
ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖਤਮ ਕਰਨ ਤੋਂ ਬਾਅਦ ਅੱਜ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੀ ਵਾਰ ਜੰਮੂ-ਕਸ਼ਮੀਰ ਦੀਆਂ 8 ਪਾਰਟੀਆਂ ਦੇ 14 ਨੇਤਾਵਾਂ ਨਾਲ ਗੱਲਬਾਤ ਕਰਨਗੇ । ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਦਿਨ ਵਿੱਚ 3 ਵਜੇ ਬੁਲਾਈ ਗਈ ਬੈਠਕ ਦਾ ਏਜੰਡਾ ਗੁਪਤ ਰੱਖਿਆ ਗਿਆ ਹੈ । ਪਰ ਇਹ ਮੰਨਿਆ ਜਾ ਰਿਹਾ ਹੈ ਕਿ ਜੰਮੂ-ਕਸ਼ਮੀਰ ਦੇ ਵਿਕਾਸ ਸਮੇਤ ਹੱਦਬੰਦੀ ਅਤੇ ਹੋਰ ਮੁੱਦਿਆਂ ‘ਤੇ ਸਰਕਾਰ ਸਥਾਨਕ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰੇ ਕਰੇਗੀ । ਬੈਠਕ ਵਿੱਚ ਪੀਐਮ ਤੋਂ ਇਲਾਵਾ ਗ੍ਰਹਿ ਮੰਤਰੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਜੰਮੂ ਕਸ਼ਮੀਰ ਦੇ ਗਵਰਨਰ ਮਨੋਜ ਸਿਨਹਾ, ਐਨਐਸਏ ਅਜੀਤ ਡੋਭਾਲ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪੀਕੇ ਮਿਸ਼ਰਾ, ਗ੍ਰਹਿ ਸਕੱਤਰ ਅਜੈ ਭੱਲਾ ਤੋਂ ਇਲਾਵਾ ਕੁਝ ਹੋਰ ਅਧਿਕਾਰੀ ਬੈਠਕ ਵਿੱਚ ਸ਼ਾਮਿਲ ਰਹਿ ਸਕਦੇ ਹਨ।
ਜੰਮੂ-ਕਸ਼ਮੀਰ ਤੋਂ ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ, ਉਮਰ ਅਬਦੁੱਲਾ, ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ, ਗੁਲਾਮ ਅਹਿਮਦ ਮੀਰ, ਤਾਰਾਚੰਦ, ਪੀਡੀਪੀ ਦੀ ਮਹਿਬੂਬਾ ਮੁਫਤੀ, ਭਾਜਪਾ ਦੇ ਨਿਰਮਲ ਸਿੰਘ, ਕਵਿੰਦਰ ਗੁਪਤਾ ਅਤੇ ਰਵਿੰਦਰ ਰੈਨਾ, ਪੀਪਲਜ਼ ਕਾਨਫਰੰਸ ਦੇ ਮੁਜ਼ੱਫਰ ਬੇਗ ਅਤੇ ਸੱਜਾਦ ਲੋਨ, ਪੈਂਥਰਜ਼ ਪਾਰਟੀ ਦੇ ਭੀਮ ਸਿੰਘ, ਸੀਪੀਆਈਐਮ ਦੇ ਐਮਵਾਈ ਤਾਰੀਗਾਮੀ ਅਤੇ ਜੇ ਕੇ ਆਪਨੀ ਪਾਰਟੀ ਦੇ ਅਲਤਾਫ ਬੁਖਾਰੀ ਨੂੰ ਮੀਟਿੰਗ ਲਈ ਬੁਲਾਇਆ ਗਿਆ ਹੈ।



















