ਕੌੜੀ ਨਿੰਮ ਦੇ ਮਿੱਠੇ ਫਾਇਦੇ

ਵੈਦ ਬੀ.ਕੇ. ਸਿੰਘ
ਪਿੰਡ ਤੇ ਡਾਕ ਜੈ ਸਿੰਘ{ਮੋਗਾ}
ਮੋਬਾਇਲ -9872610005
ਅਕਸਰ ਦੇਖਿਆ ਗਿਆ ਹੈ ਕਿ ਜ਼ਿਆਦਾ ਕੌੜਾ ਬੋਲਣ ਵਾਲੇ ਸੱਚੀ ਗੱਲ ਮੂੰਹ ਤੇ ਕਹਿ ਦਿੰਦੇ ਹਨ।ਉਨ੍ਹਾਂ ਦੇ ਤਜ਼ਰਬੇ ਹੀ ਸੱਚੀ ਗੱਲ ਦਾ ਪੱਖ ਪੂਰਦੇ ਹਨ।ਸਮਝਦਾਰ ਬੰਦਾ ਉਨ੍ਹਾਂ ਦੀ ਗੱਲ ਦਾ ਗੁੱਸਾ ਨਹੀ ਕਰਦਾ ਸਗੋ ਗੱਲ ਪੱਲੇ ਬੰਨ ਕੇ ਆਪਣਾ ਜੀਵਨ ਸਵਾਰਦਾ ਹੈ।ਇਸ ਨਾਲੋ ਉਲਟ ਮਿੱਠੀਆਂ-ਮਿੱਠੀਆਂ ਗੱਲਾਂ ਮਾਰ ਕੇ ਕਈ ਲੋਕ ਅਨਜਾਣ ਬੰਦੇ ਨੂੰ ਠੱਗੀ ਲਾ ਕੇ ਨੌ ਦੋ ਗਿਆਰਾ ਹੋ ਜਾਂਦੇ ਹਨ।ਸੁਆਦੀ ਮਿੱਠੀਆਂ ਚੀਜ਼ਾਂ ਹਮੇਸ਼ਾ ਸਰੀਰ ਲਈ ਫਾਇਦੇਮੰਦ ਨਹੀ ਹੁੰਦੀਆਂ, ਕੌੜੀਆਂ ਚੀਜ਼ਾਂ ਦੁੱਖ ਤੋੜ ਦਿੰਦੀਆਂ ਹਨ।ਇਹ ਚੰਦ ਸ਼ਬਦ ਮੈ ਤਾਂ ਲਿਖੇ ਹਨ ਕਿਉਕਿ ਕੌੜੀ ਚੀਜ਼ ਮਿੱਠੀ ਨਾਲੋ ਵੱਧ ਫਾਇਦਾ ਕਰ ਸਕਦੀ ਹੈ।ਇਸ ਦੀ ਮਿਸਾਲ ਨਿੰਮ ਹੈ।ਕਿੰਨੇ ਹੀ ਰੋਗਾਂ ਨੂੰ ਠੀਕ ਕਰਨ ਦੀ ਤਾਕਤ ਨਿੰਮ ਦਾ ਰੁੱਖ ਲਕੋਈ ਬੈਠਾ ਹੈ।ਅੱਜ ਅਨੇਕਾਂ ਹੀ ਲੋਕੀ ਅਨੇਕਾਂ ਹੀ ਦੰਦਾਂ ਦੀਆਂ ਬਿਮਾਰੀਆਂ ਤੋ ਗ੍ਰਸਤ ਹਨ। ਜਿਸ ਦਾ ਵੱਡਾ ਕਾਰਨ ਹੈ ਕਿ ਪਿਛਲੇ ਸਮੇ ਵਿੱਚ ਨਿੰਮ ਦੀ ਦਾਤਣ ਬਹੁਤ ਕੀਤੀ ਜਾਂਦੀ ਸੀ।ਜਿਸ ਕਰਕੇ ਦੰਦਾਂ ਦੇ ਰੋਗ ਬਹੁਤ ਘੱਟ ਹੁੰਦੇ ਸਨ।ਕਿਉਕਿ ਜਦੋ ਨਿੰਮ ਦੀ ਦਾਤਣ ਨੂੰ ਚੰਗੀ ਤਰਾਂ ਚਬਾ-ਚਬਾਕੇ ਦਾਤਣ ਕੀਤੀ ਜਾਂਦੀ ਸੀ ਤਾਂ ਨਿੰਮ ਦੀ ਛਿੱਲੜ ਵਿੱਚੋ ਜੋ ਰਸ ਨਿਕਲਦਾ ਸੀ ਉਹ ਸਾਰੇ ਮੂੰਹ ਵਿੱਚ ਘੁੰਮਦਾ ਸੀ ਜੋ ਦੰਦਾਂ ਵਿੱਚ ਲੁੱਕੇ ਕੀਟਾਣੂਆਂ ਨੂੰ ਖਤਮ ਕਰਦਾ ਸੀ।ਦੰਦਾਂ ਤੇ ਕਰੇੜਾਂ ਵੀ ਜੰਮਣ ਨਹੀ ਦਿੰਦਾ ਸੀ।