ਕੇਂਦਰ ਦੀ ਮੋਦੀ ਸਰਕਾਰ ਤੋਂ ਧਰਮ ਨਿਰਪੱਖਤਾ ਤੇ ਲੋਕਤੰਤਰ ਲਈ ਭਾਰੀ ਖਤਰਾ- ਕਾ: ਸੇਖੋਂ

ਬਠਿੰਡਾ/ 31 ਜੁਲਾਈ/ ਬਲਵਿੰਦਰ ਸਿੰਘ ਭੁੱਲਰ

ਕੇਂਦਰ ਦੀ ਮੋਦੀ ਸਰਕਾਰ ਫਿਰਕਾ ਪ੍ਰਸਤੀ ਨੂੰ ਸ਼ਹਿ ਦੇ ਰਹੀ ਹੈ, ਜਿਸਤੋਂ ਧਰਮ ਨਿਰਪੱਖਤਾ ਤੇ ਲੋਕਤੰਤਰ ਨੂੰ ਭਾਰੀ ਖਤਰਾ ਪੈਦਾ ਹੋ ਗਿਆ ਹੈ ਅਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਤੋਂ ਮੁਨਕਰ ਹੋ ਗਈ ਹੈ, ਜਿਸ ਕਰਕੇ ਉਸਤੋਂ ਲੋਕਾਂ ਦਾ ਵਿਸਵਾਸ ਉਠ ਗਿਆ ਹੈ। ਇਹ ਵਿਚਾਰ ਸੀ ਪੀ ਆਈ ਐ¤ਮ ਦੇ ਸੁਬਾਈ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਸਥਾਨਕ ਪਾਰਟੀ ਦਫ਼ਤਰ ਵਿਖੇ ਪਾਰਟੀ ਦੀ ਜਿਲ੍ਹਾ
ਇਕਾਈ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਕਾ: ਸੇਖੋਂ ਨੇ ਦੋਸ਼ ਲਾਇਆ ਕਿ ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇਸ਼ ਵਿੱਚ ਫਿਰਕਾ ਪ੍ਰਸਤੀ ਨੂੰ ਸ਼ਹਿ ਦੇ ਰਹੀ ਹੈ। ਧਰਮ ਨਿਰਪੱਖ ਅਤੇ ਲੋਕਤੰਤਰ ਦੇਸ ਭਾਰਤ ਵਿੱਚ ਗਊ ਹੱਤਿਆ ਕਰਨ ਦੇ ਨਾਂ ਹੇਠ ਭੀੜਾਂ ਵੱਲੋਂ ਘੱਟ ਗਿਣਤੀਆਂ ਤੇ ਹਮਲੇ ਕੀਤੇ ਜਾ ਰਹੇ ਹਨ ਅਤੇ ਕਤਲ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਰੋਕਣੀਆਂ ਕੇਂਦਰ ਸਰਕਾਰ ਦੀ ਜੁਮੇਵਾਰੀ ਬਣਦੀ ਹੈ, ਪਰ ਮੋਦੀ ਸਰਕਾਰ ਇਹ ਜੁਮੇਵਾਰੀ ਨਹੀਂ ਨਿਭਾ ਰਹੀ। ਉਹਨਾਂ ਕਿਹਾ ਕਿ ਦੇਸ ਦੀ ਸਰਵ ਉੱਚ ਅਦਾਲਤ ਵੱਲੋਂ ਵੀ ਅਜਿਹੀਆਂ ਘਟਨਾਵਾਂ ਰੋਕਣ ਲਈ ਆਪਣਾ ਪ੍ਰਤੀਕਰਮ ਜਾਹਰ ਕੀਤਾ ਗਿਆ ਹੈ, ਇਸਦੇ ਬਾਵਜੂਦ ਵੀ ਕੇਂਦਰ ਸਰਕਾਰ ਕੋਈ ਠੋਸ ਨੀਤੀ ਤਹਿ ਕਰਨ ਅਤੇ ਕਾਨੂੰਨ ਬਣਾਉਣ ਤੋਂ ਭੱਜ ਰਹੀ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਇਹ ਨੀਤੀ ਦੇਸ਼ ਦੀ ਧਰਮ ਨਿਰਪੱਖਤਾ ਅਤੇ ਲੋਕਤੰਤਰ ਲਈ ਖਤਰਾ ਪੈਦਾ ਕਰ ਰਹੀ ਹੈ।
