ਗਰੀਬੀ ਦਾ ਦੁਖਾਂਤ

ਸੀਤੇ ਸੁਨਿਆਰ ਦੀ ਜਾਤੀ ਭਾਵੇਂ ਉੱਚੀ ਮੰਨੀ ਜਾਂਦੀ ਸੀ, ਸੁਨਿਆਰ ਸਬਦ ਸੁਣਨ ਸਾਰ ਇਉਂ ਲਗਦੈ ਕਿ ਉਸਦੇ ਪਰਿਵਾਰ ਦੇ ਬੱਚੇ ਤਾਂ ਸੋਨੇ ’ਚ ਹੀ ਖੇਡਦੇ ਹੋਣਗੇ, ਪਰ ਕਿਸੇ ਜਾਤ ਦਾ ਉਸ ਨਾਲ ਸਬੰਧਤ ਪਰਿਵਾਰਾਂ ਤੇ ਬਰਾਬਰ ਦਾ ਅਸਰ ਨਹੀਂ ਹੁੰਦਾ। ਸੀਤਾ ਅੱਤ ਦਰਜੇ ਦਾ ਗਰੀਬ ਵਿਅਕਤੀ ਸੀ, ਉਹ ਆਪਣੇ ਪਿੰਡ ਸਰਾਵਾਂ ਵਿਖੇ ਇੱਕ ਛੋਟੀ ਜਿਹੀ ਦੁਕਾਨ ਕਰਦਾ ਸੀ। ਉਸਦੀ ਦੁਕਾਨ ਵਿੱਚ ਪੰਜ ਚਾਰ ਪੀਪੇ, ਪੁਰਾਣੀ ਜਿਹੀ ਤੱਕੜੀ, ਪੁਰਾਣੇ ਸੇਰ ਤੋਲ ਵਾਲੇ ਵੱਟੇ ਅਤੇ ਛੋਟਾ ਤੋਲ ਤੋਲਣ ਲਈ ਇੱਟਾਂ ਦੇ ਰੋੜੇ ਘਸਾ ਕੇ ਬਣਾਏ ਤੋਲ ਵੱਟੇ ਤੇ ਇੱਕ ਵਹੀ ਉਧਾਰ ਲਿਖਣ ਵਾਲੀ ਉਸਦੀ ਦੁਕਾਨ ਦੀ ਅਸਲ ਜਾਇਦਾਦ ਸੀ। ਪੇਂਡੂ ਘਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਦਾਲਾਂ ਘਿਓ ਤੇਲ ਗੁੜ ਤੋਂ ਇਲਾਵਾ ਉਹ ਮਾਚਿਸਾਂ ਤੇ ਬੀੜੀਆਂ ਸਿਗਰਟਾਂ ਵੀ ਰਖਦਾ ਸੀ, ਜੋ ਸਿੱਖਾਂ ਦੀ ਬਹੁਤਾਤ ਵਾਲਾ ਪਿੰਡ ਹੋਣ ਕਰਕੇ ਉਹ ਲੁਕਾ ਕੇ ਹੀ ਰਖਦਾ, ਪਰ ਇਸਦੇ ਖਰੀਦਦਾਰ ਪਹੁੰਚਦੇ ਤਾਂ ਉਹ ਅਖ਼ਬਾਰ ਦੇ ਬਣੇ ਲਫ਼ਾਫੇ ਵਿੱਚ ਬੰਦ ਕਰਕੇ ਫੜਾ ਦਿੰਦਾ। ਇਸਤੋਂ ਇਲਾਵਾ ਬੱਚਿਆਂ ਦੇ ਖਾਣ ਵਾਲੀਆਂ ਸੰਤਰੇ ਦੀਆਂ ਗੋਲੀਆਂ ਜਾਂ ਚੌਲਾਂ ਦਾ ਮਰੂੰਡਾ ਤੇ ਗੁੜ ਦੀ ਗੱਚਕ ਵੀ ਰਖਦਾ, ਜਿਸਨੂੰ ਖਰੀਦਣ ਲਈ ਨੇੜੇ ਦੇ ਦਲਿਤ ਵਿਹੜੇ ਦੇ ਬੱਚੇ ਕਪਾਹ ਨਰਮੇ ਦੀਆਂ ਛਟੀਆਂ ਚੋਂ ਫੁੱਟੀਆਂ ਚੁਗ ਕੇ ਜਾਂ ਕਣਕ ਦੀ ਵਢਾਈ ਵੇਲੇ ਹੇਠਾਂ ਡਿੱਗੀਆਂ ਬੱਲੀਆਂ ਇਕੱਠੀਆਂ ਕਰਕੇ, ਕੁੱਟ ਕੇ ਦਾਣੇ ਕੱਢ ਕੇ ਲਿਆਉਦੇ ਤੇ ਮਰੂੰਡਾ ਗੋਲੀਆਂ ਲੈ ਜਾਂਦੇ। ਭਾਵੇਂ ਉਹ ਵੱਡਾ ਦੁਕਾਨਦਾਰ ਤਾਂ ਨਹੀਂ ਸੀ, ਪਰ ਘਰ ਦਾ ਗੁਜਾਰਾ ਚੰਗਾ ਚਲਾਈ ਜਾਂਦਾ ਸੀ, ਪਰਿਵਾਰ ਦੋ ਡੰਗ ਦੀ ਰੋਟੀ ਵਧੀਆ
ਖਾਂਦਾ ਸੀ। ਸੀਤੇ ਦੇ ਦੋ ਪੁੱਤਰੀਆਂ ਸਨ, ਜਿਹਨਾਂ ਨੂੰ ਉਸਨੇ ਪਿੰਡ ਦੇ ਸਰਕਾਰੀ ਸਕੂਲ ’ਚ ਪੜ੍ਹਣ ਲਾਇਆ, ਪਰ ਪੰਜਵੀਂ ਤੋਂ ਅੱਗੇ ਉਹਨਾਂ ਨੂੰ ਪੜ੍ਹਾ ਨਾ ਸਕਿਆ।
