ ਹੈ, ਉਹ ਜੇਲ ਬੰਦ ਡੇਰਾ ਮੁਖੀ ਤੇ ਉਸਦੇ ਉਹਨਾਂ ਪ੍ਰੇਮੀਆਂ ਨੂੰ ਦੋ ਵਰਿਆਂ ਤੋਂ ਉਪਰ ਸਮਾਂ ਹੋਣ ਦੇ ਬਾਵਜੂਦ ਗਿਰਫਤਾਰ ਕਿਉਂ ਨਹੀਂ ਕਰ ਰਹੀ, ਜਿਹਨਾਂ ਨੂੰ ਪੰਜਾਬ ਪੁਲਿਸ ਦੀ ਐਸ ਆਈ ਟੀ ਮੌੜ ਬੰਬ ਧਮਾਕੇ ਦੇ ਦੋਸ਼ੀ ਨਾਮਜਦ ਕਰ ਚੁੱਕੀ ਹੈ।
ਜ: ਜਵਾਹਰਕੇ ਅਨੁਸਾਰ ਇੱਕ ਪਾਸੇ ਪੰਜਾਬ ਸਰਕਾਰ ਬਹਿਬਲ ਕਲਾਂ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਰਣਜੀਤ ਸਿੰਘ ਕਮਿਸਨ ਦੀਆਂ ਸਿਫ਼ਾਰਸਾਂ ਅਨੁਸਾਰ ਕਰੋੜ ਕਰੋੜ ਰੁਪਏ ਦਾ ਮੁਆਵਜਾ ਦੇ ਰਹੀ ਹੈ, ਉਸਨੇ ਇਹ ਕਹਿੰਦਿਆਂ ਮ੍ਰਿਤਕਾਂ ਦੇ ਪਰਿਵਾਰਕ ਜੀਆਂ ਨੂੰ ਸਰਕਾਰੀ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਕਿ ਬੱਚਿਆਂ ਦੀਆਂ ਮੌਤਾਂ ਦੇ ਮਾਮਲਿਆਂ ਵਿੱਚ ਨਿਯਮ ਰੁਜਗਾਰ ਦੇਣ ਦੀ ਇਜਾਜਤ ਨਹੀਂ ਦਿੰਦੇ। ਇੱਥੇ ਹੀ ਬੱਸ ਨਹੀਂ ਬਲਕਿ ਜਸਕਰਨ ਸਿੰਘ ਨਾਂ ਦਾ ਇੱਕ ਵਿਅਕਤੀ ਜੋ ਝੁਲਸਣ ਕਾਰਨ ਜਿੰਦਗੀ ਤੇ ਮੌਤ ਦਰਮਿਆਨ ਲਟਕ ਰਿਹਾ ਹੈ, ਉਸਦੀ ਵੀ ਅਜੇ ਤੱਕ ਸਾਰ ਨਹੀਂ ਲਈ। ਉਹਨਾਂ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਤੇ ਜਖਮੀਆਂ ਨੂੰ ਬਹਿਬਲ ਕਲਾਂ ਤੇ ਕੋਟਕਪੂਰਾ ਦੇ ਪੀੜਤਾਂ ਦੀ ਤਰਜ਼ ਤੇ ਮੁਆਵਜਾ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ।
ਪੰਜਾਬ ਸਰਕਾਰ ਨੂੰ 8 ਮਾਰਚ ਤੱਕ ਦਾ ਅਲਟੀਮੇਟਮ ਦਿੰਦਿਆਂ ਜ: ਜਵਾਹਰਕੇ ਨੇ ਕਿਹਾ ਕਿ ਜੇ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਉਸਤੋਂ ਬਾਅਦ ਬਰਗਾੜੀ ਇਨਸਾਫ ਮੋਰਚੇ ਵਰਗਾ ਇੱਕ ਅਜਿਹਾ ਅੰਦੋਲਨ ਸੁਰੂ ਕੀਤਾ ਜਾਵੇਗਾ, ਜੋ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਅਕਾਲੀ ਦਲ ਵਾਂਗ ਕਰਾਰੀ ਹਾਰ ਦਿਵਾਉਣ ਦਾ ਵੱਡਾ ਸਾਧਨ ਬਣੇਗਾ। ਇਸ ਮੌਕੇ ਪਰਮਿੰਦਰ ਸਿੰਘ ਬਾਲਿਆਂਵਾਲੀ, ਰਜਿੰਦਰ ਸਿੰਘ ਜਵਾਹਰਕੇ ਅਤੇ ਕਈ ਹੋਰ ਆਗੂ ਵੀ ਮੌਜੂਦ ਸਨ

Total Views: 121 ,
Real Estate