ਕਾ: ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਮਜਦੂਰ ਵਿਰੋਧੀ ਵੀ ਸਾਬਤ ਹੋ ਰਹੀ ਹੈ, ਉਸਨੇ ਦੁਨੀਆਂ ਦੀ ਸਭ ਤੋਂ ਵੱਡੀ ਮਜਦੂਰ ਹਿਤ ਦੀ ਯੋਜਨਾ ਮਗਨਰੇਗਾ ਨੂੰ ਖਤਮ ਕਰਨ ਵੱਲ ਕਦਮ ਵਧਾਉਣੇ ਸੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਇਸ ਯੋਜਨਾ ਤਹਿਤ ਗਰੀਬ ਲੋਕਾਂ ਨੂੰ ਸੌ ਦਿਨ ਮਜਦੂਰੀ ਦੀ ਗਾਰੰਟੀ ਦਿੱਤੀ ਗਈ ਸੀ, ਜਿਸ ਸਦਕਾ ਮਜਦੂਰਾਂ ਦੀ ਉਜਰਤ ਵਿੱਚ ਕੁੱਝ ਵਾਧਾ ਹੋਇਆ ਅਤੇ ਉਹਨਾਂ ਦੀ ਖ਼ਰੀਦ ਸਕਤੀ ਤੇ ਹਾਂ ਪੱਖੀ ਪ੍ਰਭਾਵ ਪਿਆ। ਪਰ ਹੁਣ ਕੇਂਦਰ ਸਰਕਾਰ
ਦੀ ਮਜਦੂਰ ਵਿਰੋਧੀ ਨੀਤੀ ਦਾ ਉਸ ਸਮੇਂ ਪਰਦਾਫਾਸ਼ ਹੋ ਗਿਆ ਜਦ ਕੇਂਦਰੀ ਦਿਹਾਤੀ ਵਿਕਾਸ ਮੰਤਰੀ ਨੇ ਕਹਿ ਦਿੱਤਾ ਕਿ ਕੇਂਦਰ ਸਰਕਾਰ ਲੰਬੇ ਸਮੇਂ ਤੱਕ ਮਗਨਰੇਗਾ ਯੋਜਨਾ ਨੂੰ ਜਾਰੀ ਰੱਖਣ ਦੇ ਪੱਖ ਵਿੱਚ ਨਹੀਂ ਹੈ। ਕਾ: ਸੇਖੋਂ ਨੇ ਕਿਹਾ ਕਿ ਦੇਸ ਵਿੱਚ ਇਸ ਯੋਜਨਾ ਨੂੰ ਲਾਗੂ ਕਰਨ ਲਈ ਸੀ ਪੀ ਆਈ ਐੱਮ ਦੀ ਵੱਡੀ ਭੂਮਿਕਾ ਰਹੀ ਹੈ ਅਤੇ ਇਸਨੂੰ ਬੰਦ ਨਹੀਂ ਕਰਨ ਦਿੱਤਾ ਜਾਵੇਗਾ। ਲੋੜ ਪਈ ਤਾਂ ਇਸ ਮੁੱਦੇ ਤੇ ਦੇਸ ਵਿਆਪੀ ਵੱਡਾ ਅੰਦੋਲਨ ਸੁਰੂ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ ਜਾਵੇਗਾ।
ਸੁਬਾਈ ਸਕੱਤਰ ਕਾ: ਸੇਖੋਂ ਨੇ ਪੰਜਾਬ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸਰਕਾਰ ਤੋਂ ਵੀ ਰਾਜ ਦੇ ਲੋਕਾਂ ਦਾ ਵਿਸਵਾਸ ਉਠ ਗਿਆ ਹੈ, ਕਿਉਕਿ ਉਹ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਆਪਣੇ ਵਾਅਦਿਆਂ ਮੁਨਕਰ ਹੋ ਗਈ ਹੈ। ਰਾਜ ਸਰਕਾਰ ਹਰ ਕਿਸਮ ਦਾ ਕਰਜ਼ਾ ਮੁਆਫ਼ ਕਰਨ, ਘਰ ਘਰ ਰੁਜਗਾਰ ਦੇਣ ਅਤੇ ਕਿਸਾਨੀ ਦੀ ਹਾਲਤ ਸੁਧਾਰ ਕੇ ਖੁਦਕਸ਼ੀਆਂ ਰੋਕਣ ਦੇ ਵਾਅਦਿਆਂ ਤੋਂ ਭੱਜ ਗਈ ਹੈ। ਨਸ਼ਿਆਂ ਤੇ ਕਾਬੂ ਪਾਉਣ ਵਿੱਚ ਵੀ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਕੀਤੇ ਵਾਅਦੇ ਪੂਰੇ ਨਹੀਂ ਕਰ ਸਕਦੀ ਤਾਂ ਉਸਨੂੰ ਸੱਤ੍ਹਾ ਤੋਂ ਲਾਂਭੇ ਚੋ ਜਾਣਾ ਚਾਹੀਦਾ ਹੈ।