ਸਮਾਂ ਆਪਣੀ ਰਫ਼ਤਾਰ ਤੁਰਿਆ ਜਾ ਰਿਹਾ ਸੀ, ਸੀਤੇ ਦੀਆਂ ਕੁੜੀਆਂ ਜਵਾਨੀ ’ਚ ਪੈਰ ਧਰ ਰਹੀਆਂ ਸਨ, ਸੁਨਿਆਰ ਜਾਤੀ ਨੂੰ ਰੱਬ ਨੇ ਸੁਹੱਪਣ ਵੀ ਬਹੁਤ ਬਖਸਿਆ ਹੋਇਆ ਹੈ। ਹੁਣ ਉਸਦੀ ਵੱਡੀ ਪੁੱਤਰੀ ਕੁਲਵੰਤ ਕੌਰ, ਜਿਸਨੂੰ ਘਰ ਵਿੱਚ ਪਿਆਰ ਨਾਲ ਕੰਤੀ ਕਹਿੰਦੇ ਸਨ, ਸੋਹਲਵੇਂ ਸਾਲ ਵਿੱਚ ਦਾਖਲ ਹੋ ਗਈ ਸੀ। ਗੋਰਾ ਨਿਛੋਹ ਰੰਗ, ਤਿੱਖੇ ਨੈਣ ਨਖ਼ਸ, ਮੋਟੀ ਅੱਖ, ਪਤਲੇ ਬੁੱਲ੍ਹ, ਛਾਟਵਾਂ ਸਰੀਰ, ¦ਬਾ ਕੱਦ ਉਸਨੂੰ ਵੇਖਿਆਂ ਇਉਂ ਲਗਦਾ ਸੀ ਕਿ ਉਸਨੂੰ ਤਰਾਸ਼ਣ ਵੇਲੇ ਰੱਬ ਨੇ ਕੋਈ ਕਸਰ ਬਾਕੀ ਛੱਡੀ ਹੀ ਨਹੀਂ। ਉਹ ਉਸ ਵੇਲੇ ਦੀਆਂ ਫਿਲਮੀ ਕਲਾਕਾਰਾਂ ਤੋਂ ਰੂਪ ਪੱਖੋਂ ਘੱਟ ਨਹੀ ਸੀ ਦਿਖਾਈ ਦਿੰਦੀ। ਗਰੀਬੀ ਕਾਰਨ ਸੀਤੇ ਦਾ ਘਰ ਬਹੁਤ ਛੋਟਾ ਸੀ, ਪਿੱਛੇ ਛੋਟੀ ਜਿਹੀ ਸਬਾਤ ਤੇ ਬਰਾਂਡਾ, ਅੱਗੇ ਚਾਰ ਕੁ ਮੰਜੀਆਂ ਦਾ ਵਿਹੜਾ ਤੇ ਉਸਤੋ ਅੱਗੇ ਉਹੋ ਬੈਠਕ, ਜਿਸ ’ਚ ਉਸਨੇ ਦੁਕਾਨ ਬਣਾ ਰੱਖੀ ਸੀ, ਘਰ ਅੰਦਰ ਜਾਣ ਲਈ ਵੀ ਦੁਕਾਨ ਵਿਚਦੀ ਹੀ ਲੰਘਣਾ ਪੈਂਦਾ ਸੀ। ਦੁਕਾਨ ਦਾ ਦਰਵਾਜਾ ਹਰ ਸਮੇਂ ਖੁਲ੍ਹਾ ਰਹਿੰਦਾ, ਸੀਤਾ ਗਾਹਕਾਂ ਦੀ ਉਡੀਕ ਕਰਦਾ ਬੈਠਾ ਵੀਹੀ ਵੱਲ ਝਾਕਦਾ ਰਹਿੰਦਾ, ਉਸਦੀ ਪਤਨੀ ਘਰ ਦਾ ਕੰਮ ਕਾਰ ਕਰਦੀ ਅਤੇ ਕੰਤੀ ਆਪਣੀ ਛੋਟੀ ਭੈਣ ਨਾਲ ਵਿਹੜੇ ਵਿੱਚ ਬੈਠੀ ਮਾੜੇ ਮੋਟੇ ਕੱਢਣ ਕੱਤਣ ਦੇ ਆਹਰੇ ਲੱਗੀ ਰਹਿੰਦੀ, ਕਿਉਂਕਿ ਪਰਿਵਾਰ ਨੂੰ ਇਹ ਫਿਕਰ ਤਾਂ ਸਤਾ ਹੀ ਰਿਹਾ ਸੀ ਕਿ ਭਾਵੇਂ ਕਿੰਨੀ ਵੀ ਗਰੀਬੀ ਹੋਵੇ ਦਹੇਜ ਵਿੱਚ ਕੁਝ ਨਾ ਕੁਝ ਲੀੜਾ ਲੱਤਾ ਤਾਂ ਦੇਣਾ ਹੀ ਪੈਣਾ ਹੈ।
ਕੰਤੀ ਦੇ ਸੁਹੱਪਣ ਦੀਆਂ ਹੁਣ ਪਿੰਡ ਵਿੱਚ ਗੱਲਾਂ ਹੀ ਨਹੀਂ ਹੋਣ ਲੱਗੀਆਂ ਬਲਕਿ ਧੁੰਮਾਂ ਪੈ ਗਈਆਂ, ਕੋਈ ਉਸਦੀ ਤੁਲਣਾ ਹੀਰ ਨਾਲ ਕਰਦਾ, ਕੋਈ ਸੋਹਣੀ ਨਾਲ ਅਤੇ ਕੋਈ ਫਿਲਮੀ ਕਲਾਕਾਰਾਂ ਹੈਲਣ, ਰੇਖਾ ਜਾਂ ਹੇਮਾ ਮਾਲਨੀ ਨਾਲ ਕਰਦਾ। ਨੌਜਵਾਨ ਮੁੰਡਿਆਂ ਦੇ ਤਾਂ ਉਸਨੇ ਦਿਲ ਇੱਕ ਤਰ੍ਹਾਂ ਲੂਹ ਕੇ ਰੱਖ ਦਿੱਤੇ, ਹੁਣ ਸੀਤੇ ਦੀ ਦੁਕਾਨ ਅੱਗੋਂ ਦੀ ਗੇੜੇ ਮਾਰਨ ਵਾਲੇ ਮੁੰਡਿਆਂ ਦੀ ਗਿਣਤੀ ਵਧਣ ਲੱਗੀ। ਕਈ ਦੁਕਾਨ ਵਿੱਚ ਵੜ੍ਹ ਕੇ ਅਜਿਹੀ ਵਸਤੂ ਦੀ ਮੰਗ ਕਰਦੇ ਜੋ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਇੱਥੋਂ ਮਿਲਣੀ ਤਾਂ ਹੈ ਹੀ ਨਹੀ, ਪਰ ਉਹਨਾਂ ਦੀ ਮਨਸ਼ਾ ਵੀ ਕੁਝ ਖਰੀਦਣ ਦੀ ਤਾਂ ਹੁੰਦੀ ਨਹੀਂ ਸੀ, ਸਗੋਂ ਵਿਹੜੇ ’ਚ ਬੈਠੀ ਕੰਤੀ ਦੇ ਰੂਪ ਦੀ ਇੱਕ ਝਲਕ ਲੈਣ ਦੀ ਹੀ ਹੁੰਦੀ ਸੀ, ਜੋ ਉਹਨਾਂ ਨੂੰ ਮਿਲ ਜਾਂਦੀ ਤੇ ਦੁਕਾਨ ਚੋਂ ਇਉਂ ਮੁੜਦੇ ਜਿਵੇਂ ਹਫ਼ਤੇ ਭਰ ਦੀ ਖੁਰਾਕ ਲੈ ਕੇ ਜਾ ਰਹੇ ਹੋਣ। ਕੋਈ ਗੱਭਰੂ ਸੰਤਰੇ ਦੀਆਂ ਗੋਲੀਆਂ ਮੰਗਦਾ, ਸੀਤਾ ਡੱਬੇ ਚੋਂ ਗੋਲੀਆਂ ਕੱਢ ਕੇ ਗਿਣਦਾ ਤੇ ਗੱਭਰੂ ਚਾਦਰ ਦੀ ਕਢਾਈ ਕਰ ਰਹੀ ਕੰਤੀ ਵੱਲੋਂ ਪਾਏ ਜਾ ਰਹੇ ਤੋਪੇ ਗਿਣਦਾ ਰਹਿੰਦਾ।
ਸੀਤਾ ਵਧ ਰਹੇ ਗਾਹਕਾਂ ਤੋਂ ਖੁਸ਼ ਹੋ ਰਿਹਾ ਸੀ, ਉਸ ਭੋਲੇ ਭਾਲੇ ਗਰੀਬ ਦੁਕਾਨਦਾਰ ਨੂੰ ਇਹ ਇਲਮ ਨਹੀਂ ਸੀ, ਕਿ ਇਹ ਗਾਹਕ ਤੇਰੀ ਦੁਕਾਨ ਵਿਚਲਾ ਨਹੀਂ ਘਰ ਅੰਦਰਲਾ ਸੌਦਾ ਖਰੀਦਣ ਦੀ ਆਸ ਨਾਲ ਆਉਂਦੇ ਹਨ। ਜਦੋਂ ਧੀ ਜਵਾਨੀ ਵਿੱਚ ਪੈਰ ਧਰਦੀ ਹੈ ਤਾਂ ਮਾਂ ਨੂੰ ਵਧੇਰੇ ਫਿਕਰ ਹੁੰਦੈ, ਉਹ ਆਪਣੀ ਧੀ ਦੇ ਬੈਠਣ, ਬੋਲਣ ਚੱਲਣ, ਕੰਮ ਕਰਨ ਦੀ ਸਮਰੱਥਾ ਦੀ ਤਬਦੀਲੀ, ਤੱਕਣੀ, ਕੰਮ ਦੀ ਰੁਚੀ ਵੱਲ ਉਚੇਚਾ ਧਿਆਨ ਰਖਦੀ ਹੈ। ਹੁਣ ਕੰਤੀ ਦਾ ਵੀ ਕੰਮ ਕਾਰ ਵੱਲ ਦਿਲ ਨਹੀਂ ਸੀ ਲਗਦਾ, ਮਾਂ ਵੱਲੋਂ ਪੁੱਛਣ ਤੇ ਵੀ ਉਹ ਖਿਝ ਕੇ ਬੋਲਦੀ, ਜਿਸਨੇ ਮਾਂ ਦਾ ਫਿਕਰ ਵਧਾ ਦਿੱਤਾ। ਥੋੜਾ ਜਿਹਾ ਧਿਆਨ ਵਧਾਉਣ ਤੇ ਉਸਦਾ ਸ਼ੱਕ ਸੱਚ ਹੀ ਨਿਕਲਿਆ ਕਿ ਦੁਕਾਨ ਵਿੱਚ ਸੌਦਾ ਲੈਣ ਆਉਂਦੇ ਗੱਭਰੂ ਕੰਤੀ ਤੇ ਆਪਣਾ ਅਸਰ ਛੱਡ ਰਹੇ ਸਨ, ਜਿਸਦਾ ਕੰਤੀ ਤੇ ਪ੍ਰਭਾਵ ਪੈ ਰਿਹਾ ਸੀ। ਵੇਲੇ ਕੁਵੇਲੇ ਉਸਨੇ ਇਹ ਗੱਲ ਸੀਤੇ ਦੇ ਕੰਨ ਵਿੱਚ ਪਾ ਦਿੱਤੀ, ਕਿ ਕੰਤੀ ਹੁਣ ਸੁਖ ਨਾਲ ਮੁਟਿਆਰ ਹੋ ਗਈ ਐ, ਇਹ ਜਿਹਨਾਂ ਮੁੰਡਿਆਂ ਨੂੰ ਤੂੰ ਆਪਣੀ ਦੁਕਾਨ ਦੇ ਗਾਹਕ ਸਮਝਦੈਂ, ਇਹ ਤੇਰੇ ਘਰ ਦੇ ਅੰਦਰ ਦੀ ਝਲਕ ਲਈ ਆਉਂਦੇ ਲਗਦੇ ਨੇ, ਇਸ ਪਾਸੇ ਖਿਆਲ ਕਰ। ਹੁਣ ਜਦ ਕੋਈ ਨੌਜਵਾਨ ਮੁੰਡਾ ਸੌਦਾ ਖਰੀਦਣ ਆਉਂਦਾ ਤਾਂ ਸੀਤਾ ਵਸਤਾਂ ਦੀ ਗਿਣਤੀ ਤੇ ਤੋਲਾਈ ਕਰਦਾ ਹੋਇਆ ਟੇਢੀ ਅੱਖ ਨਾਲ ਉਸ ਗਾਹਕ ਨੂੰ ਤਾੜਦਾ, ਕੁਝ ਹੀ ਦਿਨਾਂ ’ਚ ਉਹ ਸਮਝ ਗਿਆ ਕਿ ਕੰਤੀ ਦੀ ਮਾਂ ਦਾ ਸ਼ੱਕ ਠੀਕ ਸੀ, ਹਰ ਮੁੰਡਾ ਸੌਦੇ ਵੱਲ ਨਹੀਂ ਅੰਦਰ ਵੱਲ ਹੀ ਨਿਗਾਹ ਟਿਕਾ ਕੇ ਖੜਾ ਰਹਿੰਦਾ ਹੈ। ਸੀਤਾ ਇਸ ਮਾਮਲੇ ਵਿੱਚ ਚੁਕੰਨਾ ਹੋ ਗਿਆ, ਉਸਨੇ ਕੰਤੀ ਦੀ ਮਾਂ ਨੂੰ ਬਿਠਾ ਕੇ ਕਿਹਾ, ‘‘ ਭਾਗਵਾਨੇ ਤੇਰਾ ਸ਼ੱਕ ਬਿਲਕੁਲ ਸੱਚ ਹੈ, ਮੁੰਡੇ ਸੌਦਾ ਲੈਣ ਨਹੀਂ ਆਉਂਦੇ ਮਾੜੀ ਨੀਅਤ ਨਾਲ ਝਾਕਣ ਹੀ ਆਉਂਦੇ ਹਨ।’’ ਕੰਤੀ ਦੀ ਮਾਂ ਨੇ ਕਿਹਾ, ‘‘ਦੇਖ, ਆਪਾਂ ਗਰੀਬ ਆਦਮੀ ਨਾ ਧੀ ਦੀ ਰਾਖੀ ਰੱਖ ਸਕਦੇ ਹਾਂ ਤੇ ਨਾ ਕਿਸੇ ਨਾਲ ਲੜ ਭਿੜ ਸਕਦੇ ਹਾਂ, ਪਰ ਆਪਣੀ ਇੱਜਤ ਆਪਣੇ ਹੱਥ ਹੈ ਕਿਉਂ ਨਾ ਆਪਣੇ ਵਰਗੇ ਪਰਿਵਾਰ ਦਾ ਕੋਈ ਮੁੰਡਾ ਭਾਲ ਕੇ ਕੰਤੀ ਦੇ ਹੱਥ ਪੀਲੇ ਕਰ ਦੇਈਏ। ਇਹ ਆਵਦੇ ਘਰ ਚਲੀ ਜਾਊਗੀ ਤੇ ਆਪਣਾ ਸੰਸਾ ਫਿਕਰ ਦੂਰ ਹੋ ਜਾਊ, ਹੁਣ ਤੂੰ ਇਸ ਪਾਸੇ ਧਿਆਨ ਦੇਹ।’’ ਸੀਤਾ ਝੱਟ ਉਸਦੀ ਸਲਾਹ ਨਾਲ ਸਹਿਮਤ ਹੋ ਗਿਆ ਤੇ ਉਸਨੇ ਆਪਣੇ ਰਿਸ਼ਤੇਦਾਰਾਂ ਤੇ ਹੋਰ ਨਜਦੀਕੀਆਂ ਅਤੇ ਸਕੇ ਸਬੰਧੀਆਂ ਨੂੰ ਸੁਨੇਹੇ ਭੇਜ ਦਿੱਤੇ, ਕਿ ਉਹਨਾਂ ਨੇ ਆਪਣੀ ਪੁੱਤਰੀ ਦਾ ਵਿਆਹ ਕਰਨ ਦਾ ਫੈਸਲਾ ਕਰ ਲਿਆ ਹੈ, ਪਰ ਉਹ ਬਹੁਤਾ ਦਾਜ ਦਹੇਜ ਦੇਣ ਦੇ ਤਾਂ ਸਮਰੱਥ ਨਹੀਂ ਹਨ, ਇਸ ਲਈ ਏਨੀ ਕੁ ਮੱਦਦ ਕਰੋ ਕਿ ਕੋਈ ਮੁੰਡਾ ਲੱਭੋ ਜੋ ਭਾਵੇਂ ਸਾਡੇ ਵਰਗੇ ਗਰੀਬ ਪਰਿਵਾਰ ਦਾ ਹੀ ਹੋਵੇ ਪਰੰਤੂ ਕੋਈ ਨਿੱਕੀ ਮੋਟੀ ਨੌਕਰੀ ਜਾਂ ਆਪਣਾ ਕੰਮ ਕਾਰ ਜਰੂਰ ਕਰਦਾ ਹੋਵੇ।
ਸੀਤੇ ਦੀ ਗਰੀਬੀ, ਹਲੀਮੀ, ਮਿਲਵਰਤਨ ਤੇ ਘਰੇਲੂ ਹਾਲਾਤਾਂ ਕਾਰਨ ਹਰ ਇੱਕ ਉਸ ਨਾਲ ਹਮਦਰਦੀ ਕਰਦਾ ਸੀ, ਕਈ ਪਾਸਿਉਂ ਮੁੰਡਿਆਂ ਦੀ ਦੱਸ ਪਈ, ਕਿਸੇ ਨੇ ਦੋ ਕੁ ਏਕੜ ਜਮੀਨ ਵਾਲੇ ਮੁੰਡੇ ਦੀ ਦੱਸ ਪਾਈ, ਕਿਸੇ ਨੇ ਦੁਕਾਨਦਾਰ ਦੀ, ਕਿਸੇ ਨੇ ਵਰਕਸ਼ਾਪ ’ਚ ਕੰਮ ਕਰਦੇ ਦੀ, ਪਰ ਸੀਤੇ ਦੇ ਭਣੋਈਏ ਨੇ ਇੱਕ ਅਜਿਹੇ ਲੜਕੇ ਦੀ ਦੱਸ ਪਾਈ ਜੋ ਬਿਜਲੀ ਬੋਰਡ ਦੇ ਦਫ਼ਤਰ ਵਿੱਚ ਚੌਕੀਦਾਰ ਵਜੋਂ ਕੰਮ ਕਰਦਾ ਸੀ। ਇਹ ਸੁਣਦਿਆਂ ਉਸਨੇ ਝੱਟ ਹਾਂ ਵਿੱਚ ਸਿਰ ਹਿਲਾਉਂਦਿਆਂ ਗੱਲ ਤੋਰਨ ਲਈ ਕਿਹਾ। ਜਦ ਲੜਕੇ ਵਾਲਿਆਂ ਨਾਲ ਗੱਲ ਕੀਤੀ ਤਾਂ ਉਹਨਾਂ ਪਹਿਲਾਂ ਕੁੜੀ ਦੇਖਣ ਦੀ ਸ਼ਰਤ ਰੱਖ ਦਿੱਤੀ, ਪਰ ਇਹ ਸ਼ਰਤ ਤਾਂ ਕੁੜੀ ਵਾਲਿਆਂ ਵੱਲੋਂ ਦਿਲ ਖੋਹਲ ਕੇ ਪ੍ਰਵਾਨ ਕੀਤੀ ਗਈ, ਕਿਉਂਕਿ ਉਹਨਾਂ ਨੂੰ ਯਕੀਨ ਸੀ ਕਿ ਉਹਨਾਂ ਦੇ ਇਸ ਚੰਦ ਦੇ ਟੁਕੜੇ ਨੂੰ ਦੇਖ ਕੇ ਨਾਂਹ ਕੌਣ ਕਰੇਗਾ। ਅਗਲੇ ਦਿਨ ਮਾਂ ਪੁੱਤ ਲੋਕਾਂ ਤੋਂ ਪਰਦੇ ਜਿਹੇ ਨਾਲ ਕੁੜੀ ਨੂੰ ਵੇਖਣ ਆ ਗਏ ਅਤੇ ਰੂਪ ਦੀ ਰਾਣੀ ਨੂੰ ਤਕਦਿਆਂ ਮਾਂ ਪੁੱਤ ਦੇ ਤਾਂ ਹੋਸ਼ ਹੀ ਉੱਡ ਗਏ ਤੇ ਉਹਨਾਂ ਦਾ ਦਿਲ ਕਰੇ, ਕਿ ਉਹ ਅੱਜ ਹੀ ਆਪਣੇ ਨਾਲ ਲੈ ਜਾਣ। ਕੰਤੀ ਦੇ ਰੂਪ ਨੇ ਵਿਆਹ ਤੇ ਹੋਣ ਵਾਲੇ ਦਾਜ ਦਹੇਜ ਖਾਣੇ ਬਾਣੇ ਜਾਂ ਹੋਰ ਸਾਰੇ ਖ਼ਰਚੇ ਧੋ ਕੇ ਹੀ ਰੱਖ ਦਿੱਤੇ ਤੇ ਉਹਨਾਂ ਬਗੈਰ ਖ਼ਰਚਾ ਕੀਤਿਆਂ ਗੁਰਦੁਆਰੇ ਅਨੰਦ ਕਾਰਜ ਕਰਕੇ ਲੜਕੀ ਨੂੰ ਆਪਣੇ ਘਰ ਲਿਜਾਣ ਦਾ ਫੈਸਲਾ ਸੁਣਾ ਦਿੱਤਾ। ਪੰਦਰਾਂ ਦਿਨਾਂ ਦੇ ਫ਼ਰਕ ਨਾਲ ਪ੍ਰੋਗਰਾਮ ਉਲੀਕ ਲਿਆ। ਹੁਣ ਨਾ ਕੰਤੀ ਦਾ ਚਾਅ ਚੱਕਿਆ ਜਾਂਦਾ ਸੀ ਅਤੇ ਨਾ ਸੀਤੇ ਤੇ ਉਸਦੀ ਘਰਵਾਲੀ ਦੇ ਧਰਤੀ ਤੇ ਪੈਰ ਲਗਦੇ ਸਨ। ਪ੍ਰੋਗਰਾਮ ਤਹਿਤ ਖਾਸ ਰਿਸ਼ਤੇਦਾਰਾਂ ਦੀ ਮੌਜੂਦਗੀ ’ਚ ਕੋਟਕਪੂਰਾ ਵਿਖੇ ਸਥਿਤ ਧਰਮਸ਼ਾਲਾ ਰਾਮਗੜ੍ਹੀਆ ਵਿੱਚ ਅਨੰਦ ਕਾਰਜ ਕਰਕੇ ਮਾਂ ਬਾਪ ਨੇ ਸਿਰੋਂ ਭਾਰ ਜਿਹਾ ਲਾਹ ਕੇ ਸੌਖਾ ਸਾਹ ਲਿਆ ਤੇ ਪੁਸ਼ਪਿੰਦਰ ਜਿਸਨੂੰ ਰੰਗ ਪਿੱਲਾ ਜਿਹਾ ਹੋਣ ਕਰਕੇ ਸਾਰੇ ਪਿੰਕਾ ਹੀ ਕਹਿੰਦੇ ਸਨ, ਆਪਣੀ ਜੀਵਨ ਸਾਥਣ ਬਣਾ ਕੇ ਕੰਤੀ ਨੂੰ ਬਠਿੰਡਾ ਵਿਖੇ ਬੋਰਡ ਵੱਲੋਂ ਮਿਲੇ ਸਰਕਾਰੀ ਕੁਆਟਰ ਵਿੱਚ ਲੈ ਆਇਆ। ਪਿੰਕੇ ਦੇ ਘਰ ਵਿੱਚ ਉਸਦਾ ਅਧਰੰਗ ਦਾ ਮਰੀਜ ਬਾਪ, ਮਾਂ ਅਤੇ ਉਹ ਦੋਵੇਂ ਪਤੀ ਪਤਨੀ ਸਨ। ਪਿੰਕੇ ਦੀ ਵੀਹ ਹਜਾਰ ਦੇ ਕਰੀਬ ਤਨਖਾਹ ਸੀ, ਘਰ ਦਾ ਗੁਜਾਰਾ ਚੰਗਾ ਚਲਦਾ ਸੀ, ਕੰਤੀ ਦੇ ਆਉਣ ਨਾਲ ਖੁਸ਼ੀਆਂ ’ਚ ਹੋਰ ਵਾਧਾ ਹੋ ਗਿਆ। ਕੰਤੀ ਨੇ ਘਰ ਦਾ ਸਾਰਾ ਕੰਮ ਕਾਰ ਸੰਭਾਲ ਲਿਆ। ਰੋਟੀ ਟੁੱਕ ਸਾਫ਼ ਸਫਾਈ ਤੋਂ ਵਿਹਲੀ ਹੋ ਕੇ ਉਹ ਕੁਆਟਰਾਂ ਦੇ ਬਾਹਰ ਬੈਠੀਆਂ ਆਪਣੀਆਂ ਹਾਣ ਦੀਆਂ ਕੁੜੀਆਂ ਔਰਤਾਂ ’ਚ ਜਾ ਬੈਠਦੀ ਤਾਂ ਜਾਣੋਂ ਗਲੀ ਨੂੰ ਵੀ ਭਾਗ ਲੱਗ ਜਾਂਦੇ। ਪਿੰਕੇ ਦੀ ਡਿਊਟੀ ਤਾਂ ਭਾਵੇਂ ਦਫ਼ਤਰ ਦੀ ਰਾਤ ਦੀ ਰਾਖੀ ਦੀ ਸੀ, ਪਰ ਉਹ ਸ਼ਰੀਫ਼ ਹੋਣ ਕਰਕੇ ਦਿਨੇ ਵੀ ਦਫ਼ਤਰੀ ਕਰਮਚਾਰੀਆਂ ਦੇ ਕੰਮ ਧੰਦੇ ਕਰਦਾ ਰਹਿੰਦਾ, ਕੋਈ ਕਹਿੰਦਾ ਮੇਰਾ ਸ¦ਡਰ ਭਰਾ ਕੇ ਲਿਆ ਦੇਹ, ਕੋਈ ਕਹਿੰਦਾ ਮੇਰਾ ਟੈਲੀਫੋਨ ਦਾ ਬਿਲ ਭਰਕੇ ਆਈਂ, ਕੋਈ ਕਹਿੰਦਾ ਅੱਜ ਮੇਰੇ ਬੱਚੇ ਨੂੰ ਸਕੂਲ ਤੋਂ ਲੈ ਕੇ ਘਰ ਛੱਡ ਆਵੀਂ ਆਦਿ ਆਦਿ। ਉਹ ਡਿਉਟੀ ਵੀ ਕਰਦਾ, ਕਰਮਚਾਰੀਆਂ ਦੇ ਕੰਮ ਵੀ ਕਰਦਾ, ਪਰ ਆਪਣੇ ਘਰ ਵੀ ਪੂਰਾ ਸਮਾਂ ਦਿੰਦਾ, ਜਿਸ ਕਰਕੇ ਉਸਨੂੰ ਹਰ ਪਾਸੇ ਮਾਣ ਸਤਿਕਾਰ ਤੇ ਆਦਰ ਮਿਲਦਾ। ਕੰਤੀ ਅਤੀ ਗਰੀਬੀ ਚੋਂ ਆਈ ਸੀ, ਉਸਨੂੰ ਤਾਂ ਜਾਣੀਂ ਸਵਰਗ ਹੀ ਮਿਲ ਗਿਆ ਸੀ, ਉਸਦਾ ਰੂਪ ਤਾਂ ਸਗੋਂ ਪਹਿਲਾਂ ਨਾਲੋਂ ਵੀ ਨਿੱਖਰ ਗਿਆ ਸੀ। ਕੁਝ ਸਮੇਂ ਬਾਅਦ ਪਿੰਕੇ ਦੇ ਪਿਤਾ ਦੀ ਬੀਮਾਰੀ ਕਾਰਨ ਮੌਤ ਹੋ ਗਈ ਅਤੇ ਉਸਤੋਂ ਕਰੀਬ ਦੋ ਕੁ ਮਹੀਨਿਆਂ ਪਿੱਛੋਂ ਹੀ ਉਸਦੀ ਮਾਤਾ ਵੀ ਅਚਾਨਕ ਹੀ ਅਕਾਲ ਚਲਾਣਾ ਕਰ ਗਈ। ਹੁਣ ਪਿੰਕੇ ਦੇ ਪਰਿਵਾਰ ਦੇ ਕੇਵਲ ਤਿੰਨ ਮੈਂਬਰ ਰਹਿ ਗਏ ਦੋਵੇ ਪਤੀ ਪਤਨੀ ਤੇ ਉਹਨਾਂ ਦੀ ਨੰਨੀ ਜਿਹੀ ਬੱਚੀ ਸੋਫੀਆ। ਉਹ ਸੋਫੀਆ ਨੂੰ ਬਹੁਤ ਲਾਡ ਪਿਆਰ ਕਰਦੇ ਤੇ ਰੱਬ ਦਾ ਸ਼ੁਕਰਾਨਾ ਕਰਦੇ।
ਇੱਕ ਦਿਨ ਸਾਮ ਦੇ ਪੰਜ ਵੱਜੇ, ਤਾਂ ਬਿਜਲੀ ਬੋਰਡ ਦੇ ਕਰਮਚਾਰੀ ਆਪਣੇ ਘਰੋਂ ਘਰੀਂ ਜਾਣ ਲਈ ਟਿਫਨ ਚੁੱਕ ਕੇ ਤੁਰਨ ਹੀ ਲੱਗੇ ਸਨ, ਕਿ ਦਫ਼ਤਰ ’ਚ ਅਚਾਨਕ ਰੌਲਾ ਰੱਪਾ ਸੁਰੂ ਹੋ ਗਿਆ। ਸਾਰੇ ਮੁਲਾਜਮਾਂ ਨੂੰ ਰੋਕਣ ਦੇ ਹੁਕਮ ਹੋਗਏ, ਹੁਕਮ ਸੁਣਦਿਆਂ ਸਾਰਿਆਂ ਦੀ ਉਤਸੁਕਤਾ ਵਧ ਗਈ, ਕਿ ਹੁਣ ਕੀ ਆਫ਼ਤ ਆ ਗਈ। ਪਤਾ ਲੱਗਾ ਕਿ ਦਫ਼ਤਰ ਦਾ ਕੈਸ ਘਟ ਗਿਐ, ਡੇਢ ਲੱਖ ਰੁਪਏ ਚੋਰੀ ਹੋ ਗਏ ਹਨ। ਕੁਝ ਹੀ ਪਲਾਂ ਵਿੱਚ ਕਾਰਜਕਾਰੀ ਇੰਜਨੀਅਰ ਤੇ ਪੁਲਿਸਅਧਿਕਾਰੀ ਪਹੁੰਚ ਗਏ, ਥਾਣਾ ਇੰਚਾਰਜ ਪੁਲਿਸ ਪਾਰਟੀ ਸਮੇਤ ਪਹੁੰਚ ਗਿਆ। ਸਾਰੇ ਮੁਲਾਜਮਾਂ ਤੇ ਸਰਸਰੀ ਨਿਗਾਹ ਮਾਰ ਕੇ ਕੁਝ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਬਿਨ੍ਹਾਂ ਕੋਈ ਤੱਥ ਸਬੂਤ ਦੇ ਸ਼ੱਕ ’ਚ ਕਿਸੇ ਵਿਭਾਗੀ ਕਰਮਚਾਰੀ ਦੀ ਤਲਾਸ਼ੀ ਲੈਣੀ ਵੀ ਸੰਭਵ ਨਹੀਂ ਸੀ। ਆਖ਼ਰ ਤਫ਼ਤੀਸ਼ ਸੁਰੂ ਕਰਦਿਆਂ ਕਰਮਚਾਰੀਆਂ ਨੂੰ ਜਾਣ ਦੀ ਇਜਾਜਤ ਦੇ ਦਿੱਤੀ ਗਈ। ਦਫ਼ਤਰ ਦੇ ਸਾਰੇ ਅਮਲੇ ਫੈਲੇ ਦੀ ਲਿਸਟ ਲੈ ਕੇ ਬੋਰਡ ਦੇ ਅਧਿਕਾਰੀ ਤੇ ਪੁਲਿਸ ਅਫ਼ਸਰ ਜਾਂਚ ਕਰਨ ਲੱਗੇ। ਇਸ ਨੂੰ ਸਮਾਜ ਦੀ ਗਿਰਾਵਟ ਕਹਿ ਲਿਆ ਜਾਵੇ ਜਾਂ ਗਰੀਬੀ ਦਾ ਦੁਖਾਂਤ ਕਿ ਜਾਂਚ ਕਰਨ ਵਾਲੇ ਸ਼ੱਕ ਦੀ ਨਿਗਾਹ ਉਪਰ ਤੋਂ ਨਹੀਂ ਹੇਠਾਂ ਵਾਲੇ ਮੁਲਾਜਮਾਂ ਤੋਂ ਹੀ ਸੁਰੂ ਕਰਦੇ ਹਨ। ਸਭ ਤੋਂ ਹੇਠਾਂ ਨਾਂ ਸੀ ਚੌਕੀਦਾਰ ਪੁਸ਼ਪਿੰਦਰ ਉਰਫ ਪਿੰਕੇ ਦਾ। ਨਾ ਪੜ੍ਹਦਿਆਂ ਹੀ ਜਾਂਚ ਅਧਿਕਾਰੀਆਂ ਦੀ ਸ਼ੱਕ ਦੀ ਸੂਈ ਪਿੰਕੇ ਤੇ ਜਾ ਟਿਕੀ। ਉਹਨਾਂ ਦਫ਼ਤਰੀ ਅਮਲੇ ਨੂੰ ਪਿੰਕੇ ਦੇ ਦਿਨ ਸਮੇਂ ਦਫ਼ਤਰ ’ਚ ਆਉਣ ਜਾਣ ਬਾਰੇ ਪੁੱਛਿਆ ਤਾਂ ਸਭ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਦੱਸਿਆ ਕਿ ਉਹ ਸਾਰਾ ਦਿਨ ਹੀ ਬੈਂਕ ਵਿੱਚ ਫਿਰਦਾ ਰਿਹੈ ਤੇ ਅਕਸਰ ਉਹ ਰੋਜਾਨਾ ਹੀ ਦਿਨੇ ਦਫ਼ਤਰ ਦੇ ਚੱਕਰ ਲਾਉਂਦਾ ਹੈ ਤੇ ਮੁਲਾਜਮਾਂ ਦੇ ਕੰਮ ਧੰਦੇ ਕਰਦਾ ਹੈ। ਇਹ ਸੁਣਦਿਆਂ ਅਧਿਕਾਰੀਆਂ ਦਾ ਸ਼ੱਕ ਹੋਰ ਵਧ ਗਿਆ। ਹੁਣ ਪਿੰਕੇ ਦੀ ਸ਼ਰਾਫ਼ਤ ਤੇ ਆਪਣੀ ਡਿਊਟੀ ਤੋਂ ਬਾਹਰ ਕਰਮਚਾਰੀਆਂ ਦੀ ਕੀਤੀ ਜਾਣ ਵਾਲੀ ਸੇਵਾ ਤੇ ਮਿਹਨਤ ਹੀ ਉਸਦੀ ਦੁਸਮਣ ਬਣਦੀ ਜਾ ਰਹੀ ਸੀ। ਜਾਂਚ ਅਧਿਕਾਰੀਆਂ ਨੇ ਹੋਰ ਪਾਸੇ ਵੱਲ ਧਿਆਨ ਕਰਨ ਦੀ ਬਜਾਏ ਪਹਿਲੀ ਨਜਰੇਂ ਪਿੰਕੇ ਨੂੰ ਮੁਅੱਤਲ ਕਰਕੇ ਤਫ਼ਤੀਸ਼ ਪੁਲਿਸ ਦੇ ਹੱਥ ਦੇ ਦਿੱਤੀ।