ਇਹ ਆਪਣੀ ਮਾੜੀ ਕਿਸਮਤ ਹੈ ਕਿ ਆਪਾਂ ਸੁਆਦੀ ਤੇ ਮਿੱਠੇ ਟੁੱਥਪੇਸਟਾਂ ਦੇ ਆਦਿ ਹੋ ਕੇ ਹਰ ਰੋਜ਼ ਆਪਣੇ ਪੈਰਾਂ ਤੇ ਆਪ ਕੁਹਾੜਾ ਮਾਰ ਰਹੇ ਹਾਂ।ਜਿਹੜੇ ਅੱਜ ਕੱਲ ਆਪਾਂ ਟੁੱਥਪੇਸਟ ਸੁਆਦ ਲੈ ਕੇ ਆਪ ਤੇ ਆਪਣਿਆ ਬੱਚਿਆ ਨੂੰ ਕਰਾ ਰਹੇ ਹਾਂ।ਇੰਨਾਂ ਕੈਮੀਕਲ ਭਰਪੂਰ ਪੇਸਟਾਂ ਨੇ ਤੁਹਾਡੀ ਸਿਹਤ ਦਾ ਸੱਤਿਆਨਾਸ਼ ਕਰ ਦੇਣਾ ਹੈ।ਕਿਉਕਿ ਬੱਚੇ ਤਾਂ ਇੰਨਾਂ ਨੂੰ ਪੇਟ ਦੇ ਅੰਦਰ ਵੀ ਲੈ ਜਾਂਦੇ ਹਨ।ਇਸ ਲਈ ਕੁਦਰਤ ਦੀ ਗੋਦ ਵਿੱਚ ਪੈਦਾ ਹੋਈਆਂ ਜੜੀ ਬੂਟੀਆਂ,ਰੋਗਾਂ ਵਿੱਚ ਵਰਤੇ ਜਾਣ ਵਾਲੇ ਰੁੱਖਾਂ ਦੀ ਜਾਣਕਾਰੀ ਜ਼ਰੂਰ ਰੱਖਿਆ ਕਰੋ।ਇੰਨਾਂ ਕੁਦਰਤੀ ਚੀਜ਼ਾਂ ਦੀ ਜਨਰਲ ਨੌਲੇਜ ਇਕੱਠੀ ਕਰਨ ਲਈ ਤੁਹਾਨੂੰ ਕਿਸੇ ਡਿਗਰੀ ਦੀ ਲੋੜ ਨਹੀ ਤੁਹਾਡਾ ਵੈਦ,ਹਕੀਮ ,ਡਾਕਟਰ ਹੋਣਾ ਜ਼ਰੂਰੀ ਨਹੀ ਤੁਸੀ ਖੁਦ ਇੰਨਾਂ ਦੀ ਜਾਣਕਾਰੀ ਲੈ ਕੇ ਕਈ ਰੋਗਾਂ ਨੂੰ ਠੀਕ ਕਰ ਸਕਦੇ ਹੋ।ਨਿੰਮ ਦੇ ਰੁੱਖ ਬਾਰੇ ਸਭ ਜਾਣਦੇ ਹਨ।ਇਸ ਦੇ ਰੁੱਖ ਨੂੰ ਹੋਰ ਜੜੀ ਬੂਟੀਆ ਨਾਲ ਮਿਲਾ ਕੇ ਅਨੇਕਾਂ ਯੋਗ ਬਣਦੇ ਹਨ।ਜਿੰਨਾਂ ਦੀ ਜਾਣਕਾਰੀ ਆਪਾਂ ਸਾਝੀ ਕਰਾਂਗੇ।ਨਿੰਮ ਦਾ ਰੁੱਖ 30 ਫੁੱਟ ਤੱਕ ਉੱਚਾ ਹੋ ਜਾਂਦਾ ਹੈ।ਮਾਰਚ ਤੋ ਮਈ ਤੱਕ ਇਸ ਨੂੰ ਫੁੱਲ ਲੱਗਦੇ ਹਨ।ਫੁੱਲਾਂ ਤੋ ਬਾਅਦ ਫਲ ਬਣਦਾ ਹੈ ,ਜਿਸਨੂੰ ਨਿਮੋਲੀ ਕਹਿੰਦੇ ਹਨ।ਇਸ ਛਾਲ ਤੋ ਹਲਕੇ ਪੀਲੇ ਰੰਗ ਦਾ ਗੋਂਦ ਵੀ ਨਿਕਲਦਾ ਹੈ।ਨਿੰਮ ਦਾ ਗੋਂਦ ਤੇ ਸੁਹਾਜਣੇ ਦਾ ਗੋਂਦ ਬਰਾਬਰ-ਬਰਾਬਰ ਲੈਕੇ ਕਾਲੇ ਚੰਨੇ ਬਰਾਬਰ ਗੋਲੀ ਬਣਾ ਕੇ ਖਾਂਦੇ ਰਹਿਣ ਨਾਲ ਚਮੜੀ ਦਾ ਕੋਈ ਵੀ ਰੋਗ ਨਹੀ ਹੁੰਦਾ।ਇਹੀ ਯੋਗ ਚਮੜੀ ਰੋਗਾਂ ਵਿੱਚ ਬਹੁਤ ਫਾਇਦਾ ਕਰਦਾ ਹੈ।