”ਜੋ ਬਾਦਲ ਦਾ ਯਾਰ ਹੈ ਪੰਥ ਦਾ ਗਦਾਰ ਹੈ, ਬਾਦਲ ਸਰਕਾਰ ਮੁਰਦਾਬਾਦ” ! ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਦਾ ਬਰਗਾੜੀ ਕਾਂਡ ਵੇਲੇ ਦਾ ਰੂਪ

ਜਸਬੀਰ ਸਿੰਘ ਪੱਟੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਹੰਗਾਮਿਆ ਭਰਪੂਰ ਹੋਏ ਇਜਲਾਸ ਵਿੱਚ ਭਾਈ ਗੋਬਿੰਦ ਸਿੰਘ ਲੌਗੋਵਾਲ ਨੇ ਹੈਟਰਿਕ ਮਾਰਦਿਆ ਤੀਸਰੀ ਵਾਰੀ ਪ੍ਰਧਾਨਗੀ ਦਾ ਪਦ ਸੰਭਾਲ ਲਿਆ ਹੈ ਜਦ ਕਿ ਵਿਰੋਧੀ ਧਿਰ ਨੇ ਅਜਲਾਸ ਵਿੱਚ ਬੇਅਦਬੀ ਦੇ ਦੋਸ਼ੀਆ ਨੂੰ ਸਜਾਵਾਂ ਦਿਵਾਉਣ ਲਈ ਮਤਾ ਪਾਉਣ ਦੀ ਮੰਗ ਕਰਦਿਆ ਬਾਈਕਾਟ ਕਰਕੇ ਲੌਗੋਵਾਲ ਦਾ ਰਸਤਾ ਸਾਫ ਕਰ ਦਿੱਤਾ। ਸ਼੍ਰੋਮਣੀ ਕਮੇਟੀ ਤੇ ਕਬਜ਼ਾਧਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇਸ ਵਾਰੀ ਸਿਰਫ ਲੌਗੋਵਾਲ ਤੋ ਇਲਾਵਾ ਬਾਕੀ ਸਾਰੀ ਟੀਮ ਵਿੱਚ ਤਬਦੀਲੀ ਕਰ ਦਿੱਤੀ ਹੈ ਤੋ ਇਸ ਟੀਮ ਵਿੱਚ ਉਹ ਵਿਅਕਤੀ ਵੀ ਸ਼ਾਮਲ ਹਨ ਜਿਹੜੇ ਬਾਦਲਾ ਨੂੰ ਗਦਾਰ ਦੇ ਲਕਬ ਨਾਲ ਵੀ ਕਿਸੇ ਵੇਲੇ ਨਿਵਾਜਦੇ ਰਹੇ ਹਨ। ਬਾਗੀਆ ਨੂੰ ਮੌਕਾ ਦੇ ਕੇ ਸੁਖਬੀਰ ਸਿੰਘ ਬਾਦਲ ਨੇ ਇੱਕ ਨਵਾਂ ਪੱਤਾ ਖੇਡਿਆ ਹੈ ਜਿਹੜਾ ਕੀ ਰੰਗ ਵਿਖਾਏਗਾ ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛਿੱਪਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਏ ਜਨਰਲ ਇਜਲਾਸ ਵਿੱਚ ਭਾਈ ਗੋਬਿੰਦ ਸਿੰਘ ਲੌਗੋਵਾਲ ਨੂੰ ਵਿਰੋਧੀ ਧਿਰ ਦੇ ਰੌਲੇ ਰੱਪੇ ਵਿੱਚ ਪ੍ਰਧਾਨ ਚੁਣ ਲਿਆ ਗਿਆ। ਭਾਈ ਗੋਬਿੰਦ ਸਿੰਘ ਲੌਗੋਵਾਲ ਦਾ ਨਾਮ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੇਸ਼ ਕੀਤਾ ਜਦ ਕਿ ਇਸ ਦੀ ਤਾਈਦ ਮਜੀਦ ਸਾਬਕਾ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕੀਤੀ। ਜਦੋਂ ਵਿਰੋਧੀ ਧਿਰ ਮੰਗ ਕਰ ਰਹੀ ਸੀ ਕਿ ਪਹਿਲਾਂ ਬੇਅਦਬੀ ਕਰਵਾਉਣ ਵਾਲੇ ਦੋਸ਼ੀਆ ਦੀ ਗ੍ਰਿਫਤਾਰੀ ਦਾ ਮਤਾ ਪਾਸ ਕੀਤਾ ਜਾਵੇ ਜਿਹੜਾ ਅੱਜ ਤੱਕ ਨਾ ਪਾਸ ਕੀਤਾ ਗਿਆ ਹੈ ਤੇ ਨਾ ਹੀ ਪਾਸ ਕੀਤੇ ਜਾਣ ਦੀ ਕੋਈ ਸੰਭਾਵਨਾ ਹੈ ਕਿਉਕਿ ਬੇਅਦਬੀ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਹੋਈ ਸੀ ਤੇ ਭਾਜਪਾ ਦੇ ਗੁਲਾਮਾਂ ਦੇ ਗੁਲਾਮ ਕਿਵੇਂ ਮਤਾ ਪਾ ਸਕਦੇ ਹਨ? ਜੇਕਰ ਨਵੀ ਚੁਣੀ ਗਈ ਟੀਮ ਦਾ ਲੇਖਾ ਜੋਖਾ ਕੀਤਾ ਜਾਵੇ ਉਸ ਵਿੱਚ ਬਹੁਤ ਕੁਝ ਅਸੁਖਾਵਾਂ ਵੀ ਹੈ।
ਭਾਈ ਲੌਗੋਵਾਲ ‘ਤੇ ਵੀ ਦੋਸ਼ ਲੱਗਦੇ ਹਨ ਕਿ ਉਹਨਾਂ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਕੇ ਵੋਟਾਂ ਦੀ ਖਾਤਰ ਪੰਥ ਵਿਰੋਧੀ ਗਤੀਵਿਧੀਆ ਕਰਨ ਵਾਲੇ ਸਿਰਸੇ ਵਾਲੇ ਸਾਧ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਦੇ ਅੱਗੇ ਹੱਥ ਜੋੜ ਪੇਸ਼ ਹੋਣ ਦੀ ਤਸਵੀਰਾਂ ਵੱਥ ਵੱਖ ਅਖਬਾਰਾਂ ਦੀਆਂ ਸੁਰਖੀਆ ਦਾ ਸ਼ਿਕਾਰ ਬਣ ਚੁੱਕੀਆ ਹਨ ਤੇ ਭਾਈ ਲੌਗੋਵਾਲ ਨੂੰ ਪ੍ਰਧਾਨ ਬਣਾਏ ਜਾਣ ਤੇ ਸਿਧਾਂਤਕ ਵਿਅਕਤੀਆ ਨੂੰ ਇੱਕ ਵਾਰੀ ਫਿਰ ਭਾਈ ਲੌਗੋਵਾਲ ਤੇ ਬਾਦਲਾਂ ਦੀ ਅਲੋਚਨਾਂ ਕਰਨ ਦਾ ਮੌਕਾ ਮਿਲ ਗਿਆ ਹੈ।
ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਉਸ ਵਿਅਕਤੀ ਰਾਜਿੰਦਰ ਸਿੰਘ ਮਹਿਤਾ ਨੂੰ ਬਣਾਇਆ ਗਿਆ ਹੈ ਜਿਹੜਾ ਕਿਸੇ ਵੇਲੇ ਸੰਤ ਭਿੰਡਰਾਂਵਾਲਿਆ ਨਾਲ ਬੰਦੂਕਾਂ ਲੈ ਕੇ ਬਾਦਲ ਸਮੇਤ ਬਾਕੀ ਰਵਾਇਤਾਂ ਅਕਾਲੀਆ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਸਨ ਤੇ ਰਵਾਇਤੀ ਅਕਾਲੀਆ ਨੂੰ ਸੋਧਣ ਦਾ ਬੀੜਾ ਚੁੱਕੀ ਫਿਰਦੇ ਸਨ। ਸਾਕਾ 1984 ਵਿੱਚ ਜਦੋਂ ਸੰਤਾਂ ਨਾਲ ਕੁਰਬਾਨੀ ਕਰਨ ਦਾ ਮੌਕਾ ਆ ਗਿਆ ਤਾਂ ਇਹ ਲੋਕ ਸੰਤ ਵਿਰੋਧੀ ਸੰਤ ਹਰਚੰਦ ਵਿੱਚ ਲੌਗੋਵਾਲ ਦੀ ਗੋਦ ਵਿੱਚ ਆਣ ਬਿਰਾਜੇ ਤਾਂ ਕਿ ਜਾਨ ਬਚਾਈ ਜਾ ਸਕੇ। ਪੰਜਾਬ ਵਿੱਚ ਖਾੜਕੂਵਾਦ ਸਮੇਂ ਖਾੜਕੂਆਂ ਦੇ ਹਮਾਇਤੀ ਹੋਣ ਦਾ ਦਮ ਭਰਦੇ ਰਹੇ। 1996 ਵਿੱਚ ਮਹਿਤਾ ਸਾਹਿਬ ਬਾਦਲ ਸਾਹਿਬ ਦੀ ਗੋਦ ਵਿੱਚ ਆ ਗਏ ਤੇ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਵਿੱਚ ਟਿਕਟ ਲੈ ਕੇ ਮੈਂਬਰ ਬਣ ਗਏ। ਉਸ ਸਮੇਂ ਤੋ ਮੈਬਰ ਚੱਲੇ ਆ ਰਹੇ ਹਨ ਤੇ ਕੱਲ੍ਹ ਤੱਕ ਜਿਹਨਾਂ ਬਾਦਲਾ ਨੂੰ ਬੰਦੂਕਾਂ ਲੈ ਕੇ ਨਿਸ਼ਾਨਾ ਬਣਾਉਣ ਦੀਆ ਬਾਤਾਂ ਪਾਉਦੇ ਸਨ ਅੱਜ ਬਾਦਲਾਂ ਦੇ ਅੰਗ ਰੱਖਿਅਕ ਬਣੇ ਹੋਏ ਹਨ। ਮਹਿਤਾ ਨੂੰ ਕਦੇ ਕਦੇ ਅੰਤਰਿੰਗ ਕਮੇਟੀ ਵਿੱਚ ਪਾਇਆ ਜਾਂਦਾ ਰਿਹਾ ਹੈ ਪਰ ਪਹਿਲੀ ਵਾਰੀ ਸੰਤ ਸਮਾਜ ਤੇ ਵਿਸ਼ੇਸ਼ ਕਰਕੇ ਦਮਦਮੀ ਟਕਸਾਲ ਦੇ ਕੋਟੇ ਵਿੱਚ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ। ਇਹ ਵੀ ਸੁਣੀ ਦਾ ਹੈ ਕਿ ਇਸ ਵਿੱਚ ਕੁਝ ਯੋਗਦਾਨ ਲੰਗੋਟੀ ਕੱਸ ਨਿਰਮਲਿਆ ਦਾ ਵੀ ਹੈ ਜਿਹੜੇ ਅੰਮ੍ਰਿਤਧਾਰੀ ਨਾ ਹੋਣ ਦਾ ਬਾਵਜੂਦ ਵੀ ਸ੍ਰੀ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ਦੀ ਸੇਵਾ ਕਰਵਾ ਰਹੇ ਹਨ।ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਮਹਿਤਾ ਸਾਹਿਬ ਦੀ ਖਾਹਿਸ਼ ਪ੍ਰਧਾਨ ਬਨਣ ਦੀ ਸੀ ਪਰ ਸੀਨੀਅਰ ਮੀਤ ਪ੍ਰਧਾਨ ਤੱਕ ਪੁੱਜ ਗਏ ਹਨ। ਸਾਕਾ ਨੀਲਾ ਤਾਰਾ ਤੋ ਬਾਅਦ ਜਦੋ ਇਹ ਲੋਕ ਜੋਧਪੁਰ ਜੇਲ੍ਹ ਵਿੱਚ ਸਨ ਉਸ ਸਮੇਂ ਹੀ ਰਾਜਿੰਦਰ ਸਿੰਘ ਮਹਿਤਾ ਤੇ ਅਮਰਜੀਤ ਸਿੰਘ ਚਾਵਲਾ ਦੀ ਖਾਹਿਸ਼ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਨਣ ਦੀ ਸੀ। ਇਸ ਦੇ ਨਾਲ ਹੀ ਭਾਈ ਮਨਜੀਤ ਸਿੰਘ ਤੇ ਭਾਈ ਹਰਮਿੰਦਰ ਸਿੰਘ ਸੰਧੂ ਦੀ ਖਾਹਿਸ਼ ਪੰਜਾਬ ਦੇ ਮੁੱਖ ਮੰਤਰੀ ਬਨਣ ਦੀ ਸੀ ਪਰ ਕਿਸੇ ਦੀ ਖਾਹਿਸ਼ ਨਹੀ ਪੂਰੀ ਹੋਈ ਪਰ ਹਰਮਿੰਦਰ ਸਿੰਘ ਸੰਧੂ ਦੀ ਮੌਤ ਦਾ ਕਾਰਨ ਵੀ ਇਹੀ ਖਾਹਿਸ਼ ਹੀ ਬਣੀ ਹੋਈ ਸੁਣੀਦੀ ਹੈ। ਜਦੋਂ ਇਹ ਆਗੂ ਜੇਲ੍ਹ ਤੋ ਬਾਹਰ ਆਏ ਤਾਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖੇਰੂੰ ਖੇਰੂੰ ਹੋ ਗਈ ਤੇ ਇਸ ਦੇ ਕਈ ਧੜੇ ਬਣ ਗਏ ਜਿਹਨਾਂ ਵਿੱਚ ਇੱਕ ਧੜਾ ਮਹਿਤਾ ਧੜਾ ਬਣਿਆ ਜਿਸ ਦੇ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ ਤੇ ਜਨਰਲ ਸਕੱਤਰ ਬਣੇ। ਵਰਕਰਾਂ ਦੀ ਗਿਣਤੀ ਭਾਂਵੇ ਕਾਫੀ ਘੱਟ ਸੀ ਪਰ ਫੈਡਰੇਸ਼ਨ ਬੀਬੀਆ ਦਾਹੜੀਆ ਹੋਣ ਦੇ ਬਾਵਜੂਦ ਵੀ ਚੱਲਦੀ ਰਹੀ।
