31 ਮਾਰਚ ਤੱਕ ਮੁਕੰਮਲ ਹੋ ਜਾਵੇਗਾ ਮੰਡ ਬਾਊਪੁਰ ਦਾ ਸਥਾਈ ਪੁਲ : ਬਾਕੀ ਦੁਨੀਆ ਨਾਲ ਜੁੜਨਗੇ ਟਾਪੂਨੁਮਾ 16 ਪਿੰਡ

ਸੁਲਤਾਨਪੁਰ ਲੋਧੀ, 8 ਫਰਵਰੀ ( ਕੌੜਾ ) – ਸੁਲਤਾਨਪੁਰ ਲੋਧੀ ਦੇ ਮੰਡ ਬਾਊਪੁਰ ਵਿਖੇ ਨਿਰਮਾਣ ਅਧੀਨ ਸਥਾਈ ਪੁਲ 31 ਮਾਰਚ ਤੱਕ ਮੁਕੰਮਲ ਹੋ ਜਾਵੇਗਾ। ਇਹ ਪ੍ਰਗਟਾਵਾ ਹਲਕਾ ਵਿਧਾਇਕ ਸ। ਨਵਤੇਜ ਸਿੰਘ ਚੀਮਾ ਨੇ ਅੱਜ ਇਸ ਪੁਲ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਲੈਣ ਮੌਕੇ ਕੀਤਾ। ਉਨਾਂ ਦੱਸਿਆ ਕਿ 11 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਕਰੀਬ ਇਕ ਕਿਲੋਮੀਟਰ ਲੰਬੇ ਇਸ ਪੁਲ ਦਾ 80 ਫੀਸਦੀ ਤੋਂ ਵੱਧ ਕੰਮ ਮੁਕੰਮਲ ਹੋ ਚੁੱਕਾ ਹੈ। ਉਨਾਂ ਕਿਹਾ ਕਿ ਇਸ ਪੁਲ ਦੇ ਚਾਲੂ ਹੋਣ ਨਾਲ ਮੰਡ ਬਾੳੂਪੁਰ ਟਾਪੂ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਖੇਤਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਬਾਕੀ ਦੁਨੀਆ ਨਾਲ ਸਿੱਧੇ ਤੌਰ ’ਤੇ ਜੁੜ ਜਾਵੇਗਾ। ਉਨਾਂ ਕਿਹਾ ਕਿ ਇਹ ਪੁਲ ਇਸ ਟਾਪੂਨੁਮਾ ਇਲਾਕੇ ਦੇ 16 ਪਿੰਡਾਂ ਲਈ ਵਰਦਾਨ ਸਿੱਧ ਹੋਵੇਗਾ ਅਤੇ ਇਥੋਂ ਦੇ ਕਿਸਾਨਾਂ ਨੂੰ ਆਪਣੀ ਜਿਣਸ ਮੰਡੀਆਂ ਵਿਚ ਲਿਜਾਣ, ਬੱਚਿਆਂ ਨੂੰ ਸਕੂਲ-ਕਾਲਜ ਜਾਣ, ਮਰੀਜ਼ਾਂ ਨੂੰ ਹਸਪਤਾਲ ਲਿਜਾਣ ਅਤੇ ਹੋਰਨਾਂ ਕੰਮਾਂ ਆਦਿ ਲਈ ਵੱਡੀ ਸਹੂਲਤ ਮਿਲ ਜਾਵੇਗੀ। ਉਨਾਂ ਕਿਹਾ ਕਿ ਦਰਿਆ ਪਾਰ ਦੇ ਇਸ ਇਲਾਕੇ ਲਈ ਸੜਕਾਂ ਨਾਲ ਜੁੜਨ ਦਾ ਜ਼ਰੀਆ ਕੁਝ ਮਹੀਨਿਆਂ ਲਈ ਅਸਥਾਈ ਤੌਰ ’ਤੇ ਬਣਾਇਆ ਜਾਂਦਾ ਕੇਵਲ ਪਲਟੂਨ ਪੁਲ ਸੀ, ਜਿਸ ਨੂੰ ਬਰਸਾਤਾਂ ਦੇ ਦਿਨਾਂ ਵਿਚ ਖੋਲ ਦਿੱਤਾ ਜਾਂਦਾ ਸੀ। ਉਨਾਂ ਕਿਹਾ ਕਿ ਪੁਲ ਦੇ ਖੁੱਲਣ ਨਾਲ ਇਥੇ ਵੱਸਦੇ ਲੋਕਾਂ ਨੂੰ ਸ਼ਹਿਰ ਜਾਣ ਲਈ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਉਨਾਂ ਦਾ ਸਹਾਰਾ ਕੇਵਲ ਕਿਸ਼ਤੀ ਹੀ ਸੀ। ਉਨਾਂ ਇਸ ਇਲਾਕੇ ਦੀ ਚਿਰ ਸਥਾਈ ਸਮੱਸਿਆ ਦਾ ਹੱਲ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ, ਜਿਨਾਂ ਨੇ ਮੁਸੀਬਤਾਂ ਦੇ ਮਾਰੇ ਮੰਡ ਖੇਤਰ ਦੇ ਲੋਕਾਂ ਦੀ ਬਾਂਹ ਫੜੀ ਹੈ। ਇਸ ਦੌਰਾਨ ਉਨਾਂ ਲੋਕਾਂ ਵੱਲੋਂ ਦਰਿਆ ਵਿਚ ਸੁੱਟੇ ਗਏ ਮਰੇ ਹੋਏ ਪਸ਼ੂਆਂ ਦਾ ਨੋਟਿਸ ਲੈਂਦਿਆਂ ਉਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਇਸ ਨਾਲ ਜਿਥੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉਥੇ ਦਰਿਆ ਦੇ ਪਾਣੀ ਦੇ ਵਹਾਅ ਵਿਚ ਵੀ ਵਿਘਨ ਪੈ ਰਿਹਾ ਹੈ। ਇਸ ਮੌਕੇ ਐਸੋਸੀਏਟਿਡ ਇੰਜੀਨੀਅਰ ਸਰਬਜੀਤ ਸਿੰਘ ਤੇ ਪਰਮੀਤ ਸਿੰਘ, ਜੇ। ਈ ਨਵਤੇਜ ਸਿੰਘ, ਪਰਮਜੀਤ ਸਿੰਘ, ਰਵਿੰਦਰ ਰਵੀ, ਅਜੀਤ ਸਿੰਘ ਨਿਰਮਲ ਸਿੰਘ, ਹਰਜਿੰਦਰ ਸਿਘ, ਗੁਰਮੀਤ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ, ਪਰਗਟ ਸਿੰਘ, ਗੁਰਵਿੰਦਰ ਸਿੰਘ, ਮੇਜਰ ਸਿੰਘ ਤੋਂ ਇਲਾਵਾ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

Total Views: 126 ,
Real Estate