ਹੁਣ ਗ੍ਰਹਿ ਦਿਸ਼ਾ ਬਦਲਣ ਲਈ ਮੰਤਰੀ ਜੀ ਕਰਨਗੇ ਕਾਲੇ ਬੱਕਰੇ ਦਾ ਦਾਨ

ਚੰਡੀਗੜ, 19 ਮਈ (ਜਗਸੀਰ ਸਿੰਘ ਸੰਧੂ) : ਮਿਰਜ਼ਾ ਗਾਉਣ ਵਾਲੇ ਗਾਇਕਾਂ ਨੂੰ ਤੁਸੀਂ ਅਕਸਰ ਗਾਉਂਦੇ ਸੁਣਿਆ ਹੋਵੇਗਾ ਕਿ ”ਮੈਂ ਬੱਕਰਾ ਦੇਨੀ ਆਂ ਪੀਰ ਦਾ, ਜੇ ਮੇਰੇ ਸਿਰ ਦਾ ਸ਼ਾਂਈ ਮਰੇ । ਪੰਜ ਸੱਤ ਮਰਨ ਗੁਆਂਢਣਾਂ ਤੇ ਰਹਿੰਦੀਆਂ ਨੂੰ ਤਾਪ ਚੜੇ । ਫਿਰ ਗਲੀਆਂ ਹੋ ਜਾਣ ਸੁੰਨੀਆਂ ਤੇ ਵਿੱਚ ਮਿਰਜਾ ਯਾਰ ਫਿਰੇ ।” ਖੈਰ ਇਹ ਤਾਂ ਸਾਹਿਬਾਂ ਨੇ ਮਿਰਜੇ ਨੂੰ ਪਾਉਣ ਲਈ ਮੰਨਤ ਮੰਗੀ ਹੋਵੇਗੀ, ਪਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਇੱਕ ਕੈਬਨਿਟ ਮੰਤਰੀ ਵੀ ਆਪਣੇ ਗ੍ਰਹਿ ਟਾਲਣ ਲਈ ਕਾਲੇ ਬੱਕਰੇ ਦਾ ਦਾਨ ਦੇਣ ਜਾ ਰਹੇ ਹਨ। ਵੈਸੇ ਤਾਂ ਉਕਤ ਮੰਤਰੀ ਸਾਹਿਬ ਤਾਂਤਰਿਕਾਂ ਦੇ ਕਹਿਣ ‘ਤੇ ਅਕਸਰ ਹੀ ਅਜਿਹੇ ਪਾਖੰਡ ਕਰਕੇ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ, ਕਦੇ ਲੋਈ ਦਾ ਬੁੱਕਲ ਮਾਰਨ ਕਰਕੇ, ਕਦੇ ਆਪਣੀ ਕੋਠੀ ਦਾ ਚੜਦੇ ਪਾਸੇ ਦਰਵਾਜਾ ਕੱਢਣ ਅਤੇ ਕਦੇ ਹਾਥੀ ਦੀ ਸਵਾਰੀ ਕਰਕੇ ਆਪਣੇ ਗ੍ਰਿਹਾਂ ਨੂੰ ਟਾਲਣ ਵਾਲੇ ਇਸ ਮੰਤਰੀ ਬਾਰੇ ਹੁਣ ਚਰਚਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਘਟਨਾਕ੍ਰਮ ਕਰਕੇ ਉਹ ਕਾਫੀ ਪ੍ਰੇਸ਼ਾਨੀ ਵਿੱਚ ਹਨ ਅਤੇ ਹੁਣ ਫਿਰ ਤਾਂਤਰਿਕਾਂ ਦੇ ਕਹੇ ਤੋਂ ਕਈ ਤਰਾਂ ਦੇ ਓਹੜ ਪੋਹੜ ਕਰਨ ਲੱਗੇ ਹੋਏ ਹਨ। ਕਦੇ ਛਾਤੀ ‘ਤੇ ਚੰਦਨ ਦਾ ਟਿੱਕਾ ਲਾਉਂਦੇ ਹਨ, ਕਦੇ ਨੰਗੇ ਪੈਰੀਂ ਗੱਡੀ ਤੱਕ ਜਾਂਦੇ ਹਨ ਅਤੇ ਫਿਰ ਸੱਜਾ ਪੈਰ ਹੀ ਪਹਿਲਾਂ ਗੱਡੀ ਵਿੱਚ ਧਰਨਾ ਨਹੀਂ ਭੁੱਲਦੇ। ਹੁਣ ਪਤਾ ਲੱਗਿਆ ਹੈ ਕਿ ਗ੍ਰਹਿ ਦਿਸ਼ਾ ਨੂੰ ਠੀਕ ਕਰਨ ਲਈ ਮੰਤਰੀ ਸਾਹਿਬ ਵੱਲੋਂ ਕਾਲੇ ਬੱਕਰੇ ਦਾਨ ਕੀਤੇ ਜਾ ਰਹੇ ਹਨ।

Total Views: 461 ,
Real Estate