ਕਈ ਗ੍ਰੰਥਾਂ ‘ਚ ਬਸੰਤ ਰੁੱਤ ‘ਚ ਨਿੰਮ ਦੇ ਪੱਤੇ ਸੇਵਨ ਕਰਨ ਲਈ ਕਿਹਾ ਗਿਆ ਹੈ। 15 ਮਾਰਚ ਤੋਂ 15 ਮਈ ਤੱਕ ਇਹਦੇ ਪੱਤੇ ਵਰਤੇ ਜਾਣ ਤਾਂ ਖੂਨ ਸਾਫ ਹੁੰਦਾ ਹੈ।ਇਸ ਨਾਲ਼ ਪੂਰੇ ਸਾਲ਼ ਬੁਖਾਰ ,ਚੇਚਕ ਅਤੇ ਹੋਰ ਘਾਤਕ ਰੋਗ ਨਹੀ ਹੁੰਦੇ।ਨਿੰਮ 200 ਤਰ੍ਹਾਂ ਦੀਆਂ ਕੀਟ ਜਾਤੀਆਂ ਲਈ ਘਾਤਕ ਹੈ। ਨਿੰਮ ਕਈ ਤਰ੍ਹਾਂ ਦੇ ਜੀਵਾਣੂਆਂ ਦਾ ਨਾਸ਼ ਕਰਦਾ ਹੈ।ਜਿਵੇਂ ਈ ਕੋਲਾਈ,ਸਾਲਮੋਨੇਲਾ ਟਾਈਫੀ,ਸਟੈਫੀਲੋਕੋਕਸ, ਏਲਵਸ ਅਤੇ ਏਰੀਅਲ਼ ਆਦਿ ਜੋ ਆਪਣੇ ਸਰੀਰ ਲਈ ਖਤਰਨਾਕ ਹੁੰਦੇ ਹਨ। ਨਿੰਮ ਦਾ ਤੇਲ ਵੀ ਤੁਸੀ ਘਰ ਤਿਆਰ ਕਰ ਸਕਦੇ ਹੋ।
ਨਿੰਮ ਦੇ ਹਰੇ-ਹਰੇ ਪੱਤਿਆਂ ਦਾ ਕੁੱਟਕੇ ਰਸ ਕੱਢ ਲਵੋ।ਨਿੰਮ ਦਾ ਰਸ 250 ਗ੍ਰਾਮ ਤੇ 250 ਗ੍ਰਾਮ ਅਸਲੀ ਤਿਲਾਂ ਦਾ ਤੇਲ ਮਿਲਾ ਕੇ ਹਲਕੀ-ਹਲਕੀ ਅੱਗ ਤੇ ਰੱਖੋ।ਜਦੋ ਨਿੰਮ ਦਾ ਰਸ ਜਲ ਜਾਵੇ ਤੇ ਇਕੱਲਾ ਤਿਲਾਂ ਦਾ ਤੇਲ ਰਹਿ ਜਾਵੇ ਤਾਂ ਸਮਝੋ ਨਿੰਮ ਦਾ ਤੇਲ ਤਿਆਰ ਹੈ।ਇਸ ਤੇਲ ਨੂੰ ਹਫਤੇ ਵਿੱਚ ਇੱਕ-ਦੋ ਵਾਰ ਸਾਰੇ ਸਰੀਰ ਤੇ ਮਲੋ ਤੇ 2 ਘੰਟੇ ਬਾਅਦ ਨਹਾ ਲਵੋ।ਇਸ ਤਰ੍ਹਾਂ ਕਰਨ ਨਾਲ ਇੱਕ ਤਾਂ ਤੁਹਾਨੂੰ ਕੋਈ ਚਮੜੀ ਦਾ ਰੋਗ ਨਹੀ ਹੋਵੇਗਾ ਤੇ ਦੂਜਾ ਤੁਹਾਡਾ ਸਰੀਰ ਕੀਟਾਣੂ ਰਹਿਤ ਰਹੇਗਾ।ਜਿੰਨਾਂ ਨੂੰ ਪਹਿਲਾਂ ਤੋ ਹੀ ਸੁੱਕੀ ਖਾਰਿਸ਼ ਜਾਂ ਚਮੜੀ ਰੋਗ ਹੋਵੇ ਉਨਾਂ ਨੂੰ ਇਹ ਤੇਲ ਬਹੁਤ ਫਾਇਦਾ ਕਰਦਾ ਹੈ।ਇਸੇ ਤੇਲ ਦੀਆਂ ਕੰਨ ਵਿੱਚ 2-4 ਬੂੰਦਾਂ ਪਾਉ।ਜੇਕਰ ਕੰਨ ਡੁੱਲਦਾ ਹੋਵੇ ਜਾਂ ਕੰਨ ਵਿੱਚ ਖਾਜ ਹੁੰਦੀ ਹੋਵੇ ਉਹ ਠੀਕ ਹੋ ਜਾਵੇਗੀ।
