ਕਰਤਾਰਪੁਰ ਲਾਂਘਾ : ਅਕਾਲੀ-ਕਾਂਗਰਸੀਆਂ ‘ਚ ਇੱਕ ਦੂਜੇ ਤੋਂ ਮੂਹਰੇ ਆਉਣ ਦੀ ਲੱਗੀ ਹੋੜ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੀ 9 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਰੋਹਾਂ ਵਿੱਚ ਭਾਗ ਲੈਣ ਲਈ ਪੰਜਾਬ ਆਉਣਗੇ।ਉਸ ਦਿਨ ਉਹ ਪਹਿਲਾਂ ਸੁਲਤਾਨਪੁਰੀ ਲੋਧੀ ਤੇ ਫਿਰ ਡੇਰਾ ਬਾਬਾ ਨਾਨਕ ਜਾਣਗੇ। ਇਨ੍ਹਾਂ ਦੋਵੇਂ ਥਾਵਾਂ ਉੱਤੇ ਉਸ ਦਿਨ ਵਿਸ਼ੇਸ਼ ਸਮਾਰੋਹ ਰੱਖੇ ਗਏ ਹਨ।ਇਸ ਤੋਂ ਇਲਾਵਾ ਮੋਦੀ ਉਸੇ ਦਿਨ ਗੁਰਦਾਸਪੁਰ ਜ਼ਿਲ੍ਹੇ ’ਚ ਡੇਰਾ ਬਾਬਾ ਨਾਨਕ ਵਿਖੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਵਿਖੇ ਜਾਣ ਵਾਲੇ ਸ਼ਰਧਾਲੂਆਂ ਦੇ ਪਹਿਲੇ ਜੱਥੇ ਨੂੰ ਝੰਡੀ ਵਿਖਾ ਕੇ ਰਵਾਨਾ ਕਰਨਗੇ। ਇਹ ਉਹੀ ਸ਼ਰਧਾਲੂ ਹੋਣਗੇ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਜਿਸਟਰਡ ਕੀਤੇ ਗਏ ਹੋਣਗੇ।ਇਹ ਜਾਣਕਾਰੀ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਇੱਕ ਟਵੀਟ ਰਾਹੀਂ ਦਿੱਤੀ ਹੈ।
ਦੂਜੇ ਪਾਸੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ 9 ਨਵੰਬਰ ਨੂੰ ਕਰਤਾਪੁਰ ਲਾਂਘੇ ਦੇ ਖੁੱਲ੍ਹਣ ਵਾਲੇ ਦਿਨ ਜਾਣ ਵਾਲੇ ਸਰਬ ਪਾਰਟੀ ਵਫਦ ਦੀ ਅਗਵਾਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਇਹ ਐਲਾਨ ਮੁੱਖ ਮੰਤਰੀ ਵੱਲੋਂ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ ਮੌਕੇ ਕੀਤਾ ਗਿਆ ਹੈ।

Total Views: 543 ,
Real Estate