..ਜਦੋਂ ਦਰੋਗਾ ਕਹਿੰਦਾ “ਜੇ ਤੁਸੀਂ ਕਹਿੰਦੇ ਹੋ ਤਾਂ ਆਪਾਂ ਚੂੜੀ ਹੋਰ ਟਾਈਟ ਕਰ ਦਿੰਦੇ ਹਾਂ

ਬਰਨਾਲਾ 21 ਮਈ (ਨਿਰਮਲ ਸਿੰਘ ਪੰਡੋਰੀ) : ਬਲਾਕ ਮਹਿਲ ਕਲਾਂ ਦੇ ਪਿੰਡ ਮਹਿਲ ਖ਼ੁਰਦ ਅਤੇ ਪੰਡੋਰੀ ਦੇ ਵਿਚਕਾਰ ਇੱਕ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸੜਕ ਦੇ ਕਿਨਾਰੇ ਖੜ੍ਹੇ ਹਰੇ ਭਰੇ 70 ਦੇ ਕਰੀਬ ਬੂਟੇ ਸਾੜ ਦੇਣ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇਹ ਬੂਟੇ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਮੌਕੇ ਪੰਚਾਇਤਾਂ ਰਾਹੀਂ ਮਗਨਰੇਗਾ ਸਕੀਮ ਤਹਿਤ ਲਗਾਏ ਗਏ ਸਨ।ਪਿੰਡ ਪੰਡੋਰੀ ਦੇ ਨਰੇਗਾ ਵਰਕਰਾਂ ਵੱਲੋਂ ਇਨ੍ਹਾਂ ਬੂਟਿਆਂ ਦੀ ਬੜੀ ਮਿਹਨਤ ਨਾਲ ਦੇਖਭਾਲ ਕੀਤੀ ਜਾ ਰਹੀ ਸੀ ਜਿਸ ਦੇ ਬਦਲੇ ਉਨ੍ਹਾਂ ਨੂੰ ਵਿਭਾਗ ਵੱਲੋਂ ਮਿਹਨਤਾਨਾ ਵੀ ਦਿੱਤਾ ਜਾਂਦਾ ਹੈ ਪ੍ਰੰਤੂ ਇੱਕ ਕਿਸਾਨ ਦੀ ਲਾਪ੍ਰਵਾਹੀ ਨੇ ਪਲਾਂ ਵਿੱਚ ਹੀ ਨਰੇਗਾ ਵਰਕਰਾਂ ਦੀ ਕਈ ਮਹੀਨਿਆਂ ਦੀ ਮਿਹਨਤ ਅੱਗ ਲਗਾ ਕੇ ਸਾੜ ਦਿੱਤੀ।ਉਕਤ ਘਟਨਾਂ ਨਾਲ ਸਬੰਧਤ ਸਿਤਮਜ਼ਰੀਫ਼ੀ ਇਹ ਵੀ ਰਹੀ ਕਿ ਵਣ ਵਿਭਾਗ ਦੇ ਮੌਕੇ ‘ਤੇ ਪੁੱਜੇ ਇੱਕ ਅਧਿਕਾਰੀ ਨੇ ਸਿਰਫ਼ 15-20 ਬੂਟਿਆਂ ਦੇ ਸਾੜੇ ਜਾਣ ਦੀ “ਡੈਮੇਜ ਰਿਪੋਰਟ” ਤਿਆਰ ਕਰ ਦਿੱਤੀ ਜਦਕਿ ਅੱਗ ਨਾਲ 70 ਦੇ ਕਰੀਬ ਪੌਦਿਆਂ ਦਾ ਨੁਕਸਾਨ ਹੋਇਆ ਹੈ ਜਿਨ੍ਹਾਂ ਦੇ ਦੁਬਾਰਾ ਹਰੇ ਹੋਣ ਦੀ ਸੰਭਾਵਨਾ ਵੀ ਨਹੀਂ ਹੈ। ਨੁਕਸਾਨ ਤੋਂ ਘੱਟ ਡੈਮੇਜ਼ ਰਿਪੋਰਟ ਤਿਆਰ ਕਰਨ ਸਬੰਧੀ ਜਦ ਸਬੰਧਿਤ ਦਰੋਗਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਪਹਿਲਾਂ “ਪੈਰਾਂ ‘ਤੇ ਪਾਣੀ” ਨਹੀਂ ਪੈਣ ਦਿੱਤਾ ਪ੍ਰੰਤੂ ਜਦ ਇਸ ਪੱਤਰਕਾਰ ਨੇ ਦਰੋਗਾ ਨੂੰ ਆਪਣੇ ਕੋਲ ਅੱਗ ਨਾਲ ਸੜੇ ਬੂਟਿਆਂ ਦੀਆਂ ਫੋਟੋਆਂ ਅਤੇ ਵੀਡੀਓ ਹੋਣ ਦੀ ਗੱਲ ਆਖੀ ਤਾਂ ਦਰੋਗਾ ਸਾਹਿਬ ਨੇ ਝੱਟ ਆਖ ਦਿੱਤਾ ਕਿ “ਚਲੋ ਕੋਈ ਗੱਲ ਨਹੀਂ ਜੇਕਰ ਤੁਸੀਂ ਕਹਿੰਦੇ ਹੋ ਤਾਂ ਆਪਾਂ ਚੂੜੀ ਹੋਰ ਟਾਈਟ ਕਰ ਦਿੰਦੇ ਹਾਂ” ….ਤੇ ਫਿਰ ਬਾਅਦ ਵਿੱਚ ਸਬੰਧਤ ਅਧਿਕਾਰੀਆਂ ਨੇ 58 ਬੂਟਿਆਂ ਦੇ ਸਾੜੇ ਜਾਣ ਦੀ ਡੈਮੇਜ ਰਿਪੋਰਟ ਤਿਆਰ ਕਰਕੇ ਬਣਦੇ ਮੁਆਵਜ਼ੇ ਦੀ ਰਸੀਦ ਕੱਟ ਦਿੱਤੀ। ਇਸ ਸਾਰੀ ਮੰਦਭਾਗੀ ਘਟਨਾ ਨਾਲ ਸਬੰਧਤ ਇੱਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ ਇੱਕ ਤਾਕਤਵਰ ਆਗੂ ਨੇ ਬੂਟੇ ਸਾੜੇ ਜਾਣ ਦੇ ਮਾਮਲੇ ਸਬੰਧੀ “ਹਲਕੀ ਕਾਰਵਾਈ” ਕਰਨ ਲਈ ਵਣ ਵਿਭਾਗ ਦੇ ਅਧਿਕਾਰੀਆਂ ਨੂੰ “ਹੱਥ ਪੋਲਾ” ਕਰਨ ਦੀ “ਸਿਫ਼ਾਰਸ਼” ਵੀ ਕੀਤੀ ਜਿਸ ਦਾ ਜਿਕਰ ਵਣ ਵਿਭਾਗ ਦੇ ਬਲਾਕ ਪੱਧਰੀ ਅਧਿਕਾਰੀ ਨੇ ਇਸ ਪੱਤਰਕਾਰ ਕੋਲ ਗੱਲਬਾਤ ਦੌਰਾਨ ਬੜੀ “ਬੇਬਾਕੀ” ਨਾਲ ਕੀਤਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਵਣ ਵਿਭਾਗ ਦੇ DFO ਵਿਦਿਆ ਸਾਗਰੀ ਨਾਲ ਗੱਲ ਕਰਨ ਤੋਂ ਬਾਅਦ ਹੀ ਹੇਠਲੇ ਅਧਿਕਾਰੀਆਂ ਨੂੰ ਆਪਣੀ ਅਸਲੀ ਡਿਊਟੀ ਅਤੇ ਬਣਦੇ ਫਰਜ਼ ਯਾਦ ਆਏ। ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਜਦ ਨਾਇਬ ਤਹਿਸੀਲਦਾਰ ਮਹਿਲ ਕਲਾਂ ਨਵਜੋਤ ਤਿਵਾੜੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਚੇਚੇ ਤੌਰ ‘ਤੇ ਲਗਾਏ ਬੂਟੇ ਅੱਗ ਲਗਾ ਕੇ ਸਾੜ ਦੇਣ ਦੀ ਘਟਨਾ ਨੂੰ ਮੰਦਭਾਗੀ ਦੱਸਦਿਆਂ ਸਬੰਧਿਤ ਕਿਸਾਨ ਖਿਲਾਫ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ।

Total Views: 60 ,
Real Estate