ਟੀਕਾਕਰਣ ਦੇ ਬਾਵਜੂਦ ਵੀ ਆਸਟ੍ਰੇਲੀਆ ‘ਚ ਕੋਰੋਨਾ ਦੇ ਆਏ ਨਵੇਂ ਮਾਮਲਿਆਂ ਨੇ ਸਰਕਾਰ ਦੀ ਵਧਾਈ ਚਿੰਤਾ

ਆਸਟ੍ਰੇਲੀਆ ਵਿਚ ਟੀਕਾਕਰਣ ਦੇ ਬਾਵਜੂਦ ਰੋਜ਼ਾਨਾ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਹਨਾਂ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਮੈਲਬੌਰਨ ਵਿਚ ਬੀਤੇ 24 ਘੰਟਿਆਂ ਦੌਰਾਨ ਵਿਕਟੋਰੀਆ ਵਿੱਚ ਕੋਰੋਨਾ ਦੇ 2232 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 12 ਮੌਤਾਂ ਹੋਈਆਂ ਹਨ। ਬਾਹਰੀ ਦੇਸ਼ਾਂ ਤੋਂ ਵੀ 3 ਮਾਮਲੇ ਰਾਜ ਵਿੱਚ ਆਏ ਹਨ ਜੋ ਕਿ ਹੋਟਲ ਕੁਆਰੰਟੀਨ ਵਿੱਚ ਹਨ। ਰਾਜ ਵਿੱਚ ਇਸ ਸਮੇਂ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 22,889 ਹੈ ਅਤੇ ਇਸ ਸਾਲ ਜੂਨ ਮਹੀਨੇ ਤੋਂ ਹੁਣ ਤੱਕ ਕੋਰੋਨਾ ਨਾਲ ਹੁਣ ਤੱਕ 187 ਮੌਤਾਂ ਹੋਈਆਂ ਹਨ। ਬੀਤੇ 24 ਘੰਟਿਆਂ ਦੌਰਾਨ ਰਾਜ ਭਰ ਵਿੱਚ 79544 ਕੋਰੋਨਾ ਟੈਸਟ ਕੀਤੇ ਗਏ ਹਨ ਅਤੇ 37824 ਵੈਕਸੀਨਾਂ ਲਗਾਈਆਂ ਗਈਆਂ ਹਨ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਵਿਕਟੋਰੀਆ ਰਾਜ ਵਿੱਚ ਇਸ ਸਮੇਂ 16 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਵਾਲੇ 70.51% ਲੋਕਾਂ ਨੂੰ ਕੋਰੋਨਾ ਤੋਂ ਬਚਾਉ ਦੀਆਂ ਦੋਨੋਂ ਵੈਕਸੀਨਾਂ ਲੱਗ ਚੁਕੀਆਂ ਹਨ।
ਲਗਾਤਾਰ 3 ਦਿਨ ਕੋਰੋਨਾ ਦੇ ਮਾਮਲਿਆਂ ਵਿੱਚ ਕਮੀ (300 ਤੋਂ ਘੱਟ) ਰਹਿਣ ਤੋਂ ਬਾਅਦ, ਜਾਰੀ ਕੀਤੇ ਗਏ ਅੰਕੜਿਆਂ ਵਿੱਚ ਦੱਸਿਆ ਗਿਆ ਕਿ ਨਿਊ ਸਾਊਥ ਵੇਲਜ਼ ਵਿੱਚ ਬੀਤੇ 24 ਘੰਟਿਆਂ ਦੌਰਾਨ, ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ 89 ਦਾ ਉਛਾਲ ਆਇਆ ਅਤੇ ਇਹ ਗਿਣਤੀ ਹੁਣ 372 ਹੋ ਗਈ ਹੈ। ਇਸ ਦੇ ਨਾਲ ਹੀ 1 ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਰਾਜ ਵਿੱਚ ਇਸ ਸਮੇਂ ਕੁੱਲ 523 ਕੋਰੋਨਾ ਮਰੀਜ਼ ਜ਼ੇਰੇ ਇਲਾਜ ਹਨ ਅਤੇ ਹਸਪਤਾਲਾਂ ਵਿੱਚ ਦਾਖਲ ਹਨ ਜਿਨ੍ਹਾਂ ਵਿੱਚੋਂ 124 ਆਈ.ਸੀ.ਯੂ. ਵਿੱਚ ਹਨ। ਰਾਜ ਵਿੱਚ ਇਸ ਸਮੇਂ 16 ਸਾਲ ਅਤੇ ਇਸ ਤੋਂ ਵੱਧ ਉਮਰ ਵਰਗ ਦੇ ਲੋਕਾਂ ਵਿੱਚ ਟੀਕਾਕਰਣ ਦੀ ਦਰ 92.5% (ਇੱਕ ਡੋਜ਼) ਹੈ ਜਦਕਿ 82.3% ਲੋਕਾਂ ਨੂੰ ਟੀਕਾਕਰਣ ਦੇ ਤਹਿਤ ਦੋਨੋਂ ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ।

Total Views: 248 ,
Real Estate