ਧਮਕੀਆਂ ਤੋ ਡਰਨ ਵਾਲੀ ਨਹੀਂ ਹਾਂ -ਮਨੀਸ਼ਾ ਗੁਲਾਟੀ : ਮਾਮਲਾ ਹਨੀ ਸਿੰਘ ਤੇ ਹੋਏੇ ਪਰਚੇ ਦਾ

ਫਿਲਮਾਂ ਵਾਂਗ ਹੀ ਗੀਤਾਂ ਲਈ ਵੀ ਸੈਂਸਰ ਬੋਰਡ ਬਣਾਇਆ ਜਾਵੇ

ਗਾਇਕ ਹਨੀ ਸਿੰਘ ਤੇ ਹੋਏ ਪਰਚੇ ਮਗਰੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਮਾਮਲੇ ਦੇ ਉਠਣ ਤੋਂ ਬਾਅਦ ਹਨੀ ਸਿੰਘ ਦੇ ਕੁਝ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ਅਤੇ ਫੋਨ ਉੱਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਗਾਲਾਂ ਕੱਢੀਆਂ ਜਾ ਰਹੀਆਂ ਜਿਸ ਬਾਰੇ ਮੈਂ ਪੰਜਾਬ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਅਜਿਹੀਆਂ ਧਮਕੀਆਂ ਤੋ ਡਰਨ ਵਾਲੀ ਨਹੀਂ ਹਾਂ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਪੰਜਾਬੀ ਗੀਤਾਂ ਵਿੱਚ ਦਿਨੋ-ਦਿਨ ਵੱਧ ਰਹੀ ਅਸ਼ਲੀਲਤਾ ਨੂੰ ਠੱਲ੍ਹ ਪਾਉਣ ਲਈ ਪੰਜਾਬ ਰਾਜ ਵਿੱਚ ਫਿਲਮਾਂ ਵਾਂਗ ਹੀ ਗੀਤਾਂ ਲਈ ਵੀ ਸੈਂਸਰ ਬੋਰਡ ਬਣਾਇਆ ਜਾਵੇ । ਉਨ੍ਹਾਂ ਕਿਹਾ ਕਿ ਹਨੀ ਸਿੰਘ ਵੱਲੋਂ ਗਾਇਆ ਗਿਆ ਗੀਤ ‘ਮੱਖਣਾਂ’ ਇੱਕ ਸ਼ਰਮਨਾਕ ਕਾਰਾ ਹੈ ਕਿ ਅੱਜਕਲ੍ਹ ਨੌਜਵਾਨ ਪ੍ਰੋਗਰਾਮਾਂ ਵਿੱਚ ਵੱਜ ਰਹੇ ਸੰਗੀਤ ਉੱਤੇ ਜਦੋਂ ਨੱਚ ਰਹੇ ਹੁੰਦੇ ਹਨ ਤਾਂ ਉਹ ਗੀਤ ਦੇ ਬੋਲਾਂ ਵੱਲ ਧਿਆਨ ਨਹੀਂ ਦਿੰਦੇ ਅਤੇ ਇਸ ਗੀਤ ਦੇ ਬੋਲਾਂ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ ਅਤੇ ਇਸ ਗੀਤ ਦੇ ਬੋਲਾਂ ਰਾਹੀਂ ਮਨੁੱਖ ਨੂੰ ਜਨਮ ਦੇਣ ਵਾਲੀ ਔਰਤ ਪ੍ਰਤੀ ਬਹੁਤ ਹੀ ਗੰਦੀਆਂ ਗੱਲਾਂ ਕਹੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਹ ਮਾਮਲਾ ਬਾਕੀ ਗਾਇਕਾਂ, ਗੀਤਕਾਰਾਂ ਅਤੇ ਪ੍ਰੋਡਿਊਸਰਾਂ ਲਈ ਸਬਕ ਹੋਵੇਗਾ। ਚੇਅਰਪਰਸਨ ਨੇ ਕਿਹਾ ਕਿ ਕਮਿਸ਼ਨ ਪੰਜਾਬ ਸਰਕਾਰ ਦੇ ਵਕੀਲਾਂ ਰਾਹੀਂ ਹਨੀ ਸਿੰਘ ਵੱਲੋਂ ਇਸ ਮਾਮਲੇ ਸਬੰਧੀ ਲਗਾਈ ਜਾ ਰਹੀ ਬੇਲ ਅਰਜ਼ੀ ਨੂੰ ਖਾਰਜ ਕਰਵਾਉਣ ਲਈ ਵੀ ਯਤਨ ਕੀਤਾ ਜਾਵੇਗਾ।

Total Views: 290 ,
Real Estate