ਅੱਗ ਨਾਲ਼ ਜੱਲ਼ੇ ਦੀ ਮਲ੍ਹਮ:-ਅਚਾਨਕ ਕੀਤੇ ਨਾ ਕੀਤੇ ਅੱਗ ਨਾਲ਼ ਚਮੜੀ ਜਲ਼ ਜਾਵੇ ਤਾਂ ਇਹ ਮਲ੍ਹਮ ਘਰ੍ਹਾਂ ‘ਚ ਮੌਜੂਦ ਹੋਣੀ ਚਾਹੀਦੀ ਹੈ। ਨਿੰਮ ਦੀ ਗਿਰੀ ਕੱਪੜਛਾਣ ਕੀਤੀ ਹੋਈ 50ਗ੍ਰਾਮ ,ਨਿੰਮ ਦਾ ਤੇਲ਼ 100ਗ੍ਰਾਮ, ਮੋਮ 20ਗ੍ਰਾਮ ਕਿਸੇ ਭਾਂਡੇ ‘ਚ ਪਾ ਕੇ ਹਲਕੀ-2 ਅੱਗ ਤੇ ਰੱਖੋ ਜਦੋਂ ਇਹ ਸਾਰੇ ਆਪਸ ‘ਚ ਚੰਗੀ ਤਰ੍ਹਾਂ ਘੁਲ਼ ਜਾਣ ਤਾਂ ਗੈਸ ਬੰਦ ਕਰਕੇ ਇਸ ਵਿੱਚ 10ਗ੍ਰਾਮ ਸਫੈਦ ਰਾਲ ,3 ਗ੍ਰਾਮ ਸੰਗਜਰਾਹਤ, ਜੋ ਪੰਨਸਾਰੀ ਤੋਂ ਆਮ ਹੀ ਮਿਲ ਜਾਂਦੀਆਂ ਹਨ।ਇੰਨਾ ਨੂੰ ਮਿਲਾਕੇ ਰੱਖ ਲਵੋਂ ।ਲੋੜ ਪੈਣ ਤੇ ਇਹ ਮਲ੍ਹਮ ਲਾਉ।ਇਸ ਨਾਲ਼ ਜਲਣ ਤੇ ਦਰਦ ਖਤਮ ਹੁੰਦਾ ਹੈ ਤੇ ਜਖਮ ਛੇਤੀ ਭਰਦਾ ਹੈ।
ਜਖਮਾਂ ਲਈ ਤੇਲ਼:-ਨਿੰਮ ਦਾ ਤੇਲ਼ 50ਗ੍ਰਾਮ, ਮੁਸ਼ਕ ਕਪੂਰ 10ਗ੍ਰਾਮ ਮਿਲਾਕੇ ਰੱਖੋ।ਰੂੰਈ ਦਾ ਫੰਬਾਂ ਇਸ ‘ਚ ਭਿਉਕੇ ਜਖਮ ਤੇ ਰੱਖ ਦਿਉਂ।ਸਵੇਰੇ ਲਾਕੇ ਸ਼ਾਮ ਨੂੰ ਨਿੰਮ ਦੇ ਪੱਤਿਆਂ ਦੇ ਕਾੜ੍ਹੇ ‘ਚ ਥੋੜ੍ਹੀ ਫਿਟਕਰੀ ਮਿਲਾਕੇ ਜਖਮ ਧੋ ਦਿਉਂ।ਜਖਮ ਜਲ਼ਦੀ ਭਰ ਜਾਏਗਾ।
ਮਲੇਰੀਆਂ ਦੀਆਂ ਗੋਲੀਆਂ:-ਨਿੰਮ ਦੇ ਨਰਮ-2 ਪੱਤੇ 200ਗ੍ਰਾਮ ਫਿਟਕਰੀ ਭਸਮ 100ਗ੍ਰਾਮ ਮਿਲਾਕੇ ਕਾਬਲ਼ੀ ਛੋਲੇ ਜਿੰਨੀਆਂ ਗੋਲੀਆ ਵੱਟ ਲਵੋਂ।1-1 ਗੋਲੀ ਸਵੇਰੇ ਸ਼ਾਮ ਮਿਸ਼ਰੀ ਮਿਲੇ ਪਾਣੀ ਨਾਲ਼ ਲਵੋ।ਮਲੇਰੀਆਂ ਠੀਕ ਹੁੰਦਾ ਹੈ।ਇਹ ਬਹੁਤ ਗੁਣਕਾਰੀ ਦਵਾਈ ਹੈ।ਕਲੋਰੋਕੁਨੀਨ ਦੀਆਂ ਗੋਲੀਆਂ ਵਾਂਗ ਗਰਮੀ ਵੀ ਨਹੀਂ ਕਰਦੀ।
ਸਰੀਰ ਚੋਂ ਜ਼ਹਿਰ ਕੱਢਣਾ:- ਨਿੰਮ ਦੀਆਂ ਕੱਚੀਆਂ ਜਾਂ ਪੱਕੀਆਂ 10 ਨਮੋਲ਼ੀਆਂ ਪੀਸਕੇ ਗਰਮ ਪਾਣੀ ‘ਚ ਮਿਲਾਕੇ ਰੋਗੀ ਨੂੰ ਪਿਲਾਉ।ਉਸੇ ਸਮੇਂ ਉਲਟੀ ਆ ਕੇ ਜ਼ਹਿਰ ਦਾ ਅਸਰ ਘੱਟ ਜਾਵੇਗਾ। ਅਫੀਮ,ਸੰਖੀਆਂ,ਸਰਾਬ ਹੋਰ ਵੀ ਕਈ ਜ਼ਹਿਰਾਂ ਦਾ ਅਸਰ ਘੱਟ ਜਾਂਦਾ ਹੈ।
