ਜੀਹਨੂੰ ਬਾਬਾ ਬਲਬੀਰ ਸਿੰਘ ਤਸਦੀਕ ਕਰਦਾ ਕੱਲਾ ਉਹ ਹੀ ਨਿਹੰਗ ਸਿੰਘ ਥੋੜਾ !

ਸੁਖਨੈਬ ਸਿੰਘ ਸਿੱਧੂ
ਪਟਿਆਲੇ ‘ਚ ਨਿਹੰਗ ਸਿੰਘਾਂ ਅਤੇ ਪੁਲੀਸ ‘ਚ ਟੱਕਰ ਹੋਈ ਤਾਂ ਇੱਕ ਏਐਸਆਈ ਦੀ ਬਾਂਹ ਗੁੱਟ ਕੋਲੋ ਵੱਢੀ ਗਈ ।ਬਾਬਾ ਬਲਬੀਰ ਸਿੰਘ , ਆਗੂ ਬੁੱਢਾ ਦਲ ਨੇ ਕਿਹਾ ਕਿ ਉਹ ਨਕਲੀ ਹਨ ਸਿਰਫ਼ ਨਿਹੰਗਾਂ –ਸਿੰਘਾਂ ਦਾ ਬਾਣਾ ਪਾਇਆ ਹੋਇਆ । ਪਰ ਇਹ ਵੀ ਦੇਖਣਾ ਪਊ ਕਿ ਬਲਬੀਰ ਸਿੰਘ ਵੱਲੋਂ ਤਸਦੀਕ ਸੁਦਾ ਹੀ ਅਸਲੀ ਨਿਹੰਗ ਹੁੰਦੇ ਹਨ ਜਾਂ ਫਿਰ ਬਾਕੀ ਜਥੇਬੰਦੀਆਂ ਨਾਲ ਰਲੇ ਲੋਕ ਅੰਮ੍ਰਿਤ ਧਾਰੀ ਸਿੰਘ ਵੀ ਹੁੰਦੇ ਹਨ ।
ਪਹਿਲਾਂ ਬੁੱਢਾ ਦਲ ਦੀ ਗੱਲ ਕਰ ਲਈਏ । ਜਦੋਂ 1984 ਵਿੱਚ ਅਪਰੇਸ਼ਨ ਬਲਿਊ ਸਟਾਰ ਹੋਇਆ ਤਾਂ ਭਾਰਤੀ ਫੌਜ ਦੀ ਕਾਰਵਾਈ ਨਾਲ ਅਕਾਲ ਤਖ਼ਤ ਸਾਹਿਬ ਢਾਹ ਦਿੱਤਾ ਗਿਆ । ਜਿਸਦੀ ਮੁੜ ਉਸਾਰੀ ਕਰਵਾਉਣ ਲਈ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਡਿਊਟੀ ਲਾਈ ਉਸਦਾ ਨਾਂਮ ਬਾਬਾ ਸੰਤਾ ਸਿੰਘ ਸੀ , ਉਹੀ ਸੰਤਾ ਸਿੰਘ ਜਿਹੜੇ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁੱਖੀ ਸਨ । ਪ੍ਰਧਾਨ ਮੰਤਰੀ ਨੂੰ ਇਹ ਸੀ ਕਿ ਸਿੱਖਾਂ ਦੀ ਇੱਕ ਜਥੇਬੰਦੀ ਇਸ ਬਿਲਡਿੰਗ ਨੂੰ ਜਦੋਂ ਮੁੜ ਤਾਮੀਰ ਕਰੇਗੀ ਤਾਂ ਸਿੱਖ ਦੇ ਮਨਾਂ ‘ਚ ਰੋਹ ਘਟੇਗਾ, ਸਗੋਂ ਹੋਇਆ ਉਲਟਾ ਕੰਮ ।
ਫਿਰ ਕਾਂਗਰਸ ਸਰਕਾਰ ਇਹਨਾ ਨਿਹੰਗਾਂ ‘ਤੇ ਰੱਜ ਕੇ ਮਿਹਰਬਾਨ ਰਹੀ , ਕੋਈ ਵੀ ਬੁੱਢਾ ਦਲ ਦਾ ਅੰਮ੍ਰਿਤ ਛੱਕ ਕੇ ਹਥਿਆਰ ਦਾ ਲਾਇਸੈਂਸ ਹਾਸਲ ਕਰ ਸਕਦਾ ਸੀ ਕੋਈ ਰੋਕ ਟੋਕ ਨਹੀਂ ਸੀ ।
ਬੁੱਢਾ ਦਲ ਵਿੱਚ ਉਹ ਲੋਕ ਵੀ ਸ਼ਾਮਿਲ ਹੋ ਜਾਂਦੇ ਹਨ ਜਿਹੜੇ ਸੋਚਦੇ ਅੰਮ੍ਰਿਤ ਛੱਕ ਲੈਂਦੇ ਹਾਂ , ਹਲਾਲ ਦੀ ਥਾਂ ਝਟਕਾ ਖਾ ਲਿਆ ਕਰਾਂਗੇ, ਦਾਰੂ ਨੂੰ ਪੰਜ ਰਤਨੀ ਕਹਿ ਕੇ ਛੱਕ ਲਿਆ ਕਰਾਂਗੇ।
ਬਾਬਾ ਬਲਵੀਰ ਸਿੰਘ ਨਿਹੰਗ ਮੁਖੀ ਸੰਤਾ ਸਿੰਘ ਦੇ ਨੇੜਲਿਆਂ ਵਿੱਚੋਂ ਸੀ , ਫਿਰ ਜਥੇਦਾਰੀ ਹਾਸਲ ਕਰਨ ਲਈ ਹੋਈਆਂ ਹਿੰਸਕ ਲੜਾਈਆਂ ਤਾਂ ਹਾਲੇ ਕੱਲ੍ਹ ਦੀਆਂ ਗੱਲਾਂ ਹਨ।
ਖੈਰ, ਹੁਣ ਪਿੱਛੇ ਚੱਲੀਏ ਨਿਹੰਗ- ਸਿੰਘਾਂ ਦੇ ਸੁਨਹਿਰੀ ਇਤਿਹਾਸ ਵੱਲ ।
ਨਿਹੰਗ ਜਥੇਬੰਦੀ ਹੋਂਦ ‘ਚ ਆਉਣ ਬਾਰੇ ਕਈ ਵਿਦਵਾਨ ਆਪਣੇ ਆਪਣੇ ਤਰੀਕੇ ਨਾਲ ਤੱਥ ਪੇਸ਼ ਕਰਦੇ ਹਨ। ਪਹਿਲਾ ਤੱਥ , ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਂਦੇ ਬਾਬਾ ਫ਼ਤਿਹ ਸਿੰਘ ਨੇ ਜਦੋਂ ਇੱਕ ਦੋਮਾਲਾ ਸਜਾਇਆ ਤਾਂ ਉਹ ਗੁਰੂ ਜੀ ਨੇ ਆਖਿਆ ਸੀ ਕਿ ਇਸ ਬਾਣੇ ‘ਚ ਨਿਹੰਗ ਪੰਥ ਹੋਏਗਾ।
ਦੂਜਾ ਤੱਥ – ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉੱਚ ਦਾ ਪੀਰ ਵਾਲਾ ਬਾਣਾ ਪਹਿਨਣ ਮਗਰੋਂ ਸਾੜਿਆ ਤਾਂ ਉਹਨਾ ਨੀਲੇ ਬਸਤਰਾਂ ਵਿੱਚੋਂ ਇੱਕ ਲੀਰ ਪਾੜ ਕੇ ਆਪਣੀ ਦਸਤਾਰ ‘ਚ ਟੰਗ ਲਈ , ਕਿਹਾ ਜਾਂਦਾ ਉਦੋਂ ਨੀਲਾਂਬਰ ਸੰਪ੍ਰਦਾਇ ਚੱਲੀ ।
ਤੀਜਾ ਤੱਥ- ਇਹ ਦਿੱਤਾ ਜਾਂਦਾ ਕਿ ਸਿੱਖਾਂ ਲਈ ਇੱਕ ਨਿਸ਼ਾਨ ਦੀ ਲੌੜ ਮਹਿਸੂਸ ਹੁੰਦੀ , ਲੜਾਈ ‘ਚ ਨਿਸ਼ਾਨ ਵਾਲਾ ਕੰਮ , ਦੁਮਾਲਾ ਸਜਾ ਕੇ ਪੂਰਾ ਕਰ ਦਿੱਤਾ ।
ਨਿਹੰਗ ਸਿੰਘਾਂ ਨੂੰ ਅਕਾਲ ਪੁਰਖ ਕੀ ਫੌਜ ਕਿਹਾ ਜਾਂਦਾ ਹੈ। ਗੁਰੂ ਜੀ ਨਿਹੰਗ ਸਿੰਘਾਂ ਨਾਲ ਖਾਸ ਮੋਹ ਰੱਖਦੇ ਸਨ ਜਿਸ ਕਰਕੇ ‘ਗੁਰੂ ਕੀਆਂ ਲਾਡਲੀਆਂ ਫੌਜਾਂ’ ਵੀ ਕਿਹਾ ਜਾਂਦਾ ਹੈ।
ਨਿਹੰਗ ਸਿੰਘ ਸੰਪ੍ਰਦਾਇ ਤੇ ਪਹਿਲੇ ਆਗੂ ਭਾਈ ਮਾਨ ਸਿੰਘ , ਫਿਰ ਬਾਬਾ ਬੰਦਾ ਸਿੰਘ ਬਹਾਦਰ , ਬਾਬਾ ਦੀਪ ਸਿੰਘ , ਬਾਬਾ ਗੁਰਬਖਸ਼ ਸਿੰਘ ਅਤੇ ਭਾਈ ਦਰਬਾਰਾ ਸਿੰਘ ਦਲ ਖਾਲਸੇ ਦੇ ਮੁਖੀ ਜਥੇਦਾਰ ਰਹੇ। ਬਾਅਦ ਵਿੱਚ ਦਲ ਖਾਲਸਾ ਤੋਂ ਹਿੱਸਿਆ ‘ਚ ਵੰਡਿਆ ਗਿਆ – ਬੁੱਢਾ ਦਲ ਅਤੇ ਤਰਨਾ ਦਲ ।
ਨਵਾਬ ਕਪੂਰ ਸਿੰਘ ਪੰਥ ਦੇ ਮੁੱਖ ਜਥੇਦਾਰ ਹੁੰਦੇ ਸਨ ਤਾਂ ਉਹਨਾਂ ਵੇਲਿਆਂ ‘ਚ ਕੋਡ ਭਾਸ਼ਾ ਦੀ ਜਰੂਰਤ ਮਹਿਸੂਸ ਹੋਈ ਤਾਂ ਨਿਹੰਗ ਸਿੰਘਾਂ ਦੇ ‘ਗੜਗੱਜ ਬੋਲੇ’ ਹੋਂਦ ‘ਚ ਆਏ ਜਿਸ ਦਾ ਦੁਸ਼ਮਣ ਦੇ ਜਾਸੂਸ ਵੀ ਮਤਲਬ ਨਹੀਂ ਸਮਝ ਸਕਦੇ ਸਨ ।
ਨਿਹੰਗ ਸਿੰਘਾਂ ਬਾਰੇ ਉਦੋਂ ਲੋਕ ਦਿਲਾਂ ‘ਚ ਇੱਜ਼ਤ ਅਤੇ ਦੁਸ਼ਮਣਾਂ ਦੇ ਮਨਾਂ ‘ਚ ਖੌਫ਼ ਹੁੰਦਾ ਸੀ ।
ਪੁਰਾਤਨ ਸਮੇਂ ਤੋਂ ਨਿਹੰਗ ਸਿੰਘ ਕਈਆਂ ਸ਼ਹੀਦੀ ਅਸਥਾਨਾਂ ਅਤੇ ਗੁਰਦੁਆਰਿਆਂ ਦੀ ਸੇਵਾ-ਸੰਭਾਲ ਕਰਦੇ ਚਲੇ ਆ ਰਹੇ ਹਨ। ਇਨ੍ਹਾਂ ਦੇ ਡੇਰਿਆਂ ਨੂੰ ਛਾਉਣੀਆਂ ਕਿਹਾ ਜਾਂਦਾ ਹੈ, ਜਿਵੇਂ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਅੰਮ੍ਰਿਤਸਰ, ਸ਼ਹੀਦੀ ਬਾਗ ਆਨੰਦਪੁਰ ਸਾਹਿਬ, ਟਿੱਬਾ ਬਾਬਾ ਨੈਣਾ ਸਿੰਘ ਮੁਕਤਸਰ, ਗੁਦਾਵਰੀ ਨਦੀ ਕੰਢੇ ਨਗੀਨਾ ਘਾਟ ਅਤੇ ਮਾਤਾ ਸੁੰਦਰੀ ਜੀ ਦਾ ਅਸਥਾਨ, ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਮਾਛੀਵਾੜਾ, ਫਰੀਦਕੋਟ, ਪੱਟੀ, ਚੱਬੇ ਪਿੰਡ ਦੇ ਲਾਗੇ ਸ਼ਹੀਦੀ ਅਸਥਾਨ ਬਾਬਾ ਨੌਧ ਸਿੰਘ, ਬਾਬਾ ਬਕਾਲਾ ਅਤੇ ਪਿੰਡ ਸੁਰ ਸਿੰਘ ਆਦਿ ਹਨ। 96 ਕਰੋੜੀ ਚੱਕਰਵਰਤੀ ਬੁੱਢਾ ਦਲ ਦੇ ਮੁੱਖ ਦਫ਼ਤਰ , ਦਮਦਮਾ ਸਾਹਿਬ , ਤਲਵੰਡੀ ਸਾਬੋ ਵਿੱਚ ਹੈ।
ਸਮੇਂ ਸਮੇਂ ‘ਤੇ ਨਿਹੰਗ ਸਿੰਘਾਂ ਦੇ ਕਈ ਧੜੇ ਬਣਦੇ ਗਏ। ਤਰਨਾ ਦਲ , ਬੁੱਢਾ ਦਲ , ਬਿਧੀਚੰਦੀਏ, ਹਰੀਆਂਵਾਲੇ ਵਾਲੇ ਆਦਿ ।
ਇਹਨਾਂ ਜਥੇਬੰਦੀਆਂ ‘ਚ ਅੱਗੇ ਹੋਰ ਧੜੇਬੰਦੀ ਚੱਲਦੀ ਰਹਿੰਦੀ ਹੈ।
ਮੌਜੂਦਾ ਦੌਰ ਵਿੱਚ ਇਹਨਾ ਨਿਹੰਗ ਜਥੇਬੰਦੀਆਂ ਦੇ ਆਗੂਆਂ ਦੀ ਸਾਝਾਂ ਸੱਤਾਧਾਰੀ ਧਿਰ ਪੈ ਚੁੱਕੀਆਂ ਹਨ । ਬਹੁਤ ਸਾਰੇ ਆਗੂ ਗਾਹੇ- ਬਗਾਹੇ ਸਿਆਸੀ ਲੀਡਰਾਂ ਦੇ ਮਨੋਰਥ ਪੂਰੇ ਕਰਨ ਲਈ ਗਲਤ ਕੰਮ ਵੀ ਕਰਦੇ ਹਨ। ਨਿਹੰਗ ਅਜੀਤ ਸਿੰਘ ਪੂਹਲਾ ਕੀਹਦੇ ਤੋਂ ਭੁੱਲਿਆ ਜਿਹੜਾ ਹਰ ਤਰ੍ਹਾਂ ਦਾ ਪੱਠੇ ਕੰਮ ਸਿੱਧੇ ਤੌਰ ਤੇ ਸਰਕਾਰ ਸ਼ਹਿ ‘ਤੇ ਕਰਦਾ ਸੀ ।