ਜੇਕਰ ਜੂਨੀਅਰ ਮੀਤ ਪ੍ਰਧਾਨ ਦੀ ਗੱਲ ਕਰ ਲਈ ਜਾਵੇ ਤੇ ਭਾਈ ਗੁਰਬਖਸ਼ ਸਿੰਘ ਵਾਕਿਆ ਹੀ ਗੁਰ ਜੀ ਵੱਲੋ ਬਖਸ਼ੇ ਹੋਏਹਨ ਤੇ ਉਹਨਾਂ ਤੇ ਗੁਰੂ ਸਾਹਿਬ ਦੀ ਪਹਿਲਾਂ ਹੀ ਅਪਾਰ ਕਿਰਪਾ ਸੀ ਤੇ ਅੱਜ ਬਾਦਲ ਸਾਹਿਬ ਦੀ ਕਿਰਪਾ ਹੈ। ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆ ਨੂੰ ਸਜਾਵਾਂ ਦਿਵਾਉਣ ਦਾ ਜਦੋਂ ਮੋਰਚਾ ਲੱਗਾ ਸੀ ਤਾਂ ਉਸ ਸਮੇਂ ਭਾਈ ਗੁਰਬਖਸ਼ ਸਿੰਘ ਨੇ ਇੱਕ ਬੈਨਰ ਲਗਾ ਕੇ ਬੈਠੇ ਸਨ ਜਿਸ ਉਪਰ ਲਿਖਿਆ ਹੋਇਆ ਸੀ,” ਜਿਹੜਾ ਬਾਦਲ ਦਾ ਯਾਰ ਹੈ ਉਹ ਗੁਰੂ ਪੰਥ ਦਾ ਗਦਾਰ ਹੈ, ਬਾਦਲ ਸਰਕਾਰ ਮੁਰਦਾਬਾਦ।” ਉਹਨਾਂ ਨੇ ਅਸਤੀਫਾ ਵੀ ਦਿੱਤਾ ਸੀ ਜਿਹੜਾ ਵਾਪਸ ਲੈ ਲਿਆ ਗਿਆ। ਭਾਈ ਗੁਰਬਖਸ਼ ਸਿੰਘ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅੱਜ ਉਹ ਕਿਹੜੀ ਕਤਾਰ ਵਿੱਚ ਖੜੇ ਹਨ। ਗਦਾਰਾਂ ਨਾਲ ਹਨ ਜਾਂ ਗੁਰੂ ਦੇ ਵਫਾਦਾਰਾਂ ਨਾਲ ਹਨ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਦੇ ਆਹੁਦੇ ਤੇ ਚੁਣੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਕਿਸੇ ਵੇਲੇ ਜਥੇਦਾਰ ਟੌਹੜਾ ਦੇ ਵਫਾਦਾਰ ਹੁੰਦੇ ਸਨ ਪਰ ਹੁਣ ਉਹਨਾਂ ਨੂੰ ਬਾਬਾ ਨਿਹਾਲ ਸਿੰਘ ਹਰੀਆਵੇਲਾ ਵਾਲਿਆ ਦਾ ਅਸ਼ੀਰ ਵਾਦ ਹਾਸਲ ਤੇ ਉਹ ਪੜੇ ਲਿਖੇ ਤੇ ਆਪਣੇ ਕਿੱਤੇ ਦੇ ਕਿੱਤਾਕਾਰੀ ਵਿਅਕਤੀ ਹਨ। ਇਸ ਤੋ ਪਹਿਲਾਂ ਸ੍ਰ ਸੁਖਦੇਵ ਸਿੰਘ ਭੌਰ ਵੀ ਐਡਵੋਕੇਟ ਇਸ ਵਕਾਰੀ ਆਹੁਦੇ ਤੇ ਰਹਿ ਚੁੱਕੇ ਹਨ ਪਰ ਉਹ ਸਿਆਸੀ ਵਧੇਰੇ ਤੇ ਸਿਰਫ ਨਾਮ ਦੇ ਹੀ ਵਕੀਲ ਸਨ। ਭਾਈ ਧਾਮੀ ਨਿਹੰਗ ਸਿੰਘਾਂ ਦੇ ਖਾਤੇ ਵਿੱਚੋ ਆਏ ਹਨ ਤੇ ਆਉਣ ਵਾਲੇ ਸਮੇਂ ਹੋ ਸਕਦਾ ਹੈ ਕਿ ਸ਼੍ਰੋਮਣੀ ਕਮੇਟੀ ਵਿੱਚੋ ਜਿਹੜੀ ਨਿਹੰਗ ਜਥੇਬੰਦੀਆ ਨੂੰ 3100 ਸਲਾਨਾ ਰਸਦ ਮਿਲਦੀ ਹੈ ਉਹ 31000 ਹੋ ਜਾਵੇ।
