ਭਾਈ ਘਨੱਈਆ ਦੇ ਵਾਰਸ

ਮੋਹਨ ਸ਼ਰਮਾ

ਆਮ ਕਿਹਾ ਜਾਂਦਾ ਹੈ ਕਿ ਚਾਦਰ ਵੇਖ ਕੇ ਪੈਰ ਪਸਾਰੋ। ਪਰ ਜਦੋਂ ਕੋਈ ਨੇਕ ਕੰਮ ਕਰਨਾ ਹੈ, ਲੋਕਾਂ ਦੇ ਅੱਥਰੂ ਪੁੰਜਣ ਲਈ ਯਤਨਸ਼ੀਲ ਹੋਣਾ ਹੈ, ਲੋੜਵੰਦਾਂ ਦੀਆਂ ਲੋੜਾਂ ਨੂੰ ਆਪਣੀਆਂ ਨਿੱਜੀ ਲੋੜਾਂ ਨਾਲ ਜੋੜਨਾ ਹੈ, ਉਨ੍ਹਾਂ ਦੇ ਦੁੱਖ, ਤਕਲੀਫ਼ਾਂ ਅਤੇ ਦਰਦਾਂ ਨੂੰ ਆਪਣੇ ਮਨ ਦੇ ਪਿੰਡੇ ਤੇ ਹੰਢਾਉਣ ਲਈ ਅਗਾਂਹ ਆਉਣਾ ਹੈ, ਜਦੋਂ ਹੋਰਾਂ ਦੀ ਭੁੱਖ ਮਿਟਾਉਣ ਲਈ ਆਪਣੇ ਸਾਹਮਣੇ ਪਈ ਥਾਲੀ ਚੋਂ ਕੁੱਝ ਭੋਜਣ ਚੁੱਕ ਕੇ ਕਿਸੇ ਹੋਰ ਭੁੱਖੇ ਨੂੰ ਦੇਣ ਲਈ ਕਦਮ ਉਠਾਉਣੇ ਹਨ, ਫਿਰ ਚਾਦਰ ਵਿਛਾਉਣ ਲਈ ਪੈਰ ਵੇਖਣ ਦੀ ਲੋੜ ਨਹੀਂ, ਹਿੰਮਤ ਚਾਹੀਦੀ ਹੈ। ਚਾਦਰ ਆਪਣੇ-ਆਪ ਵੱਡੀ ਹੁੰਦੀ ਜਾਵੇਗੀ। ਅਜਿਹੇ ਨੇਕ ਕੰਮਾਂ ਲਈ ਅਪੰਗਤਾਂ ਵੀ ਰੋੜਾ ਨਹੀਂ ਬਣਦੀ, ਬੱਸ, ਮਨ ਅਰੋਗ ਹੋਣਾ ਚਾਹੀਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪਿਤਾ ਵੱਲੋਂ ਦਿੱਤੇ 20 ਰੁਪਇਆਂ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਕੇ ਮੁਨਾਫ਼ੇ ਵਾਲਾ ਵਿਉਪਾਰ ਕਿਹਾ ਸੀ ਅਤੇ ਭੱਗਤ ਪੂਰਨ ਸਿੰਘ ਜੀ ਆਪਣੇ ਹੱਥ ਵਿੱਚ ਫੜ੍ਹੇ ਬਾਟੇ ਨੂੰ ਲੋਕਾਂ ਸਾਹਵੇਂ ਕਰਦਿਆਂ ਸੁਨੇਹਾ ਦਿੰਦੇ ਸਨ ਕਿ ਆਪਣੇ ਲਈ ਮੰਗਣ ਵਾਲਾ ਮੰਗਤਾ ਹੁੰਦਾ ਹੈ, ਪਰ ਆਪਣੇ ਲਈ ਨਹੀਂ ਸਗੋਂ ਲੋੜਵੰਦਾਂ ਦੀ ਮੱਦਦ ਲਈ ਮੰਗਣ ਵਾਲੇ ਨੂੰ ‘ਦਾਤਾ’ ਕਿਹਾ ਜਾਂਦਾ ਹੈ। ਅੱਜ ਦੇ ਪਦਾਰਥਵਾਦੀ ਯੁਗ ਵਿੱਚ ਭਾਵੇਂ ਅਫ਼ਰਾ-ਤਫ਼ਰੀ ਭਾਰੂ ਹੈ। ਨਿੱਜ ਤੋਂ ਨਿੱਜ ਦੇ ਸਫ਼ਰ ਨੇ ਵਿਅਕਤੀ ਨੂੰ ਲੋਭੀ, ਹੰਕਾਰੀ, ਖੁਦਗਰਜ਼ ਅਤੇ ਚਾਪਲੂਸ ਬਣਾ ਦਿੱਤਾ ਹੈ, ਪਰ ਘੁੱਪ ਹਨੇਰੇ ਵਿੱਚ ਅਜਿਹੇ ਦੀਵੇ ਵੀ ਹਨ ਜਿਹੜੇ ਹਨੇਰਿਆਂ ਨੂੰ ਚੀਰ ਕੇ ਚਾਨਣ ਵੰਡਣ ਲਈ ਯਤਨ ਸ਼ੀਲ ਹਨ। ਮਾਲਵੇ ਦੇ ਤਲਵੰਡੀ ਸਾਬੋ ਇਲਾਕੇ ਦੇ ਪਿੰਡ ਕੌਰੇਆਣਾ ਦੇ ਅੰਗ ਹੀਣ ਨੌਜਵਾਨ ਗੁਰਜੰਟ ਸਿੰਘ ਨੇ ਆਪਣੇ ਕੁਝ ਸਾਥੀਆਂ ਦੇ ਕਾਫ਼ਲੇ ਨਾਲ ਕੈਂਸਰ ਪੀੜਤ ਪਰਿਵਾਰਾਂ ਦੀ ਮੱਦਦ ਕਰਨ ਲਈ ਮਿਸ਼ਾਲੀ ਬੀੜਾ ਚੁੱਕਿਆ ਹੈ।
ਗੁਰਜੰਟ ਸਿੰਘ ਦੀ ਖੱਬੀ ਬਾਂਹ ਕੱਟੀ ਹੋਈ ਹੈ ਅਤੇ ਉਹ ਲਾਗਲੇ ਪਿੰਡਾਂ ਵਿੱਚ ਅਖ਼ਬਾਰ ਵੰਡਣ ਦਾ ਕੰਮ ਕਰਦਾ ਹੈ। ਉਸ ਨੂੰ 2014 ਵਿੱਚ ਆਪਣੇ ਨਜ਼ਦੀਕੀ ਕੈਂਸਰ ਪੀੜਤ ਰਿਸ਼ਤੇਦਾਰ ਨਾਲ ਬਠਿੰਡਾ ਤੋਂ ਬੀਕਾਨੇਰ ਜਾਣ ਵਾਲੀ ਕੈਂਸਰ ਐਕਸਪ੍ਰੈਸ ਵਿੱਚ ਸਫ਼ਰ ਕਰਨਾ ਪਿਆ। ਗੱਡੀ ਦੇ ਖਚਾ-ਖਚ ਭਰੇ ਡੱਬਿਆਂ ਵਿੱਚ ਕੈਂਸਰ ਨਾਲ ਪੀੜਤ ਮਰੀਜ਼ ਅਤੇ ਉਨ੍ਹਾਂ ਨਾਲ ਸੋਗੀ ਜਿਹੇ ਚਿਹਰਿਆਂ ਵਾਲੇ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਵੇਖ ਕੇ ਉਸਦੇ ਕੋਮਲ ਮਨ ਤੇ ਗਹਿਰਾ ਪ੍ਰਭਾਵ ਪਿਆ ਅਤੇ ਬਦੋ-ਬਦੀ ਉਨ੍ਹਾਂ ਦੀ ਤੰਦਰੁਸਤੀ ਲਈ ਸੱਜਾ ਹੱਥ ਖੱਬੇ ਹੱਥ ਦੇ ਟੁੰਡ ਨਾਲ ਜੁੜ ਕੇ ਦੁਆ ਕਰਨ ਲੱਗ ਪਿਆ। ਬੀਕਾਨੇਰ ਦੇ ਕੈਂਸਰ ਹਸਪਤਾਲ ਵਿੱਚ ਜਾਕੇ ਉਸਨੂੰ ਜਿੱਥੇ ਮਰੀਜਾਂ ਦੀਆਂ ਦਿਲ ਚੀਰਵੀਆਂ ਚੀਖਾਂ, ਬਿਮਾਰੀ ਕਾਰਨ ਆਰਥਿਕ ਪੱਖ ਤੋਂ ਖੁੰਗਲ ਹੋਏ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਨਿਘਰਦੀ ਹਲਤ ਨੇ ਝੰਜੋੜਿਆ ਅਤੇ ਅੰਤਾਂ ਦੀ ਮਹਿੰਗਾਈ ਵਿੱਚ ਮਹਿੰਗੀ ਰੋਟੀ ਦੇ ਹੋ ਰਹੋ ਖਰਚ ਨੂੰ ਵੇਖਕੇ ਉਹਦਾ ਕੋਮਲ ਮਨ ਕੁਰਲਾ ਉੱਠਿਆ ਅਤੇ ਉਸ ਨੇ ਵਾਰਡ ਵਿੱਚ ਘੁੰਮਦਿਆਂ ਹੀ ਦ੍ਰਿੜ ਸੰਕਲਪ ਕਰ ਲਿਆ ਕਿ ਮਰੀਜਾਂ ਅਤੇ ਆਸਰਿਤਾਂ ਦੇ ਰੋਟੀ ਪਾਣੀ ਦਾ ਪ੍ਰਬੰਧ ਉਹ ਆਪ ਕਰੇਗਾ। ਪਿੰਡ ਕੌਰੇਆਣਾ ਵਾਪਸ ਆਕੇ ਉਸਨੇ ਆਪਣੇ ਵਰਗੇ ਸੁਹਿਰਦ ਅਤੇ ਕਰਮਸ਼ੀਲ ਸਾਥੀਆਂ ਨਾਲ ਗੱਲ ਕੀਤੀ। ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਵੈਲਫੇਅਰ ਸੁਸਾਇਟੀ ਹੋਂਦ ਵਿੱਚ ਲਿਆਂਦੀ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦਾਰਾ ਸਿੰਘ ਨੂੰ ਇਸ ਵੈਲਫੇਅਰ ਸੁਸਾਇਟੀ ਦਾ ਪ੍ਰਧਾਨ ਬਣਾਕੇ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਪੰਦਰਾਂ ਕੁ ਨੌਜਵਾਨ ਜੋ ਗੁਰਜੰਟ ਸਿੰਘ ਵਾਂਗ ਹੀ ਕਿਰਤੀ ਵਰਗ ਨਾਲ ਸਬੰਧਤ ਹਨ ਅਤੇ ਪੇਟ ਪੂਰਤੀ ਲਈ ਛੋਟੇ ਮੋਟੇ ਕੰਮ ਕਰਦੇ ਹਨ, ਇਸ ਕਾਫ਼ਲੇ ਦਾ ਅੰਗ ਬਣ ਗਏ। ਕੁਝ ਹੀ ਦਿਨਾਂ ਵਿੱਚ ਰਾਸ਼ਨ ਇਕੱਠਾ ਕਰਕੇ 2 ਟਰੈਕਟਰ ਟਰਾਲੀਆਂ ਵਿੱਚ ਲੱਦ ਲਿਆ ਅਤੇ 325 ਕਿਲੋਮੀਟਰ ਦਾ ਸਫ਼ਰ ਤਹਿ ਕਰਕੇ ਬੀਕਾਨੇਰ ਕੈਂਸਰ ਹਸਪਤਾਲ ਦੇ ਲਾਗੇ ਸੜਕ ਤੇ ਹੀ ਲੰਗਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਇਹ ਲੰਗਰ ਲਗਾਤਾਰ 57 ਦਿਨ ਜਾਰੀ ਰੱਖਿਆ। ਉੱਥੋਂ ਦੇ ਕਾਰੋਬਾਰੀ ਨੇ ਉਨ੍ਹਾਂ ਦੇ ਲੋਕ ਸੇਵਾ ਦੇ ਜਜ਼ਬੇ ਨੂੰ ਵੇਖਕੇ ਉਨ੍ਹਾਂ ਲਈ ਧਰਮਸ਼ਾਲਾ ਦੇ ਦਰਵਾਜੇ ਖੋਲ੍ਹ ਦਿੱਤੇ ਅਤੇ ਫਿਰ ਲੰਗਰ ਸੜਕ ਦੀ ਥਾਂ ਉਸ ਧਰਮਸ਼ਾਲਾ ਵਿੱਚ ਤਿਆਰ ਹੋਣ ਲੱਗ ਪਿਆ। ਸਥਾਨਕ ਲੋਕ ਵੀ ਇਸ ਨੇਕ ਕਾਰਜ ਵਿੱਚ ਉਨ੍ਹਾਂ ਦੇ ਨਾਲ ਜੁੜਦੇ ਗਏ। ਮਰੀਜਾਂ ਲਈ ਗਰਮ-ਗਰਮ ਖਿਚੜੀ ਅਤੇ ਆਸ਼ਰਿਤਾਂ ਲਈ ਭੋਜਨ ਹਸਪਤਾਲ ਵਿੱਚ ਮਰੀਜਾਂ ਦੇ ਬੈਡਾਂ ਤੱਕ ਪੁਚਾਉਣ ਦੀ ਜੁੰਮੇਵਾਰੀ ਵੀ ਉਨ੍ਹਾਂ ਨੇ ਆਪ ਸੰਭਾਲੀ। ਨੌਜਵਾਨਾਂ ਨਾਲ ਰੋਟੀ ਤਿਆਰ ਕਰਨ ਲਈ ਔਰਤਾਂ ਦੀ ਗਿਣਤੀ ਘੱਟ ਹੋਣ ਕਾਰਨ ਉਨ੍ਹਾਂ ਨੂੰ ਦਿੱਕਤ ਆ ਰਹੀ ਸੀ। ਇਸ ਦਿੱਕਤ ਨੂੰ ਦੂਰ ਕਰਨ ਲਈ ਇਨ੍ਹਾਂ ਪੰਦਰਾਂ ਨੌਜਵਾਨਾਂ ਨੇ ਪੱਚੀ-ਪੱਚੀ ਹਜ਼ਾਰ ਦਾ ਬੈਂਕ ਤੋਂ ਕਰਜ਼ਾ ਲੈਕੇ ਰੋਟੀ ਤਿਆਰ ਕਰਨ ਵਾਲੀ ਮਸ਼ੀਨ ਖਰੀਦੀ ਅਤੇ ਲਗਾਤਾਰ ਲੰਗਰ ਜਾਰੀ ਰੱਖਣ ਦੇ ਦ੍ਰਿੜ ਸੰਕਲਪ ਨੂੰ ਅਮਲੀ ਰੂਪ ਦੇ ਦਿੱਤਾ। ਇਸਸ ਨੇਕ ਕਾਰਜ ਲਈ ਕੌਰੇਆਣਾ ਪਿੰਡ ਦੇ ਨਾਲ ਨਾਲ ਆਲੇ ਦੁਆਲੇ ਦੇ 15 ਪਿੰਡਾਂ ਦੇ ਲੋਕ ਵੀ ਗੁਰਜੰਟ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਜੁੜ ਗਏ। ਗੁਰਜੰਟ ਸਿੰਘ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਬੀਕਾਨੇਰ ਦੇ ਕੈਂਸਰ ਹਸਪਤਾਲ ਵਿੱਚ ਸੇਵਾ ਕਰਨ ਸਮੇਂ ਪਿੰਡਾਂ ਵਿੱਚ ਅਖ਼ਬਾਰ ਕੌਣ ਵੰਡਦਾ ਹੈ? ਉਸਨੇ ਚਿਹਰੇ ਤੇ ਤੈਰਦੀ ਨਿਰਛਲ ਮੁਸਕਰਾਹਟ ਨਾਲ ਜਵਾਬ ਦਿੱਤਾ, “‘‘ ਮੇਰਾ ਦੁਜਾ ਭਰਾ ਟੇਲਰ ਮਾਸਟਰ ਹੈ। ਮੇਰੀ ਗੈਰ ਹਾਜ਼ਰੀ ਵਿੱਚ ਉਹ ਨਾਲ ਨਾਲ ਮੇਰੇ ਵਾਲਾ ਕੰਮ ਵੀ ਕਰ ਲੈਂਦਾ ਹੈ। ਵਾਹਿਗੁਰੂ ਸਾਡੇ ਅੰਗ-ਸੰਗ ਹੈ।’’
ਗੁਰਜੰਟ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਸਮਰੱਪਤ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਾਹਵੇਂ ਰੱਖ ਕੇ ਅਜਿਹੀਆਂ ਸਖਸ਼ੀਅਤਾਂ ਬਾਰੇ ਹੀ ਕਿਸੇ ਵਿਦਵਾਨ ਨੇ ਲਿਖਿਆ ਹੈ, ‘‘ ਚੰਗੇ ਲੋਕ ਸੜਕ ਕਿਨਾਰੇ ਲੱਗੀ ਸ਼ਟਰੀਟ-ਲਾਈਟ ਦੀ ਤਰ੍ਹਾਂ ਹੁੰਦੇ ਹਨ ਜੋ ਫਾਸਲਾਂ ਤਾਂ ਘੱਟ ਨਹੀਂ ਕਰਦੇ, ਪਰ ਰਸਤੇ ਨੂੰ ਰੋਸ਼ਨੀ ਨਾਲ ਭਰ ਦਿੰਦੇ ਹਨ। ਅਜਿਹੇ ਵਿਅਕਤੀ ਖੁਦਗਰਜ਼ੀ ਦੇ ਬੋਝ ਨਾਲ ਦੱਬੇ ਨਹੀਂ ਹੁੰਦੇ, ਸਗੋਂ ਆਪਣਾ ਆਪ ਹੋਰਾਂ ਨੂੰ ਸਮਰੱਪਤ ਕਰਕੇ ਫੁੱਲਾਂ ਵਾਂਗ ਨੇਕ ਕੰਮਾਂ ਦੀ ਖੁਸਬੂ ਵੰਡ ਕੇ ਆਲਾ-ਦੁਆਲਾ ਮਹਿਕਾ ਦਿੰਦੇ ਹਨ। ’’ ਨੇਕ ਕਾਰਜ਼ ਦੇ ਸਫ਼ਰ ਤੇ ਚੱਲ ਰਹੇ ਗੁਰਜੰਟ ਸਿੰਘ ਅਤੇ ਉਸਦੇ ਸਾਥੀਆਂ ਨੂੰ ਸਲਾਮ ਅਤੇ ਢੇਰ ਸਾਰੀਆਂ ਦੁਆਵਾਂ !!
ਨੋਟ : ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਵੈੱਲਫੇਅਰ ਸੁਸਾਇਟੀ ਵੱਲੋਂ ਦਿੱਤਾ ਗਿਆ ਇਸ਼ਤਿਹਾਰ।

ਪ੍ਰੋਜੈਕਟ ਡਾਇਰੈਕਟਰ
ਨਸ਼ਾ ਛੁਡਾਊ ਕੇਂਦਰ,ਸੰਗਰੂਰ
ਮੋ: 94171-48866

Total Views: 75 ,
Real Estate