ਹੁਣ ਵੀ ਗੁਰੂ ਕਾ ਬਾਣਾ ਪਾ ਕੇ ਬਹੁਤੇ ਨਿਹੰਗ ਕਬਜ਼ੇ ਕਰਵਾਉਣ ਲਈ ਛਾਉਣੀਆਂ ਪਾ ਬਹਿੰਦੇ ਹਨ। ਜਰੂਰਤ ਹੈ ਉਹੀ ਕਿਰਦਾਰ ਨਾਲ ਜੀਣ ਦੀ ਜਿਹੜਾ ਪਹਿਲੇ ਸਮਿਆਂ ‘ਚ ਸਾਡੀ ਕੌਮ ‘ਚ ਹੁੰਦਾ ਸੀ ।
ਮੇਰੇ ਇੱਕ ਦੋਸਤ ਤਹਿਸੀਲਦਾਰ ਨਾਮਦੇਵ ਸਿੰਘ ਸਿੱਧੂ ਦੱਸਦੇ ਸਨ , ‘ ਮੇਰੀ ਬਦਲੀ ਮੁਕਤਸਰ ਦੀ ਹੋਗੀ , ਪਹਿਲੇ ਦਿਨ ਮੈਂ ਗਿਆ , ਇੱਕ ਨਿਹੰਗ ਨੇ ਆ ਕੇ ਫਤਹਿ ਬੁਲਾਈ , ਮੈਂ ਕਿਹਾ ਖਾਲਸਾ ਜੀ ਕੰਮ ਦੱਸੋ , ਉਹ ਕਹਿੰਦਾ , ਜੀ ਮੈਂ ਤਾਂ ਦਰਜਾ ਚਾਰ ਕਰਮਚਾਰੀ ਹਾਂ ਇੱਥੇ , ਫਿਰ ਮੈਂ ਕਿਹਾ , ‘ ਜਾ ਕੇ ਫਲਾਣੇ ਕਮਰੇ ਦੀ ਸਫਾਈ ਕਰ ।
ਨਿਹੰਗ ਕਹਿੰਦਾ , ‘ ਜੀ ਮੇਰੇ ਗੁਰੂ ਕਾ ਬਾਣਾ ਪਾਇਆ।
ਮੈਂ , ‘ ਗੁਰੂ ਸਾਹਿਬ ਨੇ ਕਦੋਂ ਕਿਹਾ ਸੀ , ਬਾਣਾ ਪਾ ਕੇ ਕਿਰਤ ਨਹੀਂ ਕਰਨੀ , ਕੱਲ੍ਹ ਤੋਂ ਜਾਤਾ ਆਦਤ ਬਦਲ ਲੈ ਜਾਂ ਫਿਰ ਬਾਣਾ ਬਦਲ ਲੈ।
ਲਾਡਲੀਆਂ ਫੌਜਾਂ ਦੇ ਮੁਖੀਆਂ ਨੂੰ ਫਿਰ ਆਪਣੇ ਕਿਰਦਾਰ ਵਿੱਚ ਰੂਹ ਫੂਕਣੀ ਪੈਣੀ । ਪੰਥਕ ਰਵਾਇਤਾਂ ਵੱਲ ਧਿਆਨ ਦੇਣ ਦੀ ਜਰੂਰਤ ਹੈ। ਇਹ ਨਹੀਂ ਜੇ ਕਿਸੇ ਨੇ ਗਲਤੀ ਕਰਤੀ ਅਤੇ ਸਰਟੀਫਿਕੇਟ ਜਾਰੀ ਕਰਦੇ ਫਿਰੋ ਇਹ ਨਕਲੀ ਹੈ।

Total Views: 140 ,
Real Estate