ਇਸ ਤੋ ਇਲਾਵਾ ਅੰਤਰਿੰਗ ਕਮੇਟੀ ਵਿੱਚ ਜਿਹੜੇ 11 ਮੈਂਬਰਾਂ ਦੀ ਚੋਣ ਕੀਤੀ ਗਈ ਹੈ ਉਹਨਾਂ ਵਿੱਚ ਹਰਿਆਣੇ ਤੋ ਭੁਪਿੰਦਰ ਸਿੰਘ ਅਸੰਧ ਹਨ ਇੱਕ ਜੁਝਾਰੂ ਕਿਸਮ ਦੇ ਵਿਅਕਤੀ ਹਨ ਤੇ ਬਾਦਲ ਪਰਿਵਾਰ ਦੇ ਖਾਸਮ ਖਾਸ ਹਨ। ਕਿਸੇ ਵੇਲੇ ਇਹ ਵੀ ਜਥੇਦਾਰ ਟੌਹੜਾ ਦੇ ਖੇਮੇ ਵਿੱਚ ਹੁੰਦੇ ਸਨ ਤੇ ਫਿਰ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਬਣੇ । ਕੁਝ ਸਮਾਂ ਉਹਨਾਂ ਨੇ ਸਿੱਖ ਸਦਭਾਵਨਾ ਦਲ ਵਿੱਚ ਵੀ ਬਿਤਾਇਆ ਤੇ ਅਖੀਰ ਬਾਦਲ ਦਲ ਵਿੱਚ ਆਪਣਾ ਵਜ਼ਨ ਵਧਾ ਕੇ ਲੋਟ ਕੇ ਬੁੱਧੂ ਘਰ ਕੋ ਆਏ। ਉਹ ਇੱਕ ਜੁਝਾਰੂ ਕਿਸਮ ਦੇ ਵਿਅਕਤੀ ਹਨ ਜਿਹਨਾਂ ਨੇ ਸਿੱਖ ਵਿਰੋਧੀ ਪ੍ਰਚਾਰ ਕਰਨ ਵਾਲੀ ਪੰਥ ਵਿਰੋਧੀ ਪ੍ਰਚਾਰ ਕਰਨ ਵਾਲੇ ਪਿਆਰਾ ਸਿੰਘ ਭਨਿਆਰੇ ਵਾਲੀ ਦੀ ਇੱਕ ਸਾਧਣੀ ਨੂੰ ਗੱਡੀ ਚਾੜ ਕੇ ਜੇਲ ਵੀ ਕੱਟੀ ਪਰ ਅਦਾਲਤ ਨੇ ਉਹਨਾਂ ਨੂੰ ਬਰੀ ਕਰ ਦਿੱਤਾ ਸੀ।ਅਸਲ ਵਿੱਚ ਬਾਦਲਾਂ ਦੇ ਰਿਸ਼ਤੇਦਾਰ ਹਰਿਆਣਾ ਤੋ ਰਘੂਜੀਤ ਸਿੰਘ ਵਿਰਕ ਹਮੇਸ਼ਾਂ ਹੀ ਸੀਨੀਅਰ ਮੀਤ ਪ੍ਰਧਾਨ ਜਾਂ ਅੰਤਰਿੰਗ ਕਮੇਟੀ ਵਿੱਚ ਸ਼ਾਮਲ ਹੁੰਦੇ ਰਹੇ ਹਨ ਪਰ ਇਸ ਵਾਰੀ ਹਰਿਆਣੇ ਦੇ ਮੈਂਬਰਾਂ ਨੇ ਉਹਨਾਂ ਦਾ ਡੱਟ ਕੇ ਵਿਰੋਧ ਕੀਤਾ ਜਿਸ ਕਰਕੇ ਉਹਨਾਂ ਦੀ ਸਿਫਰਾਸ਼ ਤੇ ਹੀ ਹਰਿਆਣਾ ਤੋ ਦੋ ਮੈਂਬਰ ਭੁਪਿੰਦਰ ਸਿੰਘ ਅਸੰਧ ਤੇ ਜਗਸੀਰ ਸਿੰਘ ਡੱਬਵਾਲਾ ਨੂੰ ਪਾਇਆ ਗਿਆ। ਜਗਸੀਰ ਸਿੰਘ ਡੱਬਾਵਾਲਾ ਵੀ ਬਾਦਲਾਂ ਦੇ ਖਿਲਾਫ ਹੁੰਦਾ ਸੀ ਤੇ ਉਸ ਨੇ ਹਰਿਆਣਾ ਵਿਧਾਨ ਸਭਾ ਵਿੱਚ ਬਾਦਲ ਦਲ ਦੀ ਬਜਾਏ ਦੁਸ਼ਅੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਕੀਤੀ ਤੇ ਬਾਦਲ ਦਲ ਦਾ ਵਿਰੋਧ ਕੀਤਾ।
ਇਸੇ ਤਰ੍ਹਾਂ ਸ੍ਰ ਗੁਰਪਾਲ ਸਿੰਘ ਗੋਰਾ ਵੀ ਇਤਿਹਾਸੀ ਵਿਅਕਤੀ ਹਨ ਜਿਹੜੇ ਬਾਦਲ ਪਰਿਵਾਰ ਨਾਲ ਸਿੱਧੇ ਸੰਪਰਕ ਵਿੱਚ ਹਨ ਤੇ ਉਹ ਕਿਸੇ ਵੇਲੇ ਮਨਪ੍ਰੀਤ ਸਿੰਘ ਬਾਦਲ ਦੇ ਖਾਸਮ ਖਾਸ ਹੋਇਆ ਕਰਦੇ ਸਨ ਪਰ ਮਨਪ੍ਰੀਤ ਦਾ ਅਕਾਲੀ ਦਲ ਵਿੱਚੋ ਕਾਂਟਾ ਬੋਅ ਹੋਣ ਉਪਰੰਤ ਇਹ ਮਹਾਂਪੁਰਸ਼ ਬਾਦਲਾਂ ਨਾਲ ਜੁੜ ਗਏ। ਕਿਸੇ ਵੇਲੇ ਇਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਸੀ ਤੇ ਉਸ ਵੇਲੇ ਇਹ ਚਰਚਾ ਸੀ ਕਿ ਭਾਈ ਗੁਰਪਾਲ ਸਿੰਘ ਗੋਰਾ ਨੇ ਦੋ ਸ਼ਾਦੀਆ ਕਰਵਾਈਆ ਹਨ ਤੇ ਇੱਕ ਸ਼ਾਦੀ ਤਾਂ ਪਿੰਡ ਦੀ ਹੀ ਕੁੜੀ ਕਰਵਾਈ ਹੈ ਤੇ ਇਲਾਕੇ ਦੇ ਬਜ਼ਰਗ ਲੋਕ ਇਸ ਦਾ ਵਿਰੋਧ ਕਰਦੇ ਸਨ ਕਿ ਪਿੰਡ ਦੀ ਕੁੜੀ ਆਪਣੀ ਹੀ ਧੀ ਹੁੰਦੀ ਹੈ ਤੇ ਅਜਿਹਾ ਹੋਣਾ ਸਮਾਜਿਕ ਤੌਰ ਤੇ ਸਮਾਜਿਕ ਕਦਰਾਂ ਕੀਮਤਾਂ ਦੇ ਵਿਰੁੱਧ ਹੈ। ਭਾਈ ਗੋਰਾ ਵੱਲੋ ਇਹ ਸਪੱਸ਼ਟੀਕਰਨ ਦਿੱਤਾ ਜਾਂਦਾ ਰਿਹਾ ਹੈ ਕਿ ਜਿਸ ਪਰਿਵਾਰ ਦੀ ਕੁੜੀ ਨਾਲ ਉਹਨਾਂ ਨੇ ਸ਼ਾਦੀ ਕਰਵਾਈ ਹੈ ਉਹ ਕਿਸੇ ਦੂਸਰੇ ਪਿੰਡ ਤੋ ਆ ਵੱਸੇ ਹੋਏ ਹਨ। ਇਸੇ ਤਰ੍ਹਾਂ ਸ਼ੇਰ ਸਿੰਘ ਮੰਡਵਾਲਾ ਵੀ ਬਾਦਲਾਂ ਦੇ ਸਿੱਧੇ ਸੰਪਰਕ ਵਿੱਚ ਹਨ ਤੇ ਬੀਬੀ ਪਰਮਜੀਤ ਕੌਰ ਲਾਂਡਰਾ ਸਾਬਕਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੀ ਸਿੱਧੇ ਤੌਰ ਤੇ ਬਾਦਲ ਪਰਿਵਾਰ ਨਾਲ ਜੁੜੇ ਹਨ। ਜਸਮੇਰ ਸਿੰਘ ਲਾਛੜੂ ਕਿਸੇ ਵੇਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵਫਾਦਾਰਾਂ ਵਿੱਚੋ ਹੁੰਦੇ ਸਨ ਪਰ ਬਾਅਦ ਵਿੱਚ ਉਹ ਵੀ ਬਾਦਲਾਂ ਨਾਲ ਸਿੱਧੋ ਤੌਰ ਤੇ ਜੁੜ ਗਏ ਉਹ ਸਨੌਰ ਹਲਕੇ ਤੋ ਚੇਣ ਲੜ ਕੇ ਆਏ ਹਨ ਜਿਹੜਾ ਦੋਹਰਾ ਹਲਕਾ ਹੈ ਤੇ ਇਸ ਹਲਕੇ ਤੋ ਹੀ ਬੀਬੀ ਕੁਲਦੀਪ ਕੌਰ ਟੌਹੜਾ ਵੀ ਚੋਣ ਜਿੱਤੇ ਹਨ ।
ਅਮਰਜੀਤ ਸਿੰਘ ਭਲਾਈਪੁਰ ਤਰਨ ਤਾਰਨ) ਜਿਲ੍ਹੇ ਨਾਲ ਸਬੰਧਿਤ ਹਨ ਜਿਹਨਾਂ ਨੂੰ ਸਾਬਕਾ ਅਕਾਲੀ ਵਿਧਾਇਕ ਮਨਜੀਤ ਸਿੰਘ ਮੰਨਾ ਦੇ ਖਾਤੇ ਵਿੱਚੋ ਬਣਾਇਆ ਗਿਆ ਸੀ ਜਿਹੜਾ ਕਿਸੇ ਵੇਲੇ ਬ੍ਰਹਮਪੁਰੇ ਧੜੇ ਨਾਲ ਹੁੰਦਾ ਸੀ ਤੇ ਫਿਰ ਸਿੱਧਾ ਬਾਦਲ ਪਰਿਵਾਰ ਨਾਲ ਜੁੜ ਗਿਆ ਸੀ। ਰਾਜਸਥਾਨ ਵਿੱਚੋ ਵੀ ਇੱਕ ਮੈਂਬਰ ਸੁਰਜੀਤ ਸਿੰਘ ਕੰਗ ਨੂੰ ਲਿਆ ਗਿਆ ਹੈ ਜਿਹੜਾ ਬਾਦਲ ਪਰਿਵਾਰ ਦਾ ਵਫਾਦਾਰ ਤੇ ਰਿਸ਼ਤੇਦਾਰ ਵੀ ਹੈ। ਇੰਦਰਮੋਹਨ ਸਿੰਘ ਲਖਮੀਰਪੁਰ ਵੀ ਪੰਥਕ ਫਰੰਟ ਵਿੱਚੋ ਬਾਦਲ ਦਲ ਵਿੱਚ ਆਏ ਹਨ ਪਰ ਮੁਖਵਿੰਦਰ ਸਿੰਘ ਖਾਪੜਖੇੜੀ ਨੂੰ ਟਿਕਟ ਸਾਬਕਾ ਅਕਾਲੀ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੇ ਖਾਤੇ ਵਿੱਚੋ ਦਿੱਤੀ ਗਈ ਸੀ। ਭਾਂਵੇ ਸ੍ਰ ਰਣੀਕੇ ਦਾ ਆਪਣਾ ਸਹਿਜ਼ਾਦਾ ਵੀ ਮੈਬਰ ਹੈ ਪਰ ਖਾਪੜਖੇੜੀ ਨੂੰ ਇਸ ਵਾਰੀ ਅੰਤਰਿੰਗ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਸਭ ਤੋ ਮਹੱਤਵਪੂਰਣ ਹਨ ਬੀਬੀ ਕੁਲਦੀਪ ਕੌਰ ਟੌਹੜਾ ਜਿਹਨਾਂ ਦਾ ਪਰਿਵਾਰ ਤੇ ਟੌਹੜਾ ਸਮੱਰਥਕ ਦੋਸ਼ ਲਗਾਉਦੇ ਸਨ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮੌਤ ਲਈ ਬਾਦਲ ਦੋਸ਼ੀ ਹਨ ਤੇ ਬੀਬੀ ਕੁਲਦੀਪ ਕੌਰ ਟੌਹੜਾ ਜਥੇਦਾਰ ਟੌਹੜਾ ਦੀ ਬੇਟੀ ਹੈ। ਇਹਨਾਂ ਦੇ ਪਤੀ ਪ੍ਰਮੇਸ਼ਰ ਹਰਮੇਲ ਸਿੰਘ ਟੌਹੜਾ 1997 ਵਿੱਚ ਅਕਾਲੀ ਦਲ ਦੀ ਟਿਕਟ ਤੋ ਚੋਣ ਜਿੱਤ ਕੇ ਵਿਧਾਇਕ ਬਣੇ ਸਨ ਤੇ ਫਿਰ ਮੰਤਰੀ ਬਨਣ ਦਾ ਵੀ ਮੌਕਾ ਮਿਲਿਆ ਸੀ। ਕਿਸੇ ਵੇਲੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਪਿੱਛੇ ਜਿਹੇ ਤਾਜ਼ੇ ਤਾਜ਼ੇ ਹੀ ਮੁੜ ਅਕਾਲੀ ਰੰਗ ਵਿੱਚ ਰੰਗੇ ਗਏ ਹਨ ਤੇ ਅੱਜ ਬੀਬੀ ਟੌਹੜਾ ਬਾਦਲ ਪਰਿਵਾਰ ਦੇ ਖਿਲਾਫ ਕੋਈ ਗੱਲ ਸੁਨਣ ਲਈ ਤਿਆਰ ਨਹੀ ਹਨ।
ਭਾਈ ਗੋਬਿੰਦ ਸਿੰਘ ਲੌਗੋਵਾਲ ਨੂੰ ਭਾਂਵੇ ਕੋਈ ਵੀ ਸੀਨੀਅਰ ਲੀਡਰ ਪ੍ਰਧਾਨ ਨਹੀ ਚਾਹੁੰਦਾ ਸੀ ਤੇ ਬੀਬੀ ਜਗੀਰ ਕੌਰ, ਸ੍ਰ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਪੰਜਾਬ ਵਿਧਾਨ ਸਭਾ ਵਿੱਚ ਅਕਾਲੀ ਦਲ ਦੇ ਪਾਰਟੀ ਲੀਡਰ ਸ੍ਰ ਪਰਮਿੰਦਰ ਸਿੰਘ ਢੀਡਸਾ ਆਦਿ ਸਾਰੇ ਹੀ ਖਿਲਾਫ ਸਨ ਪਰ ਸ੍ਰ ਸੁਖਬੀਰ ਸਿੰਘ ਬਾਦਲ ਤੇ ਵਿਸ਼ੇਸ਼ ਕਰਕੇ ਬਾਦਲ ਪਰਿਵਾਰ ਨੂੰ ਲੌਗੋਵਾਲ ਕਾਮਧੇਨੂ ਗਊ ਵਾਂਗ ਫਿੱਟ ਬੈਠਦਾ ਹੈ ਜਿਹੜੀ ਦੁੱਧ ਵੀ ਦਿੰਦੀ ਹੈ ਤੇ ਛੜ ਵੀ ਨਹੀ ਮਾਰਦੀ ਸਗੋ ਘਰ ਦਾ ਸਾਰਾ ਕੰਮ ਕਾਰ ਕਰਨ ਦੇ ਨਾਲ ਸਿਰ ਤੋਂ ਬੋਡੀ ਹੋਣ ਕਰਕੇ ਸਿੰਙ ਵੀ ਨਹੀ ਮਾਰਦੀ। ਭਾਈ ਲੌਗੋਵਾਲ ਦਾ ਪ੍ਰਧਾਨ ਬਨਣ ਕਈ ਤੋ ਸਹਿ ਨਹੀ ਹੋ ਰਿਹਾ।