ਬਵਾਸੀਰ:-ਨਿੰਮ ਦੇ ਬੀਜਾਂ ਦੀ ਗਿਰੀ,ਬਕਾਯਨ ਦੀ ਗਿਰੀ,ਜੰਗੀ ਹਰੜ, ਸ਼ੁੱਧ ਰਸੌਤ 50ਗ੍ਰਾਮ ਘਿਉ ‘ਚ ਭੁੰਨੀ ਹਿੰਗ 20ਗ੍ਰਾਮ, ਬੀਜ ਰਹਿਤ ਮੁਨੰਕਾ 50ਗ੍ਰਾਮ ਸਭ ਦਾ ਪਾਊਡਰ ਬਣਾਕੇ ਚੰਗੀ ਤਰ੍ਹਾਂ ਘੋਟਕੇ ਮਟਰ ਬਰਾਬਰ ਗੋਲ਼ੀਆਂ ਬਣਾ ਲਵੋਂ। 2-2 ਗੋਲੀਆਂ ਸਵੇਰੇ ਸ਼ਾਮ ਬੱਕਰੀ ਦੇ ਦੁੱਧ ਨਾਲ਼ ਲਵੋਂ। ਜੇਕਰ ਬੱਕਰੀ ਦਾ ਦੁੱਧ ਨਾ ਮਿਲੇ ਤਾਂ ਪਾਣੀ ਨਾਲ਼ ਖਾ ਲਵੋਂ। ਹਫਤੇ ‘ਚ ਖੂਨ ਆਉਣਾ ਬੰਦ ਹੋ ਜਾਵੇਗਾ।
ਬਵਾਸੀਰ ਤੇਲ਼:-ਨਿੰਮ ਦਾ ਤੇਲ਼ 50ਗ੍ਰਾਮ, ਫਿਟਕਰੀ 3ਗ੍ਰਾਮ, ਸੁਹਾਗਾ 3ਗ੍ਰਾਮ, ਚੰਗੀ ਤਰ੍ਹਾਂ ਬਰੀਕ ਕਰਕੇ ਸ਼ੀਸ਼ੀ ‘ਚ ਪਾ ਕੇ ਰੱਖ ਲਵੋਂ। ਲੈਟਰਿੰਗ ਜਾਣ ਤੋਂ ਬਾਅਦ ਇਸਨੂੰ ਰੋਗੀ ਆਪਣੇ ਗੂਦੇ ‘ਚ ਲਾਵੇ।ਬਵਾਸੀਰ ਦੇ ਮੌਹਕੇ ਇਹ ਤੇਲ਼ ਲਗਾਤਾਰ ਵਰਤਣ ਨਾਲ਼ ਸੁਕਣੇ ਸ਼ੁਰੁੂ ਹੋ ਜਾਣਗੇ।
ਨਕਸੀਰ:-ਨਿੰਮ ਦੇ ਪੱਤੇ ਤੇ ਅਜਵਾਇਨ ਦੋਵਾਂ ਨੂੰ ਬਰਾਬਰ-2 ਲੈ ਕੇ ਕੁੱਟ ਲਵੋਂ।ਸਿਰ ਦੀ ਕੰਨਪੱਟੀਆਂ ਤੇ ਲੇਪ ਕਰੋਂ।ਲਗਾਤਾਰ ਕਰਨ ਨਾਲ਼ ਨਕਸੀਰ ਬੰਦ ਹੋ ਜਾਂਦੀ ਹੈ।
ਸਿਰ ਦੀ ਖਾਜ਼,ਫਿੰਨਸੀਆਂ:-ਨਿੰਮ ਦੇ ਪੱਤਿਆਂ ਦਾ ਕਾੜ੍ਹਾ ਬਣਾਕੇ ਸਿਰ ਧੋ ਲਵੋਂ ਫੇਰ ਸਿਰ ਸੁਕਾ ਕੇ ਨਿੰਮ ਦਾ ਤੇਲ਼ ਲਾ ਲਵੋਂ।ਇਸ ਨਾਲ਼ ਸਿਰ ਦੀਆਂ ਜੂੰਆਂ ਵੀ ਮਰ ਜਾਂਦੀਆ ਹਨ।ਨਿੰਮ ਦੇ ਪੱਤਿਆ ਨੂੰ ਪਾਣੀ ‘ਚ ਚੰਗੀ ਤਰ੍ਹਾਂ ਉਬਾਲਕੇ ਫੇਰ ਇਹੀ ਪਾਣੀ ਠੰਢਾ ਕਰਕੇ ਸਿਰ ਧੋਦੇਂ ਰਹੋ।ਵਾਲ਼ਾ ਦਾ ਝੜਣਾ ਵੀ ਠੀਕ ਹੁੰਦਾ ਹੈ।
