
ਰਿਪੁਦਮਨ ਸਿੰਘ ਰੂਪ
2249 ਫੇਜ਼-10, ਮੁਹਾਲੀ (ਪੰਜਾਬ)
98767-68960
ਘਰ ਦੀ ਬੈੱਲ ਵੱਜੀ
ਲੱਗਿਆ ਜ਼ਿੰਦਗੀ ਧੜਕ ਪਈ
ਮੁੜ ਲੀਹ ਉਤੇ ਆਉਣ ਲੱਗੀ
ਢੇਡ ਮਹੀਨੇ ਤੋਂ ਤਰਸ ਗਿਆ ਸਾਂ
ਬੈਲ ਸੁਨਣ ਲਈ।
ਅਖ਼ਬਾਰਾਂ ਵਾਲਾ ਉਪਰ ਆਇਆ।
ਬਿਲ ਲੈਣ
ਦੋ ਮਹੀਨੇ ਦਾ ਇੱਕਠਾ
ਪਹਿਲੋਂ ਜਦੋਂ ਆਉਂਦਾ
ਨੇੜੇ ਹੋ ਹੋ ਮਿਲਦਾ
ਹੁਣ ਅਸੀਂ ਦੋਵੇਂ
ਮੰਨ ਰਹੇ ਸਾਂ
‘ਦੋ ਗਜ਼ ਦੀ ਦੂਰੀ’ ਦੀ ਹਦਾਇਤ
ਪਰੇ ਪਰੇ ਖੜੇ
ਮਾਸਕਾਂ ਵਿਚੀਂ ਗੱਲਾਂ ਕਰ ਰਹੇ ਸਾਂ।
ਮਾਸਕ ਦਾ ਰੇਟ ਪੁੱਛਿਆ
ਹੁੱਬ ਕੇ ਕਹਿਣ ਲੱਗਾ
ਬਹੁਤ ਮਹਿੰਗਾ ਹੈ ਜੀ ਇਹ
ਤਿੰਨ ਸੌ ਰੁਪਏ ਦਾ
ਤਿੰਨ ਸੌ ਰੁਪਏ ਦਾ?
ਅੰਕਲ ਚੋਂਕਿਆ!
ਹੈਰਾਨ ਹੋਇਆ!!
ਅੰਕਲ ਇਹ ਵਧੀਆ ਹੈ ਜੀ
ਵੀਨਸ ਕੰਪਨੀ ਦਾ
ਆਪਣੇ ਲਈ ਲਿਆ
ਦੇਂਦਾ ਹਾਂ ਮੁੰਡਿਆਂ ਨੂੰ
ਸਸਤੇ ਲੈ ਕੇ
ਪੰਚੀ ਰੁਪਏ ਵਾਲਾ
ਪਰ ਹਾਂ…
ਦਿੰਦਾ ਹਾਂ ਉਹਨਾਂ ਨੂੰ
ਦਸਤਾਨੇ
ਛਿੜਕਦਾ ਹਾਂ ਅਖ਼ਬਾਰਾਂ ਉੱਤੇ
ਸੈਨੀਟਾਈਜ਼ਰ
ਭੇਜਦਾ ਹਾਂ ਫੇਰ ਅਖ਼ਬਾਰਾਂ ਸੁੱਟਣ।
ਅੰਕਲ ਸੁਣ ਕੇ ਹਸਿਆ
ਪੁੱਤਰਾ!
ਗੱਲ ਸੁਣ ਲੈ ਮੇਰੀ
ਪੂੰਜੀਪਤੀ ਨੇ ਹੈ ਲੈਣਾ
ਕਰੋਨਾ ਵਾਇਰਸ ਦਾ ਲਾਹਾ
ਪੂੰਜੀ ਦੇ ਨਜ਼ਰੀਂ ਚੜ੍ਹਿਆ
ਹੁਣ ਮਹਾਂਮਾਰੀ ਦਾ ਸੰਕਟ
ਉਲੱਰ ਪਈ ਹੈ ਪੂੰਜੀ
ਐਧਰ ਸਾਰੀ ਦੀ ਸਾਰੀ
ਮਾਸਕਾਂ, ਸੈਨੀਟਾਇਜ਼ਰਾਂ, ਕਿੱਟਾਂ ਉਤੇ
ਪਰ
ਉਹਦੇ ਪੱਲੇ ਨਾ ਪਈ
ਪੂੰਜੀ-ਪਾਂਜੀ ਵਾਲੀ ਕੋਈ ਗੱਲ।
ਉਹਦੇ ਸਮਝ ਨਾ ਪਈ
ਅੰਕਲ ਦੀ ਕੋਈ ਗੱਲ।
ਅੱਛਿਆ ਅੰਕਲ!
ਕਹਿਕੇ
ਉਤਰ ਗਿਆ ਉਹ
ਦਗੜ ਦਗੜ ਕਰਦਾ ਪੌੜੀਆਂ
ਅਗਲੇ ਘਰ ਤੋਂ ਬਿਲ ਲੈਣ।
——



