ਜਥੇਦਾਰ ਤੋਤਾ ਸਿੰਘ ਜਿਹੜੇ ਪ੍ਰਧਾਨ ਬਨਣ ਦੀ ਪੂਰੀ ਤਿਆਰੀ ਕੱਸ ਕੇ ਆਏ ਸਨ ਤੇ ਉਹ ਤਾਂ ਕਈ ਗੱਡੀਆ ਵੀ ਨਾਲ ਲੈ ਕੇ ਆਏ ਸਨ ਜਿਹਨਾਂ ਉਪਰ ਲਿਖਿਆ ਸੀ ਸ਼੍ਰੋਮਣੀ ਅਕਾਲੀ ਦਲ ਜਿਲ੍ਹਾ ਮੋਗਾ। ਉਹਨਾਂ ਦੇ ਸਾਥੀ ਸ਼ਾਇਦ ਹਾਰ ਵੀ ਪਹਿਲਾਂ ਹੀ ਖਰੀਦ ਚੁੱਕੇ ਸਨ। ਜਥੇਦਾਰ ਜੀ ਜਦੋ ਹਾਲ ਵਿੱਚੋ ਬਾਹਰ ਆਏ ਤਾਂ ਕਾਫੀ ਨਾਰਾਜ਼ ਦਿਖਾਈ ਦੇ ਰਹੇ ਸਨ ਤੇ ਆਉਣ ਵਾਲੇ ਸਮੇਂ ਉਹ ਵੀ ਕੋਈ ਵੱਡਾ ਧਮਾਕਾ ਕਰ ਸਕਦੇ ਹਨ ਕਿਉਕਿ ਉਹ ਵੀ ਇਸ ਵੇਲੇ ਸ੍ਰ ਸੁਖਦੇਵ ਸਿੰਘ ਢੀਡਸਾ ਦੇ ਸਿੱਧੇ ਸੰਪਰਕ ਵਿੱਚ ਹਨ। ਇਹ ਸਾਰੇ ਆਗੂ ਸੰਤ ਬਲਬੀਰ ਸਿੰਘ ਘੁੰਨਸ ਦੇ ਹੱਕ ਵਿੱਚ ਸਨ ਤੇ ਸੰਤ ਘੁੰਨਸ ਨੇ ਤਾਂ ਚੋਣ ਤੋ ਪਹਿਲਾਂ ਆਪਣੇ ਡਰਾਈਵਰ ਨੂੰ ਕਹਿ ਦਿੱਤਾ ਸੀ ਕਿ ਸ਼੍ਰੋਮਣੀ ਕਮੇਟੀ ਦੇ ਕੋਈ ਤਿੰਨ ਚੰਗੇ ਜਿਹੇ ਡਰਵਾਈਵਰਾਂ ਦੀ ਚੋਣ ਕਰ ਲਈ ਜਾਵੇ ਕਿਉਕਿ ਕੁਝ ਸਮੇਂ ਬਾਅਦ ਉਹ ਪ੍ਰਧਾਨ ਬਣ ਕੇ ਹੀ ਥੱਲੇ ਉਤਰਨਗੇ ਪਰ ਇਹ ਸੁਫਨਾ ਉਹਨਾਂ ਦਾ ਸਕਾਰ ਨਾ ਹੋ ਸਕਿਆ ਕਿਉਕਿ ਉਹ ਦਲਿੱਤ ਹਨ ਤੇ ਦਲਿੱਤ ਨੂੰ ਅੱਜ ਤੱਕ ਸ਼੍ਰੋਮਣੀ ਕਮੇਟੀ ਦਾ ਕਦੇ ਪ੍ਰਧਾਨ ਨਹੀ ਬਣਾਇਆ ਗਿਆ। 26-27 ਨਵੰਬਰ ਦੀ ਰਾਤ ਨੂੰ ਜਦੋਂ ਘੁੰਨਸ ਨੂੰ ਸੁਖਬੀਰ ਸਿੰਘ ਬਾਦਲ ਨੇ ਤਾਜ ਹੋਟਲ ਵਿਖੇ ਬੁਲਾਇਆ ਤਾਂ ਵਿਰੋਧੀ ਸਰਗਰਮ ਹੋ ਗਏ ਤੇ ਉਹਨਾਂ ਨੇ ਰੇਖ ਵਿੱਚ ਮੇਖ ਮਾਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਸੀ। ਜੇਕਰ ਦਲਿੱਤ ਪ੍ਰਧਾਨ ਦਿੱਤਾ ਜਾਂਦਾ ਤਾਂ ਜਿਸ ਤਰ੍ਹਾਂ ਸ਼੍ਰੋਮਣੀ ਕਮੇਟੀ ਦਾ ਇੱਕ ਔਰਤ ਨੂੰ ਪ੍ਰਧਾਨ ਬਣਾਉਣ ਦਾ ਸਿਹਰਾ ਬਾਦਲ ਪਰਿਵਾਰ ਨੂੰ ਜਾਂਦਾ ਹੈ ਉਸੇ ਤਰ੍ਹਾਂ ਇਹ ਸਿਹਰਾ ਵੀ ਬਾਦਲ ਪਰਿਵਾਰ ਨੂੰ ਜਾਂਦਾ ਕਿ ਉਹਨਾਂ ਨੇ ਬਰਾਦਰੀਵਾਦ ਤੋ ਉਪਰ ਉਠ ਕੇ ਜਾਤ ਪਾਤ ਨੂੰ ਗੁਰੂ ਘਰ ਵਿੱਚੋ ਖਤਮ ਕਰਨ ਦਾ ਉਪਰਾਲਾ ਕੀਤਾ ਹੈ। ਇੰਜ ਇਸ ਵਾਰੀ ਵਧੇਰੇ ਕਰਕੇ ਉਹਨਾਂ ਲੋਕਾਂ ਨੂੰ ਸੇਵਾ ਦਾ ਮੌਕਾ ਦਿੱਤਾ ਗਿਆ ਹੈ ਜਿਹੜੇ ਕਿਸੇ ਵੇਲੇ ਬਾਦਲ ਵਿਰੋਧੀ ਹੁੰਦੇ ਸਨ ਤੇ ਉਹਨਾਂ ਨੂੰ ਆਪਣੀ ਵਫਾਦਾਰੀ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ ਹੈ।

Total Views: 26 ,
Real Estate