ਯੁਸੂਫ਼ ਖਾਨ (ਦਿਲੀਪ ਕੁਮਾਰ) ਦਾ ਦੇਹਾਂਤ, ਪੜ੍ਹੋ ਕਿਵੇਂ ਬਣੇ ਟ੍ਰੈਜੇਡੀ ਕਿੰਗ ?

ਬਾਲੀਵੁੱਡ ਦੇ ਅਦਾਕਾਰ ਦਿਲੀਪ ਕੁਮਾਰ ਦਾ ਅੱਜ ਦਿਹਾਂਤ ਹੋ ਗਿਆ ਹੈ। ਲੰਬੇ ਸਮੇਂ ਤੋਂ ਸਾਹ ਲੈਣ ਵਿੱਚ ਮੁਸ਼ਕਲ ਦੇ ਕਾਰਨ ਦਿਲੀਪ ਕੁਮਾਰ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਸੀ। ਉਨਾਂ ਨੂੰ 30 ਜੂਨ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਦਿਲੀਪ ਕੁਮਾਰ ਨੂੰ 6 ਜੂਨ ਨੂੰ ਸਾਹ ਦੀ ਪ੍ਰੇਸ਼ਾਨੀ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਦਿਲੀਪ ਕੁਮਾਰ ਨੇ ਆਪਣੇ ਛੇ ਦਹਾਕਿਆਂ ਤੱਕ ਚੱਲੇ ਫ਼ਿਲਮੀ ਸਫ਼ਰ ਦੌਰਾਨ ਸਿਰਫ਼ 63 ਫ਼ਿਲਮਾਂ ਹੀ ਕੀਤੀਆਂ ਸਨ, ਪਰ ਉਨ੍ਹਾਂ ਨੇ ਹਿੰਦੀ ਸਿਨੇਮਾ ‘ਚ ਅਦਾਕਾਰੀ ਦੀ ਕਲਾ ਨੂੰ ਇੱਕ ਨਵੀਂ ਪਰਿਭਾਸ਼ਾ ਦਿੱਤੀ ਸੀ।ਜਦੋਂ ਦਿਲੀਪ ਕੁਮਾਰ ਨੇ 1944 ਵਿੱਚ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਤਾਂ ਪਾਰਸੀ ਥਿਏਟਰ ਦੇ ਅਸਰ ਕਾਰਨ ਫ਼ਿਲਮਾਂ ਦੇ ਅਦਾਕਾਰ ਲਾਊਡ ਐਕਟਿੰਗ ਕਰਦੇ ਸਨ।ਕਹਾਣੀਕਾਰ ਸਲੀਮ ਕਹਿੰਦੇ ਹਨ, “ਦਿਲੀਪ ਕੁਮਾਰ ਨੇ ਸਭ ਤੋਂ ਪਹਿਲਾ ਭੂਮਿਕਾ ਨੂੰ ਅੰਡਰਪਲੇਅ ਕਰਨਾ ਸ਼ੁਰੂ ਕੀਤਾ ਅਤੇ ਸੂਖ਼ਮ ਅਦਾਕਾਰੀ ਦੀਆਂ ਬਾਰੀਕੀਆਂ ਨੂੰ ਪਰਦੇ ‘ਤੇ ਉਤਾਰਿਆ।”ਉਦਾਹਰਣ ਲਈ ਉਨ੍ਹਾਂ ਦੇ ਪੋਜ਼ ਅਤੇ ਜਾਣਬੁੱਝ ਕੇ ਚੁੱਪ ਰਹਿਣ ਦੀ ਅਦਾ ਨੇ ਦਰਸ਼ਕਾਂ ‘ਤੇ ਜ਼ਬਰਦਸਤ ਅਸਰ ਛੱਡਿਆ।”
ਮੁਗ਼ਲ-ਏ-ਆਜ਼ਮ ਫ਼ਿਲਮ ਵਿੱਚ ਪ੍ਰਿਥਵੀਰਾਜ ਕਪੂਰ ਦਾ ਚਰਿੱਤਰ ਖ਼ਾਸਾ ਅਸਰਦਾਰ ਅਤੇ ਲਾਊਡ ਸੀ। ਸ਼ਹਿਜ਼ਾਦਾ ਸਲੀਮ ਦੀ ਭੂਮਿਕਾ ਵਿੱਚ ਕੋਈ ਹੋਰ ਅਦਾਕਾਰ ਪ੍ਰਿਥਵੀਰਾਜ ਕਪੂਰ ਦੇ ਸਾਹਮਣੇ ਓਨਾਂ ਹੀ ਲਾਊਡ ਨਹੀਂ ਹੋ ਪਾ ਰਿਹਾ ਸੀ ਪਰ ਦਿਲੀਪ ਕੁਮਾਰ ਨੇ ਜਾਣਬੁੱਝ ਕੇ ਬਿਨਾਂ ਆਪਣੀ ਆਵਾਜ਼ ਉੱਚੀ ਕੀਤਿਆਂ ਆਪਣੀ ਮੁਲਾਇਮ, ਸੱਭਿਆਚਾਰਕ ਪਰ ਦ੍ਰਿੜ ਆਵਾਜ਼ ਵਿੱਚ ਆਪਣੇ ਡਾਇਲਾਗ ਬੋਲੇ ਅਤੇ ਦਰਸ਼ਕਾਂ ਦੀ ਵਾਹਵਾਹੀ ਖੱਟੀ। ਦਿਲੀਪ ਕੁਮਾਰ, ਰਾਜ ਕਪੂਰ ਅਤੇ ਦੇਵਾਨੰਦ ਨੂੰ ਭਾਰਤੀ ਫ਼ਿਲਮ ਜਗਤ ਦੀ ਤ੍ਰਿਮੂਰਤੀ ਕਿਹਾ ਜਾਂਦਾ ਹੈ, ਪਰ ਜਿੰਨੇ ਬਹੁਪੱਖੀ ਪਹਿਲੂ ਦਿਲੀਪ ਕੁਮਾਰ ਦੀ ਅਦਾਕਾਰੀ ‘ਚ ਸਨ, ਉਨ੍ਹੇ ਸ਼ਾਇਦ ਹੀ ਇੰਨ੍ਹਾਂ ਦੋਵਾਂ ਦੀ ਅਦਾਕਾਰੀ ‘ਚ ਮੌਜੂਦ ਨਹੀਂ ਸਨ। ਰਾਜ ਕਪੂਰ ਨੇ ਚਾਰਲੀ ਚੈਪਲਿਨ ਨੂੰ ਆਪਣਾ ਆਦਰਸ਼ ਬਣਾਇਆ ਸੀ ਅਤੇ ਦੇਵਾਨੰਦ ਗ੍ਰੈਗਰੀ ਪੈਕ ਦੀ ਸ਼ੈਲੀ ‘ਚ ਇੱਕ ਸਭਿਅਕ, ਸੁਚੱਜੇ ਅਤੇ ਅਦਾਵਾਂ ਵਾਲੇ ਵਿਅਕਤੀ ਦੀ ਤਸਵੀਰ ਤੋਂ ਹੀ ਬਾਹਰ ਨਾ ਆ ਸਕੇ ਸੀ।
ਦੇਵਿਕਾ ਰਾਣੀ ਨਾਲ ਅਚਾਨਕ ਹੋਈ ਇੱਕ ਮੁਲਾਕਾਤ ਨੇ ਦਿਲੀਪ ਕੁਮਾਰ ਦੀ ਜ਼ਿੰਦਗੀ ਬਦਲ ਕੇ ਹੀ ਰੱਖ ਦਿੱਤੀ ਸੀ। ਭਾਵੇਂ ਕਿ ਦੇਵਿਕਾ ਰਾਣੀ ਚਾਲ੍ਹੀ ਦੇ ਦਹਾਕੇ ‘ਚ ਭਾਰਤੀ ਫ਼ਿਲਮ ਜਗਤ ਦਾ ਬਹੁਤ ਵੱਡਾ ਨਾਮ ਸੀ, ਪਰ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਪੇਸ਼ਾਵਰ ਦੇ ਫ਼ਲ ਵਪਾਰੀ ਦੇ ਪੁੱਤਰ ਯੁਸੂਫ਼ ਖਾਨ ਨੂੰ ‘ਦਿਲੀਪ ਕੁਮਾਰ’ ਬਣਾਉਣ ‘ਚ ਸੀ। ਬੰਬੇ ਟਾਕੀਜ਼ ਵਿਖੇ ਇੱਕ ਫ਼ਿਲਮ ਦੀ ਸ਼ੂਟਿੰਗ ਵੇਖਣ ਗਏ ਯੁਸੂਫ਼ ਖਾਨ ਨੂੰ ਉਨ੍ਹਾਂ ਨੇ ਪੁੱਛਿਆ ਕਿ ਕੀ ਤੁਸੀਂ ਉਰਦੂ ਜਾਣਦੇ ਹੋ? ਯੁਸੂਫ਼ ਦੇ ਹਾਂ ਕਹਿੰਦਿਆਂ ਹੀ ਉਨ੍ਹਾਂ ਨੇ ਦੂਜਾ ਸਵਾਲ ਕੀਤਾ ਕੀ ਤੁਸੀਂ ਅਦਾਕਾਰ ਬਣਨਾ ਚਾਹੁੰਦੇ ਹੋ? ਅੱਗੇ ਦੀ ਕਹਾਣੀ ਇਤਿਹਾਸ ਹੈ।
ਦੇਵਿਕਾ ਰਾਣੀ ਦਾ ਮੰਨਣਾ ਸੀ ਕਿ ਇੱਕ ਰੁਮਾਂਟਿਕ ਹੀਰੋ ‘ਤੇ ਯੁਸੂਫ਼ ਖਾਨ ਦਾ ਨਾਂਅ ਵਧੀਆ ਨਹੀਂ ਲੱਗੇਗਾ। ਉਸ ਸਮੇਂ ਬੰਬੇ ਟਾਕੀਜ਼ ‘ਚ ਕੰਮ ਕਰਨ ਵਾਲੇ ਅਤੇ ਬਾਅਦ ‘ਚ ਹਿੰਦੀ ਦੇ ਮਹਾਨ ਕਵੀ ਬਣੇ ਨਰਿੰਦਰ ਸ਼ਰਮਾ ਨੇ ਉਨ੍ਹਾਂ ਨੂੰ ਤਿੰਨ ਨਾਮ ਸੁਝਾਏ- ਜਹਾਂਗੀਰ, ਵਾਸੁਦੇਵ ਅਤੇ ਦਿਲੀਪ ਕੁਮਾਰ। ਯੁਸੂਫ ਖਾਨ ਨੇ ਆਪਣਾ ਨਵਾਂ ਨਾਮ ਦਿਲੀਪ ਕੁਮਾਰ ਚੁਣਿਆ ਸੀ। ਇਸ ਨਾਮ ਦੀ ਚੋਣ ਪਿੱਛੇ ਇੱਕ ਪ੍ਰਮੁੱਖ ਕਾਰਨ ਇਹ ਵੀ ਸੀ ਕਿ ਇਸ ਨਾਮ ਤੋਂ ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦੇ ਅਸਲੀ ਪੇਸ਼ੇ ਦਾ ਪਤਾ ਨਹੀਂ ਲੱਗੇਗਾ।
ਦਿਲੀਪ ਕੁਮਾਰ ਨੇ ਕਈ ਅਭਿਨੇਤਰੀਆਂ ਨਾਲ ਰੁਮਾਂਟਿਕ ਜੋੜੀਆਂ ਬਣਾਈਆਂ। ਕਈਆਂ ਨਾਲ ਉਨ੍ਹਾਂ ਦੇ ਨਜ਼ਦੀਕੀ ਸਬੰਧ ਵੀ ਰਹੇ ਪਰ ਉਹ ਉਨ੍ਹਾਂ ਸਬੰਧਾਂ ਨੂੰ ਵਿਆਹ ਦੇ ਮੁਕਾਮ ਤੱਕ ਨਾ ਪਹੁੰਚਾ ਸਕੇ। ਸ਼ਾਇਦ ਦਿਲ ਟੁੱਟਣ ਕਾਰਨ ਉਨ੍ਹਾਂ ਅਜਿਹੀ ਅਦਾਕਾਰੀ ਕਰਨ ਲਈ ਪ੍ਰੇਰਿਤ ਕੀਤਾ ਕਿ ਉਨ੍ਹਾਂ ਨੂੰ ਟ੍ਰੈਜੇਡੀ ਕਿੰਗ ਦਾ ਖ਼ਿਤਾਬ ਮਿਲਿਆ।ਇੱਕ ਵੇਲਾ ਅਜਿਹਾ ਵੀ ਆਇਆ ਕਿ ਮੌਤ ਵਾਲੇ ਸੀਨ ਕਰਦਿਆਂ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਏ ਅਤੇ ਇਸ ਨੂੰ ਦੂਰ ਕਰਨ ਲਈ ਇਲਾਜ ਕਰਵਾਉਣਾ ਪਿਆ। ਡਾਕਟਰਾਂ ਨੇ ਦਿਲੀਪ ਕੁਮਾਰ ਨੂੰ ਸਲਾਹ ਦਿੱਤੀ ਕਿ ਉਹ ਟ੍ਰੈਜਿਕ ਫਿਲਮਾਂ ਛੱਡ ਕੇ ਕਾਮੇਡੀ ਵਿੱਚ ਜਾਣ। ਲੰਡਨ ਵਿੱਚ ਇਲਾਜ ਕਰਵਾ ਕੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਕੋਹੇਨੂਰ, ਆਜ਼ਾਦ ਅਤੇ ਰਾਮ ਅਤੇ ਸ਼ਿਆਮ ਵਰਗੀਆਂ ਫਿਲਮਾਂ ਕੀਤੀਆਂ, ਜਿਨ੍ਹਾਂ ਵਿੱਚ ਕਾਮੇਡੀ ਜ਼ਿਆਦਾ ਸੀ।

Total Views: 63 ,
Real Estate