ਮਾਈਗ੍ਰੇਨ{ਅੱਧਾ ਸਿਰ ਦਰਦ}:-ਨਿੰਮ ਦੇ ਸੁੱਕੇ ਪੱਤੇ, ਕਾਲ਼ੀ ਮਿਰਚ,ਚਾਵਲ਼ ਇੰਨਾਂ ਤਿੰਨਾਂ ਨੂੰ ਕੱਪੜਛਾਣ ਕਰਕੇ ਚੂਰਣ ਤਿਆਰ ਕਰੋਂ।ਜਿਸ ਪਾਸੇ ਦਰਦ ਹੁੰਦਾ ਹੈ।ਉਸ ਪਾਸੇ ਇਸਨੂੰ ਨਸਵਾਰ ਵਾਂਗ ਵਰਤੋਂ।ਇਹ ਸੂਰਜ ਚੜ੍ਹਣ ਤੋਂ ਪਹਿਲਾਂ ਕਰਨਾ ਹੈ।ਜਲਦੀ ਹੀ ਮਾਈਗ੍ਰੇਨ ‘ਚ ਫਾਇਦਾ ਹੋਵੇਗਾ,ਨਾਲ ਹੀ ਨਿੰਮ ਦਾ ਤੇਲ਼ ਕੰਨਪੱਟੀਆਂ ਤੇ ਮੱਲ਼ੋ।
ਅੱਖਾਂ ਲਈ ਵਰਦਾਨ:-ਅੱਧਾ ਕਿਲੋ ਨਿੰਮ ਦੇ ਪੱਤੇ,ਦੋ ਛੋਟੇ ਕੁੱਜਿਆਂ{ਮਿੱਟੀ ਦਾ ਭਾਂਡਾ} ‘ਚ ਪਾ ਕੇ ਢੱਕਣ ਲਾ ਕੇ ਮਿੱਟੀ ਨਾਲ ਕੁੱਜਿਆਂ ਨੂੰ ਲਿਪੋਂ।ਪਾਥੀਆਂ ਆਲ਼ੇ-ਦੁਆਲ਼ੇ ਲਾ ਕੇ ਅੱਗ ਲਾ ਦਿਉਂ।ਅੱਗ ਬੁਝਣ ਤੇ ਰਾਖ ਠੰਢੀ ਹੋਣ ਦਿਉ। ਫੇਰ ਇਸ ਰਾਖ ਨੂੰ ਪੀਸਕੇ ਇਸ ‘ਚ 100ਗ੍ਰਾਮ ਨਿੰਬੂ ਰਸ ਪਾ ਕੇ ਰਾਖ ਨੁੂੰ ਸੁਕਾ ਲਵੋਂ ।ਕਿਸੇ ਸ਼ੀਸ਼ੀ ‘ਚ ਪਾ ਕੇ ਢੱਕਣ ਕੱਸਕੇ ਸਾਂਭ ਲਵੋਂ । ਕੱਜਲ਼ ਦੀ ਤਰ੍ਹਾਂ ਅੱਖਾਂ ‘ਚ ਲਾਉ ਇਸ ਨਾਲ਼ ਅੱਖਾਂ ‘ਚ ਹੁੰਦੀ ਖਾਜ਼ ਜਲ਼ਣ ‘ਚ ਬਹੁਤ ਅਰਾਮ ਮਿਲਦਾ ਹੈ।
 ਨਿੰਮ ਦੇ ਬੀਜਾਂ ਦੀ ਗਿਰੀ ਦਾ ਚੂਰਣ ਕੱਪੜਛਾਣ ਕਰਕੇ ਰੋਜ਼ ਸੁਰਮੇ ਦੀ ਸਿਲਾਈ ਨਾਲ਼ ਅੱਖਾਂ ‘ਚ ਲੋਅ {ਕੱਜਲ਼} ਵਾਂਗ ਲਾਉਦੇ ਰਹੋਂ।ਮੋਤਿਆਂ ਬਿੰਦ ‘ਚ ਬਹੁਤ ਲਾਭ ਮਿਲਦਾ ਹੈ ਤੇ ਅੱਖਾਂ ਸਾਫ ਰਹਿੰਦੀਆਂ ਹਨ।
 ਦੰਦਾ ਲਈ ਮੰਜਨ:-ਨਿੰਮ ਦੀ ਜੜ੍ਹ ਦੀ ਛਿਲ਼ੜ ਦਾ ਚੂਰਣ 50ਗ੍ਰਾਮ ਸੋਨਾ ਗੇਰੂ 50ਗ੍ਰਾਮ ਨਮਕ 10ਗ੍ਰਾਮ, ਤਿੰਨਾਂ ਨੂੰ ਕਿਸੇ ਭਾਂਡੇ ‘ਚ ਪਾ ਕੇ ਰੱਖੋ।ਉਸ ‘ਚ ਨਿੰਮ ਦੇ ਪੱਤਿਆ ਦਾ ਰਸ ਐੈਨਾ ਕੇ ਪਾਉ ਕਿ ਇਹ ਪਾਊਡਰ ਡੁੱਬ ਜਾਵੇ।ਹੌਲ਼ੀ-2 ਨਿੰਮ ਦਾ ਰਸ ਇਹ ਪਾਊਡਰ ਚੁੱਸ ਲਵੇਗਾ।ਫੇਰ ਇਸਨੂੰ ਧੁੱਪ ‘ਚ ਸੁਕਾ ਲਵੋਂ।ਇਸੇ ਤਰ੍ਹਾਂ ਘੱਟੋ ਘੱਟ ਤਿੰਨ ਵਾਰ ਰਸ ਪਾਉ ਤੇ ਸੁਕਾਉ।ਤਿੰਨ ਵਾਰ ਰਸ ਸੁਕਣ ਤੇ ਬਾਅਦ ਇਹ ਚਮਤਕਾਰੀ ਮੰਜਨ ਬਣੇਗਾ।ਇਸਨੂੰ ਦੰਦਾਂ ਤੇ ਮੰਜਨ ਵਾਂਗ ਮਲੋ।ਇਸ ਨਾਲ਼ ਦੰਦਾ ‘ਚ ਖੂਨ ਵਗਣਾ, ਦੰਦਾਂ ‘ਚ ਪੀਕ ਆਉਣਾ,ਵਾਰ-2 ਮੂੰਹ ‘ਚ ਛਾਲ਼ੇ ਹੋਣਾ,ਮੂੰਹ ਚੋਂ ਬਦਬੂ ਆਉਣਾ ‘ਚ ਬਹੁਤ ਅਰਾਮ ਮਿਲਦਾ ਹੈ।
 ਫੁਲਬੈਹਰੀ:-ਫੁਲਬੈਹਰੀ ਵਾਲ਼ੇ ਮਰੀਜ਼ ਦੇ ਜਿੱਥੇ ਦਾਗ ਹੋਣ ਉਥੇ ਹਲਕੀ ਜਿਹੀ ਸੂਈ ਮਾਰਕੇ ਦੇਖੇ ਜੇਕਰ ਉਸ ‘ਚੋਂ ਸਫੈਦ,ਭੂਰਾ ਪਾਣੀ ਨਿਕਲੇ ਤਾਂ ਇਸ ਦਾ ਇਲਾਜ਼ ਅਸੰਭਵ ਹੈ।ਜੇਕਰ ਉਸ ਦਾਗ ‘ਚੋਂ ਖੂਨ ਨਿਕਲੇ ਤਾਂ ਇਲਾਜ਼ ਸੰਭਵ ਹੁੰਦਾ ਹੈ।ਇਲਾਜ਼ ਲੰਬਾ ਚੱਲਦਾ ਹੈ ਪਰ ਫੁਲਬੈਹਰੀ ਠੀਕ ਹੋ ਜਾਂਦੀ ਹੈ।
 ਨੁਸਖਾ:-ਨਿੰਮ ਦੀ ਛਿਲੜ ਦਾ ਚੂਰਣ,ਸ਼ੁੱਧ ਬਾਵਚੀ,ਪਮਾੜ ਦੇ ਬੀਜ,ਗੰਧਕ ਰਸਾਯਨ ਦੀਆਂ ਗੋਲ਼ੀਆਂ ਸਭ ਦਾ ਬਰਾਬਰ ਚੂਰਣ ਲੈ ਕੇ ਸਾਂਭ ਲਵੋਂ।ਅੱਧਾ-ਅੱਧਾ ਚਮਚ ਸਵੇਰੇ ਸ਼ਾਮ ਖਾਵੋਂ।
 ਤੇਲ਼:-ਨਿੰਮ ਦਾ ਤੇਲ਼,ਚਾਲਮੋਗਰਾ ਤੇਲ਼, ਮਾਲਕਂਾਗਨੀ ਤੇਲ਼,ਤੁਲਸੀ ਤੇਲ਼ ਬਰਾਬਰ ਲੈ ਕੇ ਥੋੜ੍ਹਾਂ ਜਿਹਾ ਨੌਸਾਦਰ ਮਿਲਾਕੇ ਰੱਖ ਲਵੋਂ।ਸਫੈਦ ਦਾਗਾ ਤੇ ਲਾਵੋਂ।ਲਗਾਤਾਰ ਉਪਰ ਦੱਸਿਆਂ ਚੂਰਣ ਖਾਉ ਤੇ ਤੇਲ਼ ਲਾਉਂ ਫੁਲ਼ਬੈਹਰੀ ਤੋਂ ਛੁਟਕਾਰਾ ਮਿਲੇਗਾ। ਪਰਹੇਜ਼ :-ਨਮਕ, ਮੀਟ ਆਂਡਾ,ਮਸਰਾ ਦੀ ਦਾਲ਼, ਨਸ਼ਾ, ਦੁੱਧ ਤੋਂ ਬਣੀਆਂ ਚੀਜ਼ਾਂ ਬੰਦ ਰੱਖੋ।ਫੁਲਬੈਹਰੀ ਜੜ੍ਹ ਤੋਂ ਠੀਕ ਹੋ ਜਾਵੇਗੀ।
 ਹਰ ਤਰ੍ਹਾਂ ਦਾ ਵਾਇਰਸ ਖਤਮ ਕਰੋਂ:-ਕਰੋਨਾ ਰੋਗ ਦੇ ਚੱਲ਼ਦੇ ਕਹਿਰ ਵਿੱਚ ਸੈਨੇਟਾਇਜ਼ਰ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।ਨਿੰਮ ਦਾ ਇਹ ਨੁਸਖਾ ਸਰੀਰ ਨੂੰ ਅੰਦਰੋਂ ਵੀ ਸੈਨੇਟਾਇਜ਼ ਕਰਦਾ ਹੇੈ।ਆਪਾਂ ਹਰੇਕ ਸਾਲ਼ ਕਿਸੇ ਨਾ ਕਿਸੇ ਵੈਕਸੀਨ ਦੀ ਉਡੀਕ ਕਰਦੇ ਰਹਿੰਦੇ ਹਾਂ ਜਦੋਂ ਤੁਹਾਡਾ ਇਮੀਊਨ ਸਿਸਟਮ ਮਜ਼ਬੂਤ ਹੈ ਤਾਂ ਤੁਹਾਨੂੰ ਕਿਸੇ ਵੈਕਸੀਨ ਦੀ ਲੋੜ ਨਹੀਂ ਇਹ ਗੱਲ਼ ਯਾਦ ਰੱਖੀਓ।ਇਹ ਨੁਸਖਾਂ ਹਰੇਕ ਤਰ੍ਹਾਂ ਦੇ ਵਾਇਰਸ ਨੁੂੰ ਰੋਕਦਾ ਹੈ।ਰੋਗਾਂ ਨਾਲ਼ ਲੜਣ ਦੀ ਸ਼ਕਤੀ ਮਜ਼ਬੂਤ ਕਰਦਾ ਹੈ।ਨੁਸਖਾ:-ਨਿੰਮ ਦੀ ਨਮੋਲ਼ੀ ਕੱਚੀ ਜਿਸ ‘ਚ ਦੁੱਧ ਹੋਵੇ ਅੱਧਾ ਕਿਲੋ, ਬਾਂਸ ਦੇ ਪੱਤੇ ਜਾਂ ਪਿੱਪਲ਼ ਦੇ ਪੱਤੇ ਅੱਧਾ ਕਿਲੋ, ਲਾਲ ਫਿਟਕਰੀ ਖਿਲ਼ ਕੀਤੀ ਹੋਈ 25ਗ੍ਰਾਮ, ਸੇਧਾਂ ਨਮਕ 10ਗ੍ਰਾਮ, ਅਜਵਾਇਨ ਦੇ ਫੁੱਲ਼ 25ਗ੍ਰਾਮ ਸਭ ਨੂੰ ਕੁੱਟਕੇ ਬੇਰ ਦੇ ਬਰਾਬਰ ਗੋਲ਼ੀਆਂ ਬਣਾਉ 1-1 ਗੋਲੀ ਸਵੇਰੇ ਸ਼ਾਮ 1 ਮਹੀਨਾ ਖਾਉ। ਇਹ ਨੁਸਖਾ ਸਾਹ,ਦਮਾ, ਇਮੀਊਨੀਟੀ, ਪੇਟ ਰੋਗ ਲਈ ਅੰਮ੍ਰਿਤ ਹੈ।
 ਨਿੰਮ ਦੇ ਫੁੱਲ਼ ਜਾਂ ਨਿੰਮ ਦੀਆਂ ਪੱਕੀਆਂ ਨਮੋਲ਼ੀਆਂ ਖਾਣ ਨਾਲ਼ ਸ਼ੁੂਗਰ, ਜੋੜ੍ਹਾਂ ਦਾ ਦਰਦ ਤੇ ਚਮੜੀ ਰੋਗ ਨਹੀਂ ਹੁੰਦਾ।ਨਿੰਮ ਖੂਨ ਸਾਫ ਕਰਦੀ ਹੈ। ਜਦੋਂ ਬੰਦੇ ਦਾ ਖੂਨ ਸਾਫ ਰਹੇਗਾ ਤਾਂ ਕੋਈ ਵੀ ਬਿਮਾਰੀ ਨੇੜੇ ਨਹੀਂ ਆਵੇਗੀ।ਕਿਉਕਿ ਖੂਨ ਦਾ ਸੰਚਾਰ ਆਪਣੇ ਸਿਰ ਤੋਂ ਪੈਰ੍ਹਾਂ ਤੱਕ ਰਹਿੰਦਾ ਹੈ।ਖੂਨ ਆਪਣੇ ਮਹੱਤਵਪੂਰਨ ਅੰਗਾਂ ਚੋਂ ਗੁਜ਼ਰ ਕੇ ਲੰਘਦਾ ਹੈ।ਸਾਫ-ਸੁਥਰਾ ਖੂਨ ਹਰ ਅੰਗ ਦੀ ਦੇਖਭਾਲ ਕਰੇਗਾ।ਖਰਾਬ ਖੂਨ ਅੰਗਾਂ ਦਾ ਨੁਕਸਾਨ ਕਰੇਗਾ ।ਨਿੰਮ ਦੇ ਹੋਰ ਵੀ ਬਹੁਤ ਫਾਇਦੇ ਹਨ।ਮੈਂ ਤੁਹਾਡੇ ਅੱਗੇ ਚੁਣਵੇਂ ਨੁਸਖੇ ਪੇਸ਼ ਕੀਤੇ ਹਨ।ਆਉ ਆਪਾਂ ਆਪਣੇ ਆਲ਼ੇ- ਦੁਆਲ਼ੇ ਨਿੰਮ ਵਰਗੇ ਰੁੱਖ ਲਾ ਕੇ ਹੋਰ ਵੀ ਮੈਡੀਸਨਲ਼ ਪਲ਼ਾਟ ਲਾ ਕੇ ਆਪਣੇ ਸਮਾਜ ਨੂੰ ਸਹੀ ਰਾਹ ਤੇ ਲੈ ਕੇ ਜਾਈਏ।

Total Views: 168 ,
Real Estate