ਦੋ ਜ਼ਿਲ੍ਹਿਆਂ ਨੂੰ ਸੜਕੀ ਰਸਤੇ ਜੋੜਨ ਵਾਲੇ ਗੋਲੇਵਾਲਾ ਡਰੇਨ ਦੇ ਟੁੱਟੇ ਹੋਏ ਪੁਲ ਨੇ ਵਿਕਾਸ ‘ਤੇ ਲਾਇਆ ਪ੍ਰਸ਼ਨ ਚਿੰਨ੍ਹ

ਸ੍ਰੀ ਮੁਕਤਸਰ ਸਾਹਿਬ 29 ਨਵੰਬਰ ( ਕੁਲਦੀਪ ਸਿੰਘ ਘੁਮਾਣ ) ਇੱਥੋਂ ਨੇੜਲੇ ਪਿੰਡ ਸਿਵਪੁਰਾ ਕੁੱਕਰੀਆਂ ਤੋਂ ਪਿੰਡਾਂ ਵਿੱਚ ਦੀ ਗੁਰੂ ਹਰਸਹਾਏ ਨੂੰ ਜਾਂਦੀ ਹੋਈ ਲਿੰਕ ਸੜਕ ਵਿਚਕਾਰ ਲੰਘਦੀ ਗੋਲੇਵਾਲਾ ਡਰੇਨ ਉੱਪਰ ਬੁਰਜੀ ਨੰਬਰ 32700 ਦਾ ਪੁਲ , 2013 ਦੀਆਂ ਭਾਰੀ ਬਰਸਾਤਾਂ ਦੌਰਾਨ ਟੁੱਟ ਗਿਆ ਸੀ । ਜਿਸਦੀ ਅਜੇ ਤੱਕ ਕੋਈ ਸਾਰ ਲੈਣ ਵਾਲਾ ਨਹੀਂ ਬਹੁੜਿਆ। ਜ਼ਿਕਰਯੋਗ ਹੈ ਕਿ ਇਸ ਸੇਮਨਾਲੇ ਉੱਪਰ ਦੀ ਜ਼ਿਲ੍ਹਾ ਮੁਕਤਸਰ ਸਾਹਿਬ ਅਤੇ ਹੋਰਨਾਂ ਪਾਸਿਆਂ ਦੇ ਰਾਹੀ ਪਾਂਧੀ ਲੰਘ ਕੇ , ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬੇ ਗੁਰੂ ਹਰਸਹਾਏ ਨੂੰ ਆਉਂਦੇ ਜਾਂਦੇ ਹਨ। ਜੋ ਲੰਬੇ ਸਮੇਂ ਤੋਂ ਖੱਜਲ ਖੁਆਰ ਹੋ ਰਹੇ ਹਨ। ਇਸ ਸੇਮਨਾਲੇ ਵਿਚਕਾਰ ਦੀ ਮਿੱਟੀ ਪਾ ਕੇ 2013 ਤੋਂ ਲੈ ਕੇ ਹੀ, ਆਰਜ਼ੀ ਤੌਰ’ਤੇ ਰਸਤਾ ਚਾਲੂ ਕੀਤਾ ਜਾਂਦਾ ਹੈ ਜੋ ਬਰਸਾਤਾਂ ਦੇ ਦਿਨਾਂ ਵਿੱਚ ਹਰ ਸਾਲ ਹੀ ਰੁੜ੍ਹ ਜਾਂਦਾ ਹੈ। ਆਲੇ ਦੁਆਲੇ ਦੇ ਪਿੰਡਾਂ ਦੇ ਲੋਕ , ਬਰਸਾਤਾਂ ਦੇ ਦਿਨਾਂ ਵਿੱਚ ਇੱਧਰ ਦੀ ਆਵਾਜਾਈ ਬੰਦ ਹੋਣ ਕਰਕੇ ਦੂਸਰਿਆਂ ਰਸਤਿਆਂ ਰਾਹੀਂ ਕੲੀ ਕੲੀ ਕਿਲੋਮੀਟਰ ਘੁੰਮ ਕੇ ਆਉਂਣ ਲੲੀ ਮਜ਼ਬੂਰ ਹੁੰਦੇ ਹਨ। ਪਿੰਡ ਦੇ ਲੋਕ ਬਰਸਾਤਾਂ ਦੇ ਦਿਨਾਂ ਵਿੱਚ ਹਰ ਸਾਲ ਹੀ ਇਹ ਆਰਜ਼ੀ ਰਸਤਾ ਰੁੜ੍ਹ ਜਾਣ ਕਰਕੇ , ਪੁਲੋਂ ਪਰਲੇ ਪਾਰ ਦੀਆਂ ਜ਼ਮੀਨਾਂ ਵਾਲੇ , ਪੱਠਾ ਦੱਥਾ ਲਿਆਉਂਣ ਤੋਂ ਵੀ ਆਰੀ ਹੋ ਜਾਂਦੇ ਹਨ। ਇੱਥੇ ਵੀ ਦੱਸਣਾ ਬਣਦਾ ਹੈ ਕਿ ਇਸ ਸੇਮਨਾਲੇ ਨੂੰ ਹੋਂਦ ਵਿੱਚ ਆਇਆਂ ਨੂੰ ਤਕਰੀਬਨ 52 ਸਾਲ ਦਾ ਸਮਾਂ ਹੋ ਗਿਆ ਹੈ। ਆਪਣੇ ਹੋਂਦ ਵਿੱਚ ਆਉਂਣ ਤੋਂ ਲੈ ਕੇ ਹੀ , ਇਸ ਸੇਮਨਾਲੇ ਉੱਪਰ ਕੰਕਰੀਟ ਦਾ ਪੁਲ ਨਹੀਂ ਬਣਿਆ ਹੋਇਆ ਅਤੇ ਆਰਜ਼ੀ ਤੌਰ’ਤੇ ਮਿੱਟੀ ਪਾ ਕੇ , ਕੱਚਾ ਹੀ ਪੁਲ ਬਣਿਆ ਹੋਇਆ ਸੀ ਜਦੋਂ ਕਿ ਉਸ ਵਕ਼ਤ ਸਿਵਪੁਰਾ ਕੁੱਕਰੀਆਂ ਤੋਂ ਲੈ ਕੇ ਗੁਰੂ ਹਰਸਹਾਏ ਤੱਕ, ਲਿੰਕ ਰੋਡ ਪੱਕੀ ਸੜਕ ਨਹੀਂ ਸੀ ਬਣੀ ਹੋਈ। ਉਨ੍ਹਾਂ ਵੇਲਿਆਂ ਵਿੱਚ ਆਵਾਜਾਈ ਦੇ ਸਾਧਨ ਘੱਟ ਹੋਣ ਕਾਰਨ , ਇੱਧਰ ਦੀ ਆਵਾਜਾਈ ਵੀ ਨਹੀਂ ਸੀ ਹੁੰਦੀ ਅਤੇ ਪਿੰਡਾਂ ਤੋਂ ਪਿੰਡਾਂ ਨੂੰ ਜੋੜਨ ਲਈ ਕੱਚੇ ਰਸਤੇ ਹੁੰਦੇ ਸਨ। ਜਦੋਂ ਤੋਂ ਆਵਾਜਾਈ ਦੇ ਸਾਧਨਾਂ ਦੀ ਆਮਦ ਵਧੀ ਅਤੇ ਇੱਧਰ ਦੀ ਆਵਾਜਾਈ ਬਹਾਲ ਕਰਨ ਦੀ ਲੋੜ ਮਹਿਸੂਸ ਹੋਈ ਤਾਂ ਉਸ ਵਕਤ ਇੱਕ ਲਿੰਕ ਸੜਕ ਹੋਂਦ ਵਿੱਚ ਆਈ। ਜੋ ਲੁਬਾਣਿਆਂ ਵਾਲੀ ਤੋਂ ਸ਼ੁਰੂ ਹੋ ਕੇ ਕਾਨਿਆਂ ਵਾਲੀ , ਸਿਵਪੁਰਾ ਕੁੱਕਰੀਆਂ , ਲੈਪੋ , ਗਹਿਰੀ ਹੁੰਦੀ ਹੋਈ ਗੁਰੂ ਹਰਸਹਾਏ ਨੂੰ ਜਾਂਦੀ ਸੀ। ਜਿਸ ਨਾਲ ਆਵਾਜਾਈ਼ ਤਾਂ ਜ਼ਰੂਰ ਬਹਾਲ ਹੋਈ ਪਰ ਕੱਚਾ ਪੁਲ ਹੋਣ ਦੇ ਬਾਵਜੂਦ ਵੀ ,ਕੰਮ ਚੱਲਦਾ ਹੋਣ ਕਰਕੇ , ਇਸ ਪੁਲ ਨੂੰ ਪੱਕਾ ਬਣਾਉਂਣ ਦੀ , ਨਾਂ ਹੀ ਕਦੇ ਸਰਕਾਰ ਨੇ ਲੋੜ ਸਮਝੀ ਅਤੇ ਨਾ ਹੀ ਲੋਕਾਂ ਵੱਲੋਂ ਇਸ ਪੁਲ ਨੂੰ ਪੱਕਾ ਬਣਾਉਂਣ ਦੀ ਮੰਗ ਹੀ ਕੀਤੀ ਗਈ। ਹੁਣ ਜਦੋਂ ਕਿ ਪੁਲ ਟੁੱਟੇ ਹੋਏ ਨੂੰ ਵੀ ਛੇ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਲੋਕਾਂ ਵੱਲੋਂ ਵੀ ਇਸ ਪੁਲ ਨੂੰ ਪੱਕਾ ਬਣਾਉਂਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕੀ ਅਤੇ ਨਾ ਹੀ ਸਬੰਧਤ ਵਿਭਾਗ ਵੱਲੋਂ ਫੰਡ ਜੁਟਾਉਂਣ ਲਈ ਕੋਈ ਉਚੇਚਾ ਉਪਰਾਲਾ ਕੀਤਾ ਗਿਆ ਹੈ। ਹਰ ਵਾਰ ਪੁੱਛਣ ਤੇ ਸਬੰਧਿਤ ਅਧਿਕਾਰੀਆਂ ਦਾ ਕਹਿਣਾ ਹੁੰਦਾ ਹੈ ਕਿ ਅਸੀਂ ਤਾਂ ਕੲੀ ਵਾਰ ਐਸਟੀਮੇਟ ਬਣਾ ਕੇ ਭੇਜ ਚੁੱਕੇ ਹਾਂ ਪਰ ਫੰਡਾਂ ਦੀ ਘਾਟ ਕਾਰਨ , ਪੈਸੇ ਦੀ ਮਨਜ਼ੂਰੀ ਨਹੀਂ ਮਿਲੀ ।

Total Views: 40 ,
Real Estate