ਕਾ: ਸੇਖੋਂ ਨੇ ਪੰਜਾਬ ਦੀਆਂ ਜੇਲ੍ਹਾਂ ਵਿਚਲੀ ਲਾਅ ਕਾਨੂੰਨ ਦੀ ਹਾਲਤ ਤੇ ਚਿੰਤਾ ਦਾ ਪ੍ਰਗਟਾਵਾ ਕਰਦਆਂ ਕਿਹਾ ਕਿ ਇਸ ਸਮੇਂ ਪੰਜਾਬ ਦੀਆਂ ਜੇਲ੍ਹਾਂ ਦੀ ਹਾਲਤ ਬਾਹਰ ਨਾਲੋਂ ਵੀ ਬਦਤਰ ਹੋ ਚੁੱਕੀ ਹੈ। ਜੇਲ੍ਹਾਂ ਵਿੱਚ ਸਰੇਆਮ ਗੋਲੀਆਂ ਚੱਲਣ ਜਾਂ ਇੱਕ ਦੂਜੇ ਦੇ ਸਿਰ ਪਾੜ ਦੇਣ ਦੀਆਂ ਘਟਨਾਵਾਂ ਹੋ ਰਹੀਆਂ ਹਨ। ਜੇਲ੍ਹਾਂ ਵਿੱਚ ਇਨਸਾਨਾਂ ਨੂੰ ਮੌਤ ਦੇ ਮੂੰਹ ਵੱਲ ਧੱਕਣ ਵਾਲੇ ਚਿੱਟੇ ਸਮੇਤ ਹਰ ਪ੍ਰਕਾਰ ਦਾ ਨਸ਼ਾ ਸਪਲਾਈ ਹੋ ਰਿਹਾ ਹੈ। ਜੇਲ੍ਹਾਂ ਚੋਂ ਮੋਬਾਇਲ ਫੋਨ ਅਤੇ ਹੋਰ ਵਰਜਿਤ ਚੀਜਾਂ ਰੋਜਾਨਾਂ ਹੀ ਬਰਾਮਦ ਹੁੰਦੀਆਂ ਹਨ। ਇਹ ਸਭ ਕੁਝ ਸਾਹਮਣੇ ਆਉਣ ਦੇ ਬਾਵਜੂਦ ਘਟਨਾਵਾਂ ਵਿੱਚ ਠੱਲ੍ਹ ਪੈਣ ਦੀ ਬਜਾਏ ਵਾਧਾ ਹੋ ਰਿਹਾ ਹੈ, ਜੋ ਬਹੁਤ ਵੱਡੀ ਚਿੰਤਾ ਪ੍ਰਗਟ ਕਰਦਾ ਹੈ। ਕਾ: ਸੇਖੋਂ ਨੇ ਪਾਰਟੀ ਵਰਕਰਾਂ ਨੂੰ ਕੇਂਦਰ ਅਤੇ ਪੰਜਾਬ
ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਵਿਰੁੱਧ ਡਟਣ ਦਾ ਸੱਦਾ ਦਿੰਦਿਆਂ ਕਿਹਾ ਕਿ ਸੀ ਪੀ ਆਈ ਐ¤ਮ ਹਮੇਸਾਂ ਲੋਕਾਂ ਹਿਤਾਂ ਲਈ ਸੰਘਰਸ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ। ਉਹਨਾਂ ਕਿਹਾ ਕਿ ਲੋਕ ਹੱਕਾਂ ਦੀ ਪ੍ਰਾਪਤੀ ਲਈ ਪਾਰਟੀ ਦੀ ਮਜਬੂਤੀ ਬਹੁਤ ਜਰੂਰੀ ਹੈ, ਇਸ ਲਈ ਹਰ ਵਰਕਰ ਨੂੰ ਪਾਰਟੀ ਦੀ ਮਜਬੂਤੀ ਲਈ ਤਹਿ ਦਿਲੋਂ ਕੰਮ ਕਰਨਾ ਚਾਹੀਦਾ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਸਕੱਤਰ ਕਾ: ਗੁਰਦੇਵ ਸਿੰਘ ਬਾਂਡੀ ਨੇ ਪਾਰਟੀ ਦੇ ਹਰ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ੍ਰੀ ਮੇਘ ਨਾਥ ਸਰਮਾਂ, ਗੁਰਚਰਨ ਸਿੰਘ ਚੌਹਾਨ, ਰਾਮ ਚੰਦ, ਰਣਜੀਤ ਸਿੰਘ ਲਹਿਰਾ, ਕੁਲਜੀਤਪਾਲ ਸਿੰਘ ਭੁੱਲਰ, ਇੰਦਰਜੀਤ ਸਿੰਘ, ਹਰਦੇਵ ਸਿੰਘ ਜੰਡਾਂਵਾਲਾ, ਲਛਮਣ ਚੌਧਰੀ, ਵਿਸਰਾਮ ਸਿੰਘ, ਦਲਵਾਰਾ ਸਿੰਘ ਨਥਾਨਾ, ਕੁਲਵੰਤ ਕੌਰ ਆਦਿ ਵੀ ਹਾਜਰ ਸਨ।

Total Views: 55 ,
Real Estate