ਸ਼ਹਿਰ ’ਚ ਨਿੱਤ ਦੇ ਲੀਡਰਾਂ ਦੇ ਗੇੜਿਆਂ ਤੇ ਯੂਨੀਅਨਾਂ ਦੇ ਧਰਨਿਆਂ ਮੁਜਾਹਰਿਆਂ ਕਾਰਨ ਰੁਝੀ ਪੁਲਿਸ ਕੋਲ ਕਿੱਥੇ ਸਮਾਂ ਸੀ ਬਰੀਕੀ ਨਾਲ ਤਫ਼ਤੀਸ਼ ਕਰਨ ਦਾ, ਕੌਣ ਲਵੇ ਅਜਿਹੇ ਕੰਮ ਦੀ ਸਿਰਦਰਦੀ, ਜਿੱਥੋਂ ਕੁਝ ਮਿਲਣ ਦੀ ਵੀ ਆਸ ਨਾ ਹੋਵੇ। ਅਕਸਰ ਵਿਭਾਗੀ ਸੁਭਾਅ ਅਨੁਸਾਰ ਕਿ ਜਿਸਦੇ ਗਲੇ ’ਚ ਫਿੱਟ ਆਉਂਦੈ ਫਾਹਾ ਉਸੇ ਦੇ ਗਲ ਪਾ ਕੇ ਕੰਮ ਨਬੇੜੋ, ਪੁਲਿਸ ਨੇ ਪਿੰਕੇ ਨੂੰ ਗਿਰਫਤਾਰ ਕਰ ਲਿਆ ਤੇ ਚੋਰੀ ਦਾ ਮੁਕੱਦਮਾ ਦਰਜ ਕਰਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਪਿੰਕੇ ਨੇ ਰੋ ਰੋ ਕੇ ਬਥੇਰੇ ਹਾੜੇ ਕੱਢੇ ਕਿ ਉਹ ਬੇਕਸੂਰ ਹੈ, ਪਰ ਸੁਣਨ ਵਾਲਾ ਕੋਈ ਨਹੀਂ ਸੀ। ਬੋਰਡ ਅਫਸਰਾਂ ਨੇ ਵੀ ਅਤੇ ਪੁਲਿਸ ਅਫ਼ਸਰਾਂ ਨੇ ਵੀ ਆਪਣੇ ਆਪਣੇ ਉ¤ਚ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਚੋਰੀ ਦੇ ਕੇਸ ਦੇ ਹੱਲ ਹੋਣ ਦੀ ਸੂਚਨਾ ਭੇਜ ਦਿੱਤੀ। ਪਿੰਕਾ ਕਰੀਬ ਇੱਕ ਮਹੀਨਾ ਜੇਲ੍ਹ ਵਿੱਚ ਰਿਹਾ, ਕੰਤੀ ਨੇ ਆਂਢ ਗੁਆਂਢ ਤੇ ਰਿਸ਼ਤੇਦਾਰਾਂ ਦੇ ਸਹਿਯੋਗ ਨਾਲ ਉਸਦੀ ਜਮਾਨਤ ਕਰਵਾ ਕੇ ਉਸਨੂੰ ਘਰ ਲੈ ਆਂਦਾ। ਇਮਾਨਦਾਰ, ਮਿਹਨਤੀ ਤੇ ਸ਼ਰੀਫ਼ ਇਨਸਾਨ ਹੁਣ ਅਫ਼ਸਰਾਂ ਦੀ ਨਿਗਾਹ ਵਿੱਚ ਚੋਰ ਬਣ ਚੁੱਕਾ ਸੀ, ਪਰ ਉਸਦੇ ਢਿੱਡ ਵਿਚਲਾ ਸੱਚ ਤਾਂ ਪੇਟ ਪਾੜੇ ਤੋਂ ਵੀ ਦਿਖਾਈ ਨਹੀਂ ਸੀ ਦੇਣਾ। ਉਸਨੇ ਅਫ਼ਸਰਾਂ ਦੇ ਪੈਰ ਫੜ ਫੜ ਬਥੇਰੀਆਂ ਸਫਾਈਆਂ ਪੇਸ਼ ਕੀਤੀਆਂ ਪਰ ਉਸਨੂੰ ਨਿਆਂ ਦੀ ਥਾਂ ਮਿਲਿਆ ਇੱਕ ਪੱਤਰ, ਜਿਸ ਵਿੱਚ ਲਿਖਿਆ ਹੋਇਆ ਸੀ, ‘‘ ਪੁਸ਼ਪਿੰਦਰ ਸਿੰਘ ਚੌਕੀਦਾਰ ਨੂੰ ਨੌਕਰੀ ਤੋਂ ਡਿਸਮਿਸ ਕੀਤਾ ਜਾਂਦਾ ਹੈ ਅਤੇ ਉਸਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਦਸ ਦਿਨ ਦੇ ਅੰਦਰ ਅੰਦਰ ਸਰਕਾਰੀ ਕੁਆਟਰ ਖਾਲੀ ਕਰ ਦੇਵੇ।’’

ਬਲਵਿੰਦਰ ਸਿੰਘ ਭੁੱਲਰ
ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ,
ਬਠਿੰਡਾ
Total Views: 259 